Thu,Aug 22,2019 | 09:29:45am
HEADLINES:

India

ਦਲਿਤ ਕਤਲਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ਾਂ 'ਚ ਘਿਰੇ ਨੇਤਾ ਨੂੰ ਕਾਂਗਰਸ ਨੇ ਦਿੱਤੀ ਟਿਕਟ

ਦਲਿਤ ਕਤਲਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ਾਂ 'ਚ ਘਿਰੇ ਨੇਤਾ ਨੂੰ ਕਾਂਗਰਸ ਨੇ ਦਿੱਤੀ ਟਿਕਟ

ਦਲਿਤ ਸੰਗਠਨਾਂ ਨੇ ਖੈਰਲਾਂਜੀ ਕਤਲ ਕਾਂਡ ਦੇ ਦੋਸ਼ੀਆਂ ਦਾ ਸਾਥ ਦੇਣ ਵਾਲੇ ਤੇ ਨਾਗਪੁਰ ਸੀਟ ਤੋਂ ਭਾਜਪਾ ਦੇ ਐੱਮਪੀ ਰਹੇ ਨਾਨਾ ਪਟੋਲੇ ਨੂੰ ਨਿਤਿਨ ਗਡਕਰੀ ਵਿਰੁੱਧ ਚੋਣਾਂ 'ਚ ਖੜ੍ਹੇ ਕਰਨ ਦੀ ਕਾਂਗਰਸ ਦੇ ਕਦਮ ਦਾ ਵਿਰੋਧ ਕੀਤਾ ਹੈ। ਪਟੋਲੇ, ਜਿਨ੍ਹਾਂ ਨੇ ਇੱਕ ਸਾਲ ਪਹਿਲਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ, ਨੂੰ ਕਾਂਗਰਸ ਨੇ ਨਾਗਪੁਰ ਲੋਕਸਭਾ ਸੀਟ ਤੋਂ ਉਮੀਦਵਾਰ ਬਣਾ ਦਿੱਤਾ ਹੈ। ਦਲਿਤਾਂ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਵੱਲੋਂ ਨਾਨਾ ਨੂੰ ਲੋਕਸਭਾ ਚੋਣਾਂ ਲਈ ਪਾਰਟੀ ਦੀ ਟਿਕਟ ਦੇ ਦਿੱਤੀ ਗਈ ਹੈ। 

ਦ ਹਫਿੰਗਟਨ ਪੋਸਟ ਦੀ ਖਬਰ ਮੁਤਾਬਕ, ਦਲਿਤ ਐਕਟੀਵਿਸਟ ਦਾ ਕਹਿਣਾ ਹੈ ਕਿ ਨਾਨਾ ਪਟੋਲੇ ਨੇ 2006 'ਚ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਖੈਰਲਾਂਜੀ ਪਿੰਡ ਦੇ ਇੱਕੋ ਪਰਿਵਾਰ ਦੇ ਚਾਰ ਦਲਿਤ ਮੈਂਬਰਾਂ ਦੇ ਕਤਲ ਦੇ ਦੋਸ਼ੀਆਂ ਦਾ ਸ਼ਰੇਆਮ ਸਾਥ ਦਿੱਤਾ ਸੀ। ਇੱਕ ਦਲਿਤ ਐਕਟੀਵਿਸਟ ਨੇ ਦੱਸਿਆ ਕਿ ਨਾਨਾ ਪਟੋਲੇ ਦੀ ਉਮੀਦਵਾਦੀ ਨੂੰ ਲੈ ਕੇ ਨਾਗਪੁਰ ਦੇ ਲੋਕਾਂ, ਖਾਸ ਤੌਰ 'ਤੇ ਦਲਿਤਾਂ 'ਚ ਇੱਕ ਅਸਹਿਜਤਾ ਪੈਦਾ ਹੋ ਗਈ ਹੈ। 

ਇਸਦੇ ਪਿੱਛੇ ਖੈਰਲਾਂਜੀ ਪਿੰਡ ਦੇ ਦਲਿਤ ਭੁਟਮੰਗੇ ਪਰਿਵਾਰ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਦੋਸ਼ੀਆਂ ਨੂੰ ਬਚਾਉਣ 'ਚ ਨਾਨਾ ਦੁਆਰਾ ਨਿਭਾਈ ਗਈ ਭੂਮਿਕਾ ਹੈ। 

ਖਬਰ ਮੁਤਾਬਕ, ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਪੀਐੱਚਡੀ ਦੇ ਵਿਦਿਆਰਥੀ ਤੇ ਦਲਿਤ ਐਕਟੀਵਿਸਟ ਨੇ ਕਿਹਾ ਕਿ ਕਾਂਗਰਸ ਵੱਲੋਂ ਨਾਨਾ ਪਟੋਲੇ ਨੂੰ ਉਮੀਦਵਾਰ ਬਣਾਏ ਜਾਣ ਨਾਲ ਨਾਗਪੁਰ ਜਾਤੀਵਾਦੀ ਟੈਂਸ਼ਨ ਦਾ ਗਵਾਹ ਬਣੇਗਾ। 

ਦਲਿਤ ਐਕਟੀਵਿਸਟ ਨੇ ਇਸਦੇ ਨਾਲ ਹੀ ਖੈਰਲਾਂਜੀ ਪਿੰਡ 'ਚ ਦਲਿਤਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੀ ਘਟਨਾ 'ਚ ਨਿਭਾਈ ਗਈ ਭੂਮਿਕਾ ਲਈ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਅੰਬੇਡਕਰਵਾਦੀ ਗਰੁੱਪਾਂ ਨੇ 13 ਮਾਰਚ ਨੂੰ ਨਾਗਪੁਰ 'ਚ ਇੱਕ ਮੀਟਿੰਗ ਸੱਦੀ ਸੀ, ਜਿਸ 'ਚ ਉਨ੍ਹਾਂ ਨੇ ਇੱਕ ਮਤਾ ਪਾਸ ਕੀਤਾ ਕਿ ਜੇਕਰ ਕਾਂਗਰਸ ਨੇ ਨਾਨਾ ਪਟੋਲੇ ਨੂੰ ਉਮੀਦਵਾਰ ਵਜੋਂ ਉਤਾਰਿਆ ਤਾਂ ਉਹ ਕਾਂਗਰਸ ਦਾ ਵਿਰੋਧ ਕਰਨਗੇ।

ਖਬਰ ਮੁਤਾਬਕ, ਇੱਕ ਹੋਰ ਦਲਿਤ ਐਕਟੀਵਿਸਟ ਤੇ ਨਾਗਪੁਰ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਪ੍ਰਦੀਪ ਆਗਲਾਵੇ ਨੇ ਮੀਡੀਆ ਨੂੰ ਦੱਸਿਆ ਕਿ ਪਟੋਲੇ ਦਾ ਰੋਲ ਦਲਿਤ ਵਿਰੋਧੀ ਸੀ ਤੇ ਇਸ ਭਿਆਨਕ ਕਤਲ ਕਾਂਡ ਕਾਰਨ ਹਰ ਇੱਕ ਗੁੱਸੇ 'ਚ ਸੀ। ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਾਨਾ ਪਟੋਲੇ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜੇਕਰ ਮੈਂ ਕਤਲ ਦੇ ਦੋਸ਼ੀਆਂ ਨੂੰ ਸੁਰੱਖਿਆ ਦਿੱਤੀ ਹੁੰਦੀ ਤਾਂ ਲੋਕਾਂ ਨੇ ਮੈਨੂੰ ਕਦੋਂ ਦਾ ਸਿਆਸਤ 'ਚੋਂ ਬਾਹਰ ਕਰ ਦਿੱਤਾ ਹੁੰਦਾ। 

ਜ਼ਿਕਰਯੋਗ ਹੈ ਕਿ 29 ਸਤੰਬਰ 2006 ਵਿੱਚ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਤਹਿਤ ਆਉਂਦੇ ਪਿੰਡ ਖੈਰਲਾਂਜੀ ਵਿੱਚ ਪ੍ਰਭਾਵਸ਼ਾਲੀ ਵਰਗ ਵੱਲੋਂ ਇੱਕ ਦਲਿਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਜ਼ਮੀਨ ਵਿਵਾਦ ਨੂੰ ਲੈ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। 
ਇਨ੍ਹਾਂ ਦੀ ਹੱਤਿਆ ਕਰਨ ਤੋਂ ਪਹਿਲਾਂ ਦਲਿਤ ਪਰਿਵਾਰ ਦੀ ਮਹਿਲਾ ਸੁਰੇਖਾ, ਉਸਦੀ ਬੇਟੀ ਪ੍ਰਿਅੰਕਾ ਤੇ ਦੋ ਬੇਟਿਆਂ ਨੂੰ ਨੰਗਾ ਕਰਕੇ ਪਿੰਡ ਵਿੱਚ ਘੁਮਾਇਆ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਚਾਰਾਂ ਦੀ ਹੱਤਿਆ ਕਰ ਦਿੱਤੀ ਗਈ।

ਉਦੋਂ ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਵਿੱਚ ਦਲਿਤਾਂ ਨੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਸਨ। ਇੱਥੇ ਤੱਕ ਕਿ ਇਹ ਮਾਮਲੇ ਪੂਰੇ ਦੇਸ਼ ਵਿੱਚ ਚਰਚਾ ਵਿੱਚ ਬਣਿਆ ਸੀ।

Comments

Leave a Reply