Wed,Jun 03,2020 | 08:51:42pm
HEADLINES:

India

ਚੋਣ ਕਮਿਸ਼ਨ ਨੇ ਕਿਹਾ-ਈਵੀਐੱਮ ਨੂੰ ਨਹੀਂ ਹਟਾਇਆ ਜਾਵੇਗਾ

ਚੋਣ ਕਮਿਸ਼ਨ ਨੇ ਕਿਹਾ-ਈਵੀਐੱਮ ਨੂੰ ਨਹੀਂ ਹਟਾਇਆ ਜਾਵੇਗਾ

ਕੇਂਦਰੀ ਚੋਣ ਕਮਿਸ਼ਨ ਨੇ ਰਾਜਨੀਤਕ ਪਾਰਟੀਆਂ ਨੂੰ ਸਾਫ-ਸਾਫ ਕਹਿ ਦਿੱਤਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਨਾ ਤਾਂ ਚੋਣ ਖਰਚ ਦੀ ਸੀਮਾ ਵਧਾਈ ਜਾਵੇਗੀ ਅਤੇ ਨਾ ਹੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐੱਮ) ਹਟਾਈ ਜਾਵੇਗੀ। ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਪਲਾਸਟਿਕ ਦੇ ਉਪਯੋਗ ਤੋਂ ਬਚਣ ਦੀ ਵੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਵਿਧਾਨਸਭਾ ਚੋਣਾਂ ਦੀ ਸਮੀਖਿਆ ਲਈ ਕੇਂਦਰੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ, ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਸੁਸ਼ੀਲ ਚੰਦਰਾ ਮਹਾਰਾਸ਼ਟਰ ਦੇ ਦੌਰੇ 'ਤੇ ਸਨ। 18 ਸਤੰਬਰ ਨੂੰ ਸਵੇਰੇ ਕਮਿਸ਼ਨ ਨੇ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਕੁਝ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਚੋਣ ਖਰਚ ਵਧਾਉਣ ਦੀ ਮੰਗ ਕੀਤੀ ਹੈ ਅਤੇ ਕੁਝ ਨੇ ਖਰਚ ਘੱਟ ਕਰਨ ਦੀ ਮੰਗ ਰੱਖੀ ਹੈ। ਕੁਝ ਨੇ ਈਵੀਐੱਮ ਬਾਰੇ ਤਾਂ ਕੁਝ ਨੇ ਵੋਟਿੰਗ ਲਿਸਟ ਵਿੱਚ ਜਾਅਲੀ ਲੋਕਾਂ ਦੇ ਨਾਂ ਸ਼ਾਮਲ ਕਰਨ ਦਾ ਮਾਮਲਾ ਚੁੱਕਿਆ। ਕੁਝ ਨੇ ਮੁੰਬਈ ਵਿੱਚ ਸਾਰੇ ਕਾਊਂਟਿੰਗ ਸੈਂਟਰ ਗਰਾਉਂਡ ਫਲੋਰ 'ਤੇ ਹੀ ਬਣਾਉਣ ਦੀ ਮੰਗ ਕੀਤੀ।

ਇਸ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਅਰੋੜਾ ਨੇ ਸਾਫ ਕੀਤਾ ਕਿ ਚੋਣ ਕਮਿਸ਼ਨ ਨਾ ਤਾਂ ਉਮੀਦਵਾਰਾਂ ਦੇ ਚੋਣ ਖਰਚ ਦੀ ਸੀਮਾ ਨੂੰ ਵਧਾਏਗਾ ਅਤੇ ਨਾ ਹੀ ਘੱਟ ਕਰੇਗਾ। ਜਿੱਥੇ ਤੱਕ ਈਵੀਐੱਮ ਦੀ ਗੱਲ ਹੈ ਤਾਂ ਉਸਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਸਹੀ ਪਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈਵੀਐੱਮ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ, ਇਸ ਲਈ ਇਸ ਮੁੱਦੇ ਨੂੰ ਹਵਾ ਦੇਣ ਦਾ ਕੋਈ ਮਤਲਬ ਨਹੀਂ ਹੈ।

ਇਸ ਤੋਂ ਪਹਿਲਾਂ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਮੁਖੀ ਰਾਜ ਠਾਕਰੇ ਨੇ ਈਵੀਐੱਮ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਚੋਣ ਕਮਿਸ਼ਨ ਨਾਲ ਈਵੀਐੱਮ ਮੁੱਦੇ 'ਤੇ ਮੁਲਾਕਾਤ ਕਰਕੇ ਈਵੀਐੱਮ ਦੀ ਜਗ੍ਹਾ ਬੈਲੇਟ ਪੇਪਰ ਨਾਲ ਚੋਣਾਂ ਕਰਾਉਣ ਦੀ ਗੱਲ ਕਹੀ ਸੀ।

ਜ਼ਿਕਰਯੋਗ ਹੈ ਕਿ 2019 ਦੀਆਂ ਲੋਕਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਈਵੀਐੱਮ 'ਚ ਹੇਰਾਫੇਰੀ ਕਰਕੇ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2017 ਦੀਆਂ ਯੂਪੀ ਵਿਧਾਨਸਭਾ ਚੋਣਾਂ ਦੌਰਾਨ ਵੀ ਈਵੀਐੱਮ 'ਚ ਹੇਰਾਫੇਰੀ ਦੋਸ਼ ਲਗਾਏ ਸਨ।

ਬਸਪਾ, ਸਪਾ, ਆਰਜੇਡੀ, ਤ੍ਰਿਣਮੂਲ ਕਾਂਗਰਸ, ਐੱਨਸੀਪੀ, ਕਾਂਗਰਸ, ਨੈਸ਼ਨਲ ਕਾਨਫਰੰਸ, ਮਨਸੇ ਸਮੇਤ ਵਿਰੋਧੀ ਧਿਰ ਦੀਆਂ ਪਾਰਟੀਆਂ ਲਗਾਤਾਰ ਈਵੀਐੱਮ 'ਤੇ ਸਵਾਲ ਖੜੇ ਕਰ ਰਹੀਆਂ ਹਨ ਤੇ ਚੋਣਾਂ ਬੈਲੇਟ ਪੇਪਰ ਰਾਹੀਂ ਕਰਾਉਣ ਦੀ ਮੰਗ ਕਰ ਰਹੀਆਂ ਹਨ। ਹਾਲਾਂਕਿ ਇਨ੍ਹਾਂ ਦੇ ਵਿਰੋਧ ਦੇ ਬਾਵਜੂਦ ਚੋਣ ਕਮਿਸ਼ਨ ਈਵੀਐੱਮ ਹਟਾ ਕੇ ਬੈਲੇਟ ਪੇਪਰ ਰਾਹੀਂ ਚੋਣਾਂ ਕਰਾਉਣ ਦੇ ਪੱਖ 'ਚ ਦਿਖਾਈ ਨਹੀਂ ਦੇ ਰਿਹਾ ਹੈ।

Comments

Leave a Reply