Fri,Dec 14,2018 | 04:53:45am
HEADLINES:

India

'ਦਲਿਤਾਂ ਨੂੰ ਹਾਸਲ ਕਰਨੇ ਚਾਹੀਦੇ ਨੇ ਵੱਡੇ ਟੀਚੇ'

'ਦਲਿਤਾਂ ਨੂੰ ਹਾਸਲ ਕਰਨੇ ਚਾਹੀਦੇ ਨੇ ਵੱਡੇ ਟੀਚੇ'

ਪ੍ਰਸਿੱਧ ਲੇਖਕ ਕਾਂਚਾ ਇਲੈਆ ਨੇ ਕਿਹਾ ਕਿ ਦਲਿਤਾਂ ਨੂੰ ਵੱਡੇ ਟੀਚੇ ਹਾਸਲ ਕਰਨੇ ਚਾਹੀਦੇ ਹਨ। ਪ੍ਰਸਿੱਧ ਲੇਖਕ ਤੇ ਬਹੁਜਨ ਚਿੰਤਕ ਕਾਂਚਾ ਇਲੈਆ ਨੇ ਛੋਟੀ ਜਾਤੀ ਦੇ ਲੋਕਾਂ ਨੂੰ ਆਪਣੇ ਜੀਵਨ 'ਚ ਵੱਡਾ ਟੀਚਾ ਹਾਸਲ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹੇਠਲੇ ਵਰਗ ਦੇ ਲੋਕਾਂ ਨੂੰ ਜ਼ਮੀਨ ਨਾਲ ਜੁੜੀਆਂ ਛੋਟੀਆਂ ਮੋਟੀਆਂ ਲੜਾਈਆਂ 'ਚ ਨਾ ਪੈ ਕੇ ਅਮਰੀਕਾ ਵਰਗੇ ਵੱਡੇ ਦੇਸ਼ ਦਾ ਨੇਤਾ ਬਣਨ ਵਰਗੇ ਟੀਚੇ ਹਾਸਲ ਕਰਨੇ ਚਾਹੀਦੇ ਹਨ।

ਅਨੁਸੂਚਿਤ ਜਾਤੀ ਤੇ ਪਿਛੜੇ ਵਰਗਾਂ ਦੇ ਹੱਕਾਂ 'ਚ ਆਵਾਜ਼ ਉਠਾਉਂਦੇ ਆ ਰਹੇ ਕਾਂਚਾ ਇਲੈਆ ਕੋਝੀਕੋਡ 'ਚ ਕਰਵਾਏ ਲਿਟਰੇਚਰ ਫੈਸਟੀਵਲ 'ਚ ਆਪਣੇ ਵਿਚਾਰ ਰੱਖ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਹੁਣ ਦਲਿਤਾਂ ਦੇ ਉਪਰ ਪਲਾਨਿੰਗ ਨਾਲ ਹਮਲਾ ਕੀਤਾ ਜਾਂਦਾ ਹੈ। ਇਥੇ ਦਲਿਤ ਹੋਣਾ ਹੁਣ ਪਹਿਲਾਂ ਵਾਂਗ ਨਹੀਂ ਹੈ, ਸਗੋਂ ਉਨ੍ਹਾਂ 'ਤੇ ਹੁਣ ਪੂਰੀ ਯੋਜਨਾ ਨਾਲ ਹਮਲਾ ਹੁੰਦਾ ਹੈ।

ਦਿ ਨਿਊਜ਼ ਮਿੰਟ ਦੇ ਮੁਤਾਬਕ ਇਲੈਆ ਨੇ ਕਿਹਾ, ਮੱੱਝ ਜ਼ਿਆਦਾ ਦੁੱੱਧ ਦਿੰਦੀ ਹੈ, ਪਰ ਫਿਰ ਵੀ ਉਸਨੂੰ ਪੂਜਿਆ ਨਹੀਂ ਜਾਂਦਾ, ਦਲਿਤਾਂ ਦੀ ਹਾਲਤ ਵੀ ਕੁਝ ਅਜਿਹੀ ਹੀ ਹੈ। ਦਲਿਤ ਜ਼ਿਆਦਾ ਕੰਮ ਕਰਦੇ ਹਨ। ਦਲਿਤਾਂ ਦਾ ਮਤਲਬ ਹੀ ਰਚਨਾਤਮਕਤਾ ਤੇ ਉਤਪਾਦਕਤਾ ਹੈ, ਪਰ ਉਨ੍ਹਾਂ ਨੂੰ ਮੰਦਰਾਂ ਦੇ ਅੰਦਰ ਵੜਨ ਦੀ ਇਜਾਜ਼ਤ ਨਹੀਂ। ਉਨ੍ਹਾਂ ਨੇ ਹੋਰ ਪੱਛੜੇ ਵਰਗਾਂ ਦੇ ਨਾਲ ਮਿਲ ਕੇ ਇਨ੍ਹਾਂ ਸਾਰਿਆਂ ਖਿਲਾਫ ਲੜਨਾ ਚਾਹੀਦਾ ਹੈ।

ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਇਸ ਦੇਸ਼ 'ਚ ਓਬੀਸੀ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਪਰ ਉਨ੍ਹਾਂ ਕੋਲ ਬਾਬਾ ਸਾਹਿਬ ਡਾ. ਭੀਮ ਰਾਓ ਵਰਗਾ ਕੋਈ ਦਾਰਸ਼ਨਿਕ ਨਹੀਂ ਹੈ।

ਕਾਂਚਾ ਇਲੈਆ ਨੇ ਅਨੁਸੂਚਿਤ ਜਾਤੀ, ਪਿਛੜੇ ਵਰਗਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਆਪਣਾ ਟੀਚਾ ਵੱਡਾ ਰੱਖਣ। ਇਸ ਤੋਂ ਇਲਾਵਾ ਉਨ੍ਹਾਂ ਨੇ ਦਲਿਤਾਂ ਨੂੰ ਸੜਕ ਨਿਰਮਾਣ ਤੇ ਸਾਫ਼ ਸਫ਼ਾਈ ਵਰਗਾ ਕੰਮ ਨਾ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ,'ਇਹ ਸਾਰੇ ਕੰਮ ਬ੍ਰਾਹਮਣ ਤੇ ਬਾਣੀਆ ਲੋਕਾਂ ਨੂੰ ਕਰਨ ਦਿਓ।' ਉਨ੍ਹਾਂ ਕਿਹਾ ਕਿ ਜੇਕਰ ਉਹ ਇਹ ਕੰਮ ਨਹੀਂ ਕਰਦੇ ਹਨ ਤਾਂ ਇਸਦਾ ਨਤੀਜਾ ਦੇਸ਼ ਨੂੰ ਭੁਗਤਣ ਦਿਓ। ਗੰਦਗੀ ਹੋਣ ਦਿਓ ਪੂਰੇ ਦੇਸ਼ 'ਚ। ਜੇਕਰ ਦਲਿਤ ਕਚਰਾ ਸਾਫ਼ ਨਹੀਂ ਕਰਨਗੇ ਤਾਂ ਸਵੱਛ ਭਾਰਤ ਕਿਵੇਂ ਬਣੇਗਾ?

ਕੇਰਲ 'ਚ ਦਲਿਤਾਂ ਦੇ ਇਲਾਵਾ ਹੋਰ ਕੋਈ ਵੀ ਜਾਤੀ ਦਾ ਵਿਅਕਤੀ ਕਚਰਾ ਨਹੀਂ ਚੁਕਦਾ। ਕੰਮ ਦਲਿਤ ਕਰ ਰਹੇ ਹਨ ਤੇ ਸੁਸਾਇਟੀ ਬ੍ਰਾਹਮਣਵਾਦ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਦੇਸ਼ 'ਚ ਭਾਜਪਾ ਦਾ ਰਾਜ ਹੈ, ਨਹੀਂ ਤਾਂ ਜਾਤੀ ਦੇ ਮੁੱਦੇ 'ਤੇ ਕਦੇ ਚਰਚਾ ਹੀ ਨਾ ਹੁੰਦੀ।  ਕਮਿਊਨਿਸਟ ਤੇ ਕਾਂਗਰਸ ਜਾਤੀ ਦੀ ਗੱਲ ਸਾਹਮਣੇ ਆਉਣ ਹੀ ਨਹੀਂ ਦਿੰਦੇ ਹਨ। ਧਰਮ ਨਿਰਪੱਖਤਾ ਦੇ ਨਾਂ 'ਤੇ ਉਹ ਧਰਮ ਦੇ ਮਾਮਲੇ 'ਚ ਚਰਚਾ ਕਰਨ ਤੋਂ ਬਚਦੇ ਹਨ।

Comments

Leave a Reply