Mon,Apr 22,2019 | 12:42:50am
HEADLINES:

India

ਮਹਿਲਾਵਾਂ ਖਿਲਾਫ ਅਪਰਾਧਾਂ ਦੇ ਦੋਸ਼ਾਂ 'ਚ ਘਿਰੇ ਹਨ 48 ਸਾਂਸਦ-ਵਿਧਾਇਕ

ਮਹਿਲਾਵਾਂ ਖਿਲਾਫ ਅਪਰਾਧਾਂ ਦੇ ਦੋਸ਼ਾਂ 'ਚ ਘਿਰੇ ਹਨ 48 ਸਾਂਸਦ-ਵਿਧਾਇਕ

ਅਜਿਹੇ ਸਮੇਂ ਵਿੱਚ ਜਦੋਂ ਮਹਿਲਾਵਾਂ ਨਾਲ ਜੁੜੇ ਅਪਰਾਧ ਦਾ ਮੁੱਦਾ ਪੂਰੇ ਦੇਸ਼ ਵਿੱਚ ਚਰਚਾ 'ਚ ਹੈ ਅਤੇ ਇਸਦੇ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਉੱਠ ਰਹੀ ਹੈ, ਖੁਦ ਕਾਨੂੰਨ ਬਣਾਉਣ ਵਾਲੇ ਹੀ ਮਹਿਲਾ ਅਪਰਾਧ ਨਾਲ ਜੁੜੇ ਗੰਭੀਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਕੁਝ ਕਾਨੂੰਨ ਨਿਰਮਾਤਾ ਤਾਂ ਬਲਾਤਕਾਰ ਅਤੇ ਮਹਿਲਾਵਾਂ ਖਿਲਾਫ ਹਿੰਸਾ ਵਰਗੇ ਗੰਭੀਰ ਮਾਮਲਿਆਂ ਤੱਕ ਦਾ ਸਾਹਮਣਾ ਕਰ ਰਹੇ ਹਨ।

ਇਨ੍ਹਾਂ ਮਾਮਲਿਆਂ ਵਿੱਚ ਯੌਨ ਸ਼ੋਸ਼ਣ ਕਰਨ ਦੇ ਮਕਸਦ ਨਾਲ ਕਿਸੇ ਮਹਿਲਾ 'ਤੇ ਹਮਲਾ, ਕਿਡਨੈਪਿੰਗ, ਬਲਾਤਕਾਰ, ਘਰੇਲੂ ਹਿੰਸਾ ਤੇ ਮਨੁੱਖੀ ਤਸਕਰੀ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਚੋਣ ਸੁਧਾਰ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੀ ਸੰਸਥਾ ਏਡੀਆਰ (ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ) ਦੀ ਰਿਪੋਰਟ ਵਿੱਚ ਇਸਦਾ ਖੁਲਾਸਾ ਹੋਇਆ ਹੈ।

ਰਿਪੋਰਟ ਮੁਤਾਬਕ, ਭਾਜਪਾ ਦੇ ਸਭ ਤੋਂ ਜ਼ਿਆਦਾ ਸਾਂਸਦ ਅਤੇ ਵਿਧਾਇਕਾਂ ਖਿਲਾਫ ਇਸ ਨਾਲ ਜੁੜੇ ਕੇਸ ਹਨ। ਏਡੀਆਰ ਅਤੇ ਨੈਸ਼ਨਲ ਇਲੈਕਸ਼ਨ ਵਾਚ (ਐੱਨਈਡਬਲਯੂ) ਨੇ ਸਿਫਾਰਿਸ਼ ਕੀਤੀ ਹੈ ਕਿ ਗੰਭੀਰ ਆਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੇ ਚੋਣ ਲੜਨ 'ਤੇ ਪਾਬੰਦੀ ਲੱਗੇ। ਮੌਜੂਦਾ ਸਮੇਂ 'ਚ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿੱਚ ਵੱਡਾ ਰਾਜਨੀਤਕ ਵਿਵਾਦ ਹੋ ਰਿਹਾ ਹੈ। 

ਏਡੀਆਰ ਰਿਪੋਰਟ ਮੁਤਾਬਕ, ਦੇਸ਼ ਦੇ 33 ਫੀਸਦੀ, ਮਤਲਬ 1580 ਸਾਂਸਦ-ਵਿਧਾਇਕ ਅਜਿਹੇ ਹਨ, ਜਿਨ੍ਹਾਂ ਖਿਲਾਫ ਆਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 48 ਮਹਿਲਾਵਾਂ ਖਿਲਾਫ ਅਪਰਾਧ ਦੇ ਦੋਸ਼ੀ ਹਨ, ਜਿਨ੍ਹਾਂ ਵਿੱਚ 45 ਵਿਧਾਇਕ ਅਤੇ 3 ਸਾਂਸਦ ਹਨ। ਰਾਜਨੀਤਕ ਪਾਰਟੀਆਂ ਦੇ ਹਿਸਾਬ ਨਾਲ ਦੇਖੀਏ ਤਾਂ ਭਾਜਪਾ ਦੇ ਸਭ ਤੋਂ ਜ਼ਿਆਦਾ 12 ਸਾਂਸਦ-ਵਿਧਾਇਕਾਂ 'ਤੇ ਕੇਸ ਦਰਜ ਹਨ। ਇਸ ਤੋਂ ਬਾਅਦ ਸ਼ਿਵਸੈਨਾ ਦੇ 7 ਅਤੇ ਟੀਐੱਮਸੀ ਦੇ 6 ਲੋਕ ਨੁਮਾਇੰਦੇ ਔਰਤਾਂ ਖਿਲਾਫ ਅਪਰਾਧ ਦੇ ਦਾਗੀ ਹਨ।

ਇਹ ਰਿਪੋਰਟ ਕੁੱਲ 776 ਸਾਂਸਦਾਂ ਵਿੱਚੋਂ 768 ਸਾਂਸਦਾਂ ਅਤੇ 4120 ਵਿਧਾਇਕਾਂ ਵਿੱਚੋਂ 4077 ਵਿਧਾਇਕਾਂ ਦੇ ਐਫੀਡੈਵਿਟ ਦੀ ਪੜਤਾਲ ਤੋਂ  ਬਾਅਦ ਤਿਆਰ ਕੀਤੀ ਗਈ ਹੈ। ਰਿਪੋਰਟ ਮੁਤਾਬਕ, ਸਾਰੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਮਹਿਲਾਵਾਂ ਖਿਲਾਫ ਅਪਰਾਧ ਦੇ ਦੋਸ਼ੀਆਂ ਨੂੰ ਟਿਕਟ ਦੇ ਰਹੀਆਂ ਹਨ। ਇਸ ਲਈ ਨਾਗਰਿਕ ਦੇ ਰੂਪ ਵਿੱਚ ਮਹਿਲਾਵਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਸੱਟ ਪਹੁੰਚ ਰਹੀ ਹੈ।

ਏਡੀਆਰ ਨੇ ਸਲਾਹ ਦਿੱਤੀ ਹੈ ਕਿ ਗੰਭੀਰ ਅਪਰਾਧ ਦੇ ਦੋਸ਼ੀਆਂ ਦੇ ਚੋਣ ਲੜਨ 'ਤੇ ਪਾਬੰਦੀ ਹੋਣੀ ਚਾਹੀਦੀ ਹੈ। ਸੂਬੇ ਮੁਤਾਬਕ ਦੇਖੀਏ ਤਾਂ ਮਹਾਰਾਸ਼ਟਰ ਦੇ ਸਭ ਤੋਂ ਜ਼ਿਆਦਾ 12 ਸਾਂਸਦ ਤੇ ਵਿਧਾਇਕ ਦੋਸ਼ੀ ਹਨ। ਇਸ ਤੋਂ ਬਾਅਦ ਪੱਛਮ ਬੰਗਾਲ ਦੇ 11, ਓਡੀਸ਼ਾ ਅਤੇ ਆਂਧਰ ਪ੍ਰਦੇਸ਼ ਦੇ 5-5 ਲੋਕ ਨੁਮਾਇੰਦੇ ਮਹਿਲਾਵਾਂ ਖਿਲਾਫ ਅਪਰਾਧ ਦੇ ਦੋਸ਼ੀ ਹਨ।

ਬਲਾਤਕਾਰ ਦੇ ਦੋਸ਼ੀਆਂ ਨੂੰ ਚੋਣ ਟਿਕਟਾਂ
ਏਡੀਆਰ ਦੀ ਰਿਪੋਰਟ ਮੁਤਾਬਕ, ਪਿਛਲੇ 5 ਸਾਲ ਵਿੱਚ ਬਲਾਤਕਾਰ ਦੇ ਦੋਸ਼ੀ 28 ਨੇਤਾਵਾਂ ਨੂੰ ਵੱਖ-ਵੱਖ ਰਾਜਨੀਤਕ ਪਾਰਟੀਆਂ ਤੋਂ ਟਿਕਟਾਂ ਮਿਲੀਆਂ ਹਨ। ਬਲਾਤਕਾਰ ਦੇ ਦੋਸ਼ੀ 14 ਨੇਤਾਵਾਂ ਨੇ ਆਜ਼ਾਦ ਤੌਰ 'ਤੇ ਲੋਕਸਭਾ, ਰਾਜਸਭਾ ਤੇ ਵਿਧਾਨਸਭਾ ਦੀਆਂ ਚੋਣਾਂ ਲੜੀਆਂ। ਪਿਛਲੇ 5 ਸਾਲ ਵਿੱਚ ਮਹਿਲਾਵਾਂ ਖਿਲਾਫ ਅਪਰਾਧ ਦੇ ਦਾਗੀ 327 ਨੇਤਾਵਾਂ ਨੂੰ ਟਿਕਟਾਂ ਮਿਲੀਆਂ ਅਤੇ 118 ਅਜਿਹੇ ਨੇਤਾਵਾਂ ਨੇ ਆਜ਼ਾਦ ਤੌਰ 'ਤੇ ਚੋਣਾਂ ਲੜੀਆਂ।

Comments

Leave a Reply