Tue,Oct 20,2020 | 03:20:23am
HEADLINES:

India

'ਦਲਿਤਾਂ 'ਤੇ ਦਬਦਬਾ ਰੱਖਣ ਲਈ ਪ੍ਰਧਾਨ ਸਤਯਮੇਵ ਜਯਤੇ ਨੂੰ ਮਾਰ ਦਿੱਤਾ ਗਿਆ'

'ਦਲਿਤਾਂ 'ਤੇ ਦਬਦਬਾ ਰੱਖਣ ਲਈ ਪ੍ਰਧਾਨ ਸਤਯਮੇਵ ਜਯਤੇ ਨੂੰ ਮਾਰ ਦਿੱਤਾ ਗਿਆ'

ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਜ਼ਿਲ੍ਹੇ ਦੇ ਤਰਵਾਂ ਥਾਣਾ ਖੇਤਰ ਦੇ ਬਾਂਸ ਪਿੰਡ ਦੇ ਪ੍ਰਧਾਨ ਸਤਯਮੇਵ ਜਯਤੇ ਦੀ 14 ਅਗਸਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਨੁਸੂਚਿਤ ਜਾਤੀ (ਐੱਸਸੀ) ਵਰਗ ਨਾਲ ਸਬੰਧਤ ਪ੍ਰਧਾਨ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਿੰਡ ਦੇ ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਅਜਿਹਾ ਸੰਦੇਸ਼ ਦੇਣ ਲਈ ਇਹ ਕਤਲ ਕੀਤਾ, ਤਾਂ ਕਿ ਅੱਗੇ ਤੋਂ ਕੋਈ ਦਲਿਤ ਉਨ੍ਹਾਂ ਸਾਹਮਣੇ ਖੜਾ ਨਾ ਹੋ ਸਕੇ।

ਸਤਯਮੇਵ ਜਯਤੇ ਦੇ ਸਭ ਤੋਂ ਵੱਡੇ ਭਰਾ ਰਾਮ ਪ੍ਰਸਾਦ ਕਹਿੰਦੇ ਹਨ, ''ਮੇਰਾ ਭਰਾ ਬਹੁਤ ਸਿੱਧਾ ਸੀ, ਪਰ ਉਹ ਹਮੇਸ਼ਾ ਸੱਚ ਦੇ ਨਾਲ ਖੜਾ ਰਹਿਣ ਵਾਲਾ ਸੀ। ਅਨਿਆਂ ਅੱਗੇ ਝੁਕਦਾ ਨਹੀਂ ਸੀ। ਪਿਤਾ ਜੀ ਨੇ ਸ਼ਾਇਦ ਇਹੀ ਸੁਭਾਅ ਦੇਖ ਕੇ ਉਸਦਾ ਨਾਂ ਸਤਯਮੇਵ ਜਯਤੇ ਰੱਖਿਆ ਸੀ। ਉਸਨੇ ਸਾਰੀ ਜ਼ਿੰਦਗੀ ਸੱਚ ਦਾ ਸਾਥ ਦਿੱਤਾ। ਉਸ ਤੋਂ ਕੋਈ ਗਲਤ ਕੰਮ ਨਹੀਂ ਕਰਾ ਸਕਦਾ ਸੀ।''

ਰਾਮ ਪ੍ਰਸਾਦ ਅੱਗੇ ਕਹਿੰਦੇ ਹਨ, ''ਮੈਂ ਰੋਜ਼ਾਨਾ ਰਾਤ ਨੂੰ ਫੋਨ ਕਰਕੇ ਉਸਦਾ ਹਾਲਚਾਲ ਪੁੱਛਦਾ ਸੀ। ਉਸਦੀ ਹੱਤਿਆ ਦੇ ਇੱਕ ਦਿਨ ਪਹਿਲਾਂ 13 ਅਗਸਤ ਦੀ ਰਾਤ ਮੈਂ ਉਸਨੂੰ ਫੋਨ ਕੀਤਾ ਸੀ। ਮੈਨੂੰ ਉਹ ਕੁਝ ਪਰੇਸ਼ਾਨ ਲੱਗਿਆ, ਪੁੱਛਿਆ ਕਿ ਸਿਹਤ ਤਾਂ ਖਰਾਬ ਨਹੀਂ ਹੈ? ਉਹ ਕਹਿੰਦਾ ਕਿ ਸਭ ਠੀਕ ਹੈ। ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਨਹੀਂ ਕਰਦਾ ਸੀ।''

ਰਾਮ ਪ੍ਰਸਾਦ ਕਹਿੰਦੇ ਹਨ, ''24 ਘੰਟੇ ਵੀ ਨਹੀਂ ਬੀਤੇ ਕਿ ਮੇਰੇ ਕੋਲ ਖਬਰ ਆਈ ਕਿ ਪ੍ਰਧਾਨ ਜੀ ਨੂੰ ਮਾਰ ਦਿੱਤਾ ਗਿਆ। ਸਤਯਮੇਵ ਜਯਤੇ ਨੇ ਪਿੰਡ ਦੇ ਇੱਕ ਅਪਰਾਧੀ ਨੂੰ ਕੈਰੇਕਟਰ ਸਰਟੀਫਿਕੇਟ ਤੇ ਰੈਸੀਡੈਂਟ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸਦੀ ਹੱਤਿਆ ਦਲਿਤਾਂ 'ਤੇ ਦਬਦਬਾ ਸਥਾਪਿਤ ਕਰਨ ਲਈ ਕੀਤੀ ਗਈ ਹੈ ਅਤੇ ਨਾਲ ਹੀ ਸੰਦੇਸ਼ ਦੇਣ ਲਈ ਕਿ ਅੱਗੇ ਤੋਂ ਕੋਈ ਦਲੇਰੀ ਨਾਲ ਖੜਾ ਨਾ ਹੋ ਸਕੇ।''

62 ਸਾਲ ਦੇ ਰਾਮ ਪ੍ਰਸਾਦ ਆਰਮੀ 'ਚ ਹੌਲਦਾਰ ਸਨ। ਹੁਣ ਰਿਟਾਇਰ ਹੋ ਚੁੱਕੇ ਹਨ ਅਤੇ ਪਰਿਵਾਰ ਦੇ ਨਾਲ ਬਨਾਰਸ 'ਚ ਰਹਿੰਦੇ ਹਨ। ਦੇਸ਼ 'ਚ ਜਦੋਂ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉਦੋਂ ਬਾਂਸ ਪਿੰਡ ਦੇ ਪ੍ਰਧਾਨ ਸਤਯਮੇਵ ਜਯਤੇ ਉਰਫ ਪੱਪੂ ਨੂੰ ਪਿੰਡ ਦੇ ਸ੍ਰੀਕ੍ਰਿਸ਼ਣ ਕਾਲਜ ਦੇ ਪਿੱਛੇ ਗੋਲੀ ਮਾਰੀ ਗਈ। ਹੱਤਿਆਰੇ ਪਿੰਡ ਦੇ ਦਲਿਤ ਪ੍ਰਧਾਨ ਪ੍ਰਤੀ ਇੰਨੀ ਜ਼ਿਆਦਾ ਨਫਰਤ ਰੱਖਦੇ ਸਨ ਕਿ ਉਨ੍ਹਾਂ ਦੇ ਸਿਰ ਅਤੇ ਛਾਤੀ 'ਚ 6 ਗੋਲੀਆਂ ਮਾਰੀਆਂ ਗਈਆਂ। ਇਸ ਤੋਂ ਬਾਅਦ ਹੱਤਿਆਰੇ ਨੇੜੇ ਦੇ ਹੀ ਖੇਤ 'ਚ ਕੰਮ ਕਰ ਰਹੀ ਉਨ੍ਹਾਂ ਦੀ ਮਾਂ ਦੇ ਕੋਲ ਗਏ ਅਤੇ ਕਿਹਾ, ''ਜਾ ਕੇ ਦੇਖ ਲੈ, ਤੇਰੇ ਪੁੱਤ ਨੂੰ ਮਾਰ ਦਿੱਤਾ ਹੈ। ਉਸਦੀ ਲਾਸ਼ ਕੋਲ ਬੈਠ ਕੇ ਰੋ ਲੈ।''

ਘਟਨਾ 14 ਅਗਸਤ ਨੂੰ ਸ਼ਾਮ 5.15 ਵਜੇ ਦੇ ਕਰੀਬ ਦੀ ਹੈ। ਇੱਕ ਦੋਸ਼ੀ ਸਤਯਮੇਵ ਜਯਤੇ ਨੂੰ ਸੱਦਣ ਆਇਆ ਸੀ। ਉਹ ਪਹਿਲਾਂ ਵੀ ਘਰ ਆ ਚੁੱਕਾ ਸੀ। ਇਸ ਲਈ ਸਤਯਮੇਵ ਜਯਤੇ ਨੂੰ ਉਸ 'ਤੇ ਸ਼ੱਕ ਨਹੀਂ ਹੋਇਆ ਅਤੇ ਉਹ ਨਾਲ ਚਲੇ ਗਏ। ਦੱਸਿਆ ਗਿਆ ਕਿ ਇਸ ਤੋਂ ਬਾਅਦ ਕੁਝ ਦੂਰ ਜਾਣ ਤੋਂ ਬਾਅਦ ਇੱਕ ਨਲਕੇ ਕੋਲ ਸੂਰਯਾਂਸ਼ ਦੂਬੇ ਅਤੇ ਉਸਦੇ ਸਾਥੀ ਉੱਥੋਂ ਸਤਯਮੇਵ ਨੂੰ ਜਬਰਦਸਤੀ ਚੁੱਕ ਕੇ ਕਾਲਜ ਦੇ ਕੋਲ ਲੈ ਗਏ।

ਉੱਥੇ ਸਤਯਮੇਵ ਜਯਤੇ ਨੂੰ ਗੋਲੀ ਮਾਰ ਕੇ ਹੱਤਿਆਰੇ ਫਰਾਰ ਹੋ ਗਏ। ਘਟਨਾ ਦੇ 6 ਦਿਨ ਬਾਅਦ ਜਾ ਕੇ ਇੱਕ ਦੋਸ਼ੀ ਗ੍ਰਿਫਤਾਰ ਹੋਇਆ। ਇਸ ਘਟਨਾ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪੁਲਸ ਦਾ ਦੋਸ਼ ਹੈ ਕਿ ਪਿੰਡ ਤੋਂ ਡੇਢ ਕਿਲੋਮੀਟਰ ਦੂਰ ਪੁਲਸ ਚੌਂਕੀ 'ਤੇ ਪੱਥਰਬਾਜ਼ੀ ਕੀਤੀ ਗਈ। ਪਿੰਡ 'ਚ ਇਸੇ ਦੌਰਾਨ ਹੋਈ ਭੱਜਦੌੜ ਦੌਰਾਨ ਪਿੰਡ ਦੇ 12 ਸਾਲ ਦੇ ਸੂਰਜ ਦੀ ਇੱਕ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜਿਸ ਗੱਡੀ ਹੇਠਾਂ ਆਉਣ ਨਾਲ ਸੂਰਜ ਦੀ ਮੌਤ ਹੋਈ, ਉਹ ਪੁਲਸ ਦੀ ਸੀ।

ਹਾਲਾਂਕਿ ਪੁਲਸ ਇਸ ਤੋਂ ਇਨਕਾਰ ਕਰ ਰਹੀ ਹੈ। ਸੂਰਜ ਦੇ ਪਿਤਾ ਮਜ਼ਦੂਰ ਹਨ। ਲਾਕਡਾਊਨ 'ਚ ਕਾਫੀ ਸਮਾਂ ਤੱਕ ਉਹ ਪਿੰਡ 'ਚ ਰਹੇ। ਮਜ਼ਦੂਰੀ ਲਈ ਉਹ ਅਤੇ ਉਨ੍ਹਾਂ ਦੇ ਭਰਾ 14 ਅਗਸਤ ਨੂੰ ਹਰਿਆਣਾ ਜਾ ਰਹੇ ਸਨ। ਕੁਝ ਦੂਰ ਹੀ ਗਏ ਹੋਣਗੇ ਕਿ ਫੋਨ ਆਇਆ ਕਿ ਪਿੰਡ ਦੇ ਪ੍ਰਧਾਨ ਦੀ ਹੱਤਿਆ ਹੋ ਗਈ ਹੈ ਅਤੇ ਉਨ੍ਹਾਂ ਦੇ ਬੇਟੇ ਸੂਰਜ ਦੀ ਜੀਪ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਉਹ ਵਾਪਸ ਆ ਗਏ।

ਪਿੰਡ ਦੇ ਪ੍ਰਧਾਨ ਸਤਯਮੇਵ ਜਯਤੇ ਦੇ ਭਰਾ ਰਾਮ ਪ੍ਰਸਾਦ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ਦੀ ਜ਼ਿਆਦਾਤਰ ਆਬਾਦੀ ਦਲਿਤ ਹੈ। ਦਲਿਤਾਂ ਦੇ 350 ਤੋਂ ਜ਼ਿਆਦਾ ਘਰ ਹਨ, ਜਦਕਿ ਅਖੌਤੀ ਉੱਚ ਜਾਤੀਆਂ ਦੇ 100 ਤੋਂ ਘੱਟ ਘਰ ਹਨ। ਰਾਮ ਪ੍ਰਸਾਦ ਦੱਸਦੇ ਹਨ, ''ਸੂਰਯਾਂਸ਼ ਦੂਬੇ ਸਤਯਮੇਵ ਦੇ ਕੋਲ ਕੈਰੇਕਟਰ ਸਰਟੀਫਿਕੇਟ ਅਤੇ ਰੈਸੀਡੈਂਟ ਸਰਟੀਫਿਕੇਟ ਬਣਵਾਉਣ ਲਈ ਆਇਆ ਸੀ ਅਤੇ ਕਿਹਾ ਕਿ ਸਰਟੀਫਿਕੇਟ 'ਤੇ ਹਸਤਾਖਰ ਕਰ ਦਿਓ। ਸੂਰਯਾਂਸ਼ ਖਿਲਾਫ ਹੱਤਿਆ ਸਮੇਤ ਕਈ ਮਾਮਲੇ ਦਰਜ ਹਨ। ਸਤਯਮੇਵ ਇਸ ਗੱਲ ਨੂੰ ਜਾਣਦੇ ਸਨ, ਇਸ ਲਈ ਉਨ੍ਹਾਂ ਨੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਉਹ ਨਾਰਾਜ ਹੋ ਗਿਆ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ।''

ਉਹ ਅੱਗੇ ਦੱਸਦੇ ਹਨ, ''ਸ਼ੁਰੂ ਤੋਂ ਹੀ ਪਿੰਡ 'ਚ ਦਲਿਤਾਂ ਦੀ ਵੱਡੀ ਆਬਾਦੀ ਦੇ ਬਾਵਜੂਦ ਉੱਚ ਜਾਤੀ ਦੇ ਲੋਕ ਆਪਣਾ ਦਬਦਬਾ ਬਣਾਏ ਰੱਖਦੇ ਸਨ। ਪਿੰਡ 'ਚ ਸਤਯਮੇਵ ਜਯਤੇ ਤੋਂ ਪਹਿਲਾਂ 2 ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਉੱਚ ਜਾਤੀ ਦੇ ਲੋਕ ਹੀ ਪ੍ਰਧਾਨ ਚੁਣੇ ਜਾਂਦੇ ਰਹੇ। ਇੱਕ ਵਾਰ ਇੱਕ ਦਲਿਤ ਪ੍ਰਧਾਨ ਚੁਣਿਆ ਗਿਆ ਸੀ, ਪਰ ਉਹ ਪ੍ਰਭਾਵਸ਼ਾਲੀ ਲੋਕਾਂ ਦਾ ਸਟੈਂਪ ਹੀ ਬਣਿਆ ਰਿਹਾ।''

ਉਨ੍ਹਾਂ ਦੱਸਿਆ, ''ਸਤਯਮੇਵ ਜਯਤੇ ਆਪਣੇ ਦਮ 'ਤੇ ਪ੍ਰਧਾਨ ਬਣੇ ਸਨ ਅਤੇ ਨਿਰਪੱਖ ਹੋ ਕੇ ਕੰਮ ਕਰ ਰਹੇ ਸਨ। ਇਹ ਗੱਲ ਪ੍ਰਭਾਵਸ਼ਾਲੀ ਉੱਚ ਜਾਤੀ ਵਰਗ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ। ਉਨ੍ਹਾਂ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਕਿਵੇਂ ਇੱਕ ਦਲਿਤ ਪਿੰਡ ਦਾ ਪ੍ਰਧਾਨ ਚੁਣ ਲਿਆ ਗਿਆ, ਜੋ ਕਿ ਆਪਣੇ ਦਿਮਾਗ ਨਾਲ ਕੰਮ ਕਰਦਾ ਹੈ ਅਤੇ ਸਾਡੀ ਚਾਕਰੀ ਨਹੀਂ ਕਰਦਾ।'' ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਅਖੌਤੀ ਉੱਚ ਜਾਤੀਆਂ ਦੇ ਕੁਝ ਲੜਕੇ ਆਮ ਤੌਰ 'ਤੇ ਪਿੰਡ 'ਚ ਦਲਿਤਾਂ ਦੇ ਨਾਲ ਕੁੱਟਮਾਰ ਤੇ ਲੜਕੀਆਂ ਦੇ ਨਾਲ ਛੇੜਛਾੜ ਕਰਦੇ ਸਨ, ਇਸਦਾ ਸਤਯਮੇਵ ਵਿਰੋਧ ਕਰਦੇ ਸਨ।

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਆਪਣਾ ਆਦਰਸ਼ ਮੰਨਣ ਵਾਲੇ ਰਾਮਸੁੱਖ ਨੇ ਵੀ ਇੱਕ ਵਾਰ ਪਿੰਡ ਦੇ ਪ੍ਰਧਾਨ ਦੀ ਚੋਣ ਲੜੀ ਸੀ, ਪਰ ਉਹ ਸਫਲ ਨਹੀਂ ਹੋ ਸਕੇ ਸਨ। ਬੇਟੇ ਸਤਯਮੇਵ ਜਯਤੇ ਨੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਅਤੇ ਪਿੰਡ ਦੇ ਪ੍ਰਧਾਨ ਬਣੇ। ਉਨ੍ਹਾਂ ਨੇ ਆਪਣੇ ਅਤੇ ਆਪਣੇ ਭਰਾਵਾਂ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਿਆ। ਇਸ ਕਾਰਨ ਪਰਿਵਾਰ ਦੇ ਮੈਂਬਰ ਸਿੱਖਿਆ ਦੇ ਖੇਤਰ 'ਚ ਅੱਗੇ ਵਧੇ ਅਤੇ ਸਰਕਾਰੀ ਤੇ ਨਿੱਜੀ ਨੌਕਰੀਆਂ 'ਚ ਗਏ। ਖੁਦ ਸਤਯਮੇਵ ਜਯਤੇ ਐੱਮਏ ਤੱਕ ਪੜ੍ਹੇ ਸਨ।

ਸਤਯਮੇਵ ਜਯਤੇ ਖੇਤੀ ਕਰਕੇ ਹੀ ਘਰ ਦਾ ਖਰਚਾ ਚਲਾਉਂਦੇ ਸਨ। ਉਨ੍ਹਾਂ ਦੀ ਮਾਂ ਨਾਲ ਹੀ ਖੇਤੀ ਦਾ ਕੰਮ ਦੇਖਦੀ ਸੀ। ਹੁਣ ਵੀ ਉਨ੍ਹਾਂ ਦਾ ਘਰ ਕੱਚਾ ਹੀ ਹੈ। ਇਹ ਪਰਿਵਾਰ ਤੰਗੀਆਂ ਨਾਲ ਸੰਘਰਸ਼ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਦੇ ਹੋਏ ਪਿੰਡ ਦੇ ਦਲਿਤਾਂ ਨੂੰ ਸੰਗਠਿਤ ਕਰਕੇ ਬਦਲਾਅ ਦੀ ਲੜਾਈ ਲੜ ਰਿਹਾ ਸੀ। ਸਤਯਮੇਵ ਜਯਤੇ ਦੇ ਕਾਤਲਾਂ ਨੇ ਕੋਲਕਾਤਾ 'ਚ ਰਹਿਣ ਵਾਲੇ ਸਤਯਮੇਵ ਦੇ ਇੱਕ ਚਚੇਰੇ ਭਰਾ ਨੂੰ ਵ੍ਹਾਟਸਐਪ ਰਾਹੀਂ ਸਤਯਮੇਵ ਦੀ ਇੱਕ ਤਸਵੀਰ ਭੇਜਦੇ ਹੋਏ ਕਿਹਾ ਕਿ ਜੋ ਵੀ ਆਵਾਜ਼ ਚੁੱਕੇਗਾ, ਉਸਦਾ ਇਹੀ ਹਾਲ ਹੋਵੇਗਾ।

ਰਾਮ ਪ੍ਰਸਾਦ ਕਹਿੰਦੇ ਹਨ, ''ਪ੍ਰਭਾਵਸ਼ਾਲੀ ਲੋਕ ਸਾਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਅਸੀਂ ਡਰ ਜਾਈਏ ਤੇ ਚੁੱਪ ਹੋ ਜਾਈਏ।'' ਸਤਯਮੇਵ ਜਯਤੇ ਦੀ ਹੱਤਿਆ ਨੇ ਹਾਲ ਦੇ ਦਿਨਾਂ 'ਚ ਆਜਮਗੜ੍ਹ ਸਮੇਤ ਕਈ ਜ਼ਿਲ੍ਹਿਆਂ 'ਚ ਦਲਿਤਾਂ 'ਤੇ ਹੋਏ ਹਮਲਿਆਂ ਦੀਆਂ ਘਟਨਾਵਾਂ ਨੂੰ ਮੁੜ ਤੋਂ ਚਰਚਾ ਦੇ ਕੇਂਦਰ 'ਚ ਲਿਆ ਦਿੱਤਾ ਹੈ। ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਸਤਯਮੇਵ ਜਯਤੇ ਦੀ ਮੌਤ ਅਤੇ ਯੂਪੀ 'ਚ ਦਲਿਤਾਂ ਖਿਲਾਫ ਹੋਣ ਵਾਲੇ ਜ਼ੁਲਮ ਨੂੰ ਲੈ ਕੇ ਸੂਬੇ ਦੀ ਭਾਜਪਾ ਸਰਕਾਰ ਨੂੰ ਘੇਰਿਆ ਹੈ।

ਉਨ੍ਹਾਂ ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ, ''ਆਜਮਗੜ੍ਹ ਦੇ ਬਾਂਸ ਪਿੰਡ 'ਚ ਦਲਿਤ ਪ੍ਰਧਾਨ ਸਤਯਮੇਵ ਜਯਤੇ ਪੱਪੂ ਦੀ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਬੇਰਹਿਮੀ ਨਾਲ ਹੱਤਿਆ ਅਤੇ ਇੱਕ ਹੋਰ ਨੂੰ ਗੱਡੀ ਹੇਠਾਂ ਦੇ ਕੇ ਮਾਰਨ ਦੀ ਖਬਰ ਅਤਿ ਦੁੱਖਦਾਇਕ ਹੈ। ਯੂਪੀ 'ਚ ਦਲਿਤਾਂ 'ਤੇ ਇਸ ਤਰ੍ਹਾਂ ਹੋ ਰਹੇ ਅੱਤਿਆਚਾਰ ਅਤੇ ਹੱਤਿਆ ਆਦਿ ਦੇ ਮਾਮਲੇ ਜਿਸ ਤਰ੍ਹਾਂ ਪਿਛਲੀ ਸਪਾ ਸਰਕਾਰ ਦੌਰਾਨ ਸਨ, ਉਸੇ ਤਰ੍ਹਾਂ ਮੌਜੂਦਾ ਭਾਜਪਾ ਸਰਕਾਰ ਦੌਰਾਨ ਵੀ ਹੋ ਰਹੇ ਹਨ।''

-ਮਨੋਜ ਸਿੰਘ
(ਲੇਖਕ ਗੋਰਖਪੁਰ ਨਿਊਜ਼ ਲਾਈਨ ਵੈਬਸਾਈਟ ਦੇ ਸੰਪਾਦਕ ਹਨ)

Comments

Leave a Reply