Fri,May 24,2019 | 05:21:59pm
HEADLINES:

India

ਗੱਠਜੋੜ ਤਹਿਤ 200 'ਚੋਂ 10 ਸੀਟਾਂ ਵੀ ਬਸਪਾ ਨੂੰ ਦੇਣ ਲਈ ਤਿਆਰ ਨਹੀਂ ਸੀ ਕਾਂਗਰਸ

ਗੱਠਜੋੜ ਤਹਿਤ 200 'ਚੋਂ 10 ਸੀਟਾਂ ਵੀ ਬਸਪਾ ਨੂੰ ਦੇਣ ਲਈ ਤਿਆਰ ਨਹੀਂ ਸੀ ਕਾਂਗਰਸ

ਲੋਕਸਭਾ ਚੋਣਾਂ ਤੋਂ ਪਹਿਲਾਂ ਕਈ ਸੂਬਿਆਂ ਵਿੱਚ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਛੱਤੀਸਗੜ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦਾ ਬਸਪਾ ਨਾਲ ਗੱਠਜੋੜ ਹੋਣ ਜਾ ਰਿਹਾ ਹੈ। ਇਸ ਸਬੰਧ ਵਿੱਚ ਬਸਪਾ ਵੱਲੋਂ ਸਕਾਰਾਤਮਕ ਸੰਕੇਤ ਦਿੱਤੇ ਜਾ ਰਹੇ ਸਨ। ਹਾਲਾਂਕਿ ਰਾਜਸਥਾਨ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਤੇ ਮੱਧ ਪ੍ਰਦੇਸ਼ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਵੱਲੋਂ ਇਸ ਗੱਠਜੋੜ ਨੂੰ ਲੈ ਕੇ ਨਕਾਰਾਤਮਕ ਪ੍ਰਤਿਕਿਰਿਆ ਤੋਂ ਬਾਅਦ ਇਹ ਜਾਪਣ ਲੱਗ ਗਿਆ ਸੀ ਕਿ ਕਾਂਗਰਸ ਆਗੂ ਬਸਪਾ ਨਾਲ ਗੱਠਜੋੜ ਦੇ ਪੱਖ ਵਿੱਚ ਨਹੀਂ ਹਨ।

ਦਿਗਵਿਜੈ ਸਿੰਘ ਨੇ ਤਾਂ ਇੱਕ ਟੀਵੀ ਇੰਟਰਵਿਊ ਵਿੱਚ ਖੁੱਲ ਕੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੂੰ ਭਾਜਪਾ ਦੇ ਦਬਾਅ ਵਿੱਚ ਕੰਮ ਕਰਨ ਵਾਲੀ ਨੇਤਾ ਤੇ ਉਨ੍ਹਾਂ ਦੇ ਵਜੂਦ ਨੂੰ ਹੇਠਲੇ ਪੱਧਰ ਦਾ ਦੱਸ ਕੇ ਦੋਵੇਂ ਪਾਰਟੀਆਂ 'ਚ ਦੂਰੀਆਂ ਨੂੰ ਹੋਰ ਵਧਾ ਦਿੱਤਾ।

ਇਸੇ ਘਟਨਾਕ੍ਰਮ ਤੋਂ ਬਾਅਦ 3 ਅਕਤੂਬਰ ਨੂੰ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਕਾਂਗਰਸ ਦੇ ਗੱਠਜੋੜ ਵਿਰੋਧੀ ਵਤੀਰੇ 'ਤੇ ਉਨ੍ਹਾਂ ਨੇ ਖੁੱਲ ਕੇ ਗੱਲ ਰੱਖੀ। ਮਾਇਆਵਤੀ ਨੇ ਕਾਂਗਰਸ ਦੀ ਨੀਅਤ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਾਂਗਰਸ ਭਾਜਪਾ ਨੂੰ ਹਰਾਉਣਾ ਨਹੀਂ ਚਾਹੁੰਦੀ।

ਕਾਂਗਰਸ ਪਾਰਟੀ ਘਮੰਡ ਵਿੱਚ ਡੁੱਬੀ ਹੋਈ ਹੈ। ਲਗਾਤਾਰ ਹਾਰ ਤੋਂ ਬਾਅਦ ਵੀ ਕਾਂਗਰਸ ਨੇ ਕੋਈ ਸਬਕ ਨਹੀਂ ਲਿਆ ਹੈ। ਹੁਣ ਆਉਣ ਵਾਲੀਆਂ ਚੋਣਾਂ ਵਿੱਚ ਜਨਤਾ ਕਾਂਗਰਸ ਨੂੰ ਸਬਕ ਸਿਖਾਵੇਗੀ। ਬਸਪਾ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ ਵਿੱਚ ਖੇਤਰੀ ਪਾਰਟੀਆਂ ਦੇ ਨਾਲ ਮਿਲ ਕੇ ਜਾਂ ਇਕੱਲੇ ਹੀ ਚੋਣਾਂ ਲੜੇਗੀ।

ਉਨ੍ਹਾਂ ਕਿਹਾ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਕੁਝ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਬਸਪਾ ਕਾਂਗਰਸ ਨਾਲ ਗੱਠਜੋੜ ਕਰਨਾ ਚਾਹੁੰਦੀ ਸੀ, ਪਰ ਇਹ ਦੁੱਖ ਵਾਲੀ ਗੱਲ ਹੈ ਕਿ ਕਾਂਗਰਸ ਆਗੂ ਦਿਗਵਿਜੈ ਸਿੰਘ ਵਰਗੇ ਨੇਤਾ, ਜੋ ਕਿ ਆਪਣੀ ਪਾਰਟੀ ਖਿਲਾਫ ਜਾ ਕੇ ਭਾਜਪਾ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਹਨ। ਸੀਬੀਆਈ ਤੇ ਈਡੀ ਦੇ ਦਬਾਅ ਵਿੱਚ ਦਿਗਵਿਜੈ ਸਿੰਘ ਵਰਗੇ ਲੋਕ ਭਾਜਪਾ ਦੇ ਏਜੰਟ ਦਾ ਕੰਮ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਦੇ ਕਾਂਗਰਸ ਵਿੱਚ ਰਹਿੰਦੇ ਹੋਏ ਗੱਠਜੋੜ ਸੰਭਵ ਹੀ ਨਹੀਂ ਹੈ। ਮਾਇਆਵਤੀ ਨੇ ਕਾਂਗਰਸ ਦੀ ਨੀਅਤ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਸਨੂੰ ਲਗਾਤਾਰ ਭਾਜਪਾ ਦੇ ਹੱਥੋਂ ਹਾਰ ਮਿਲ ਰਹੀ ਹੈ। ਇਸਦੇ ਬਾਵਜੂਦ ਕਾਂਗਰਸ ਪਾਰਟੀ ਗੱਠਜੋੜ ਨੂੰ ਲੈ ਕੇ ਗੰਭੀਰ ਨਹੀਂ ਹੈ।

ਭਾਜਪਾ ਵਰਗੀ ਫਿਰਕੂ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਬਸਪਾ ਨੇ ਹਮੇਸ਼ਾ ਕਾਂਗਰਸ ਦਾ ਸਾਥ ਦਿੱਤਾ, ਪਰ ਬਦਲੇ ਵਿੱਚ ਕਾਂਗਰਸ ਨੇ ਪਿੱਠ ਵਿੱਚ ਛੁਰਾ ਹੀ ਮਾਰਿਆ ਹੈ। ਇਹੀ ਕਾਰਨ ਹੈ ਕਿ ਬਸਪਾ ਨੇ ਦੱਖਣ ਵਿੱਚ ਜਨਤਾ ਦਲ ਸੈਕੂਲਰ ਤੇ ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਗੱਠਜੋੜ ਕੀਤਾ, ਪਰ ਮੱਧ ਪ੍ਰਦੇਸ਼ ਤੇ ਛੱਤੀਸਗੜ ਵਿੱਚ ਕਾਂਗਰਸ ਨਾਲ ਗੱਠਜੋੜ ਨਹੀਂ ਹੋ ਸਕਿਆ।

ਬਸਪਾ ਮੁਖੀ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਾਂਗਰਸ ਦਾ ਨੇਤਾ ਦਿਗਵਿਜੈ ਸਿੰਘ, ਜੋ ਕਿ ਭਾਜਪਾ ਦਾ ਏਜੰਟ ਹੈ, ਉਹ ਟੀਵੀ ਚੈਨਲ 'ਤੇ ਬਸਪਾ ਮੁਖੀ ਦਾ ਨਾਂ ਲੈ ਕੇ ਕਹਿੰਦਾ ਹੈ ਕਿ ਮਾਇਆਵਤੀ ਕੇਂਦਰ ਸਰਕਾਰ ਦੇ ਦਬਾਅ ਵਿੱਚ ਗੱਠਜੋੜ ਨਹੀਂ ਕਰਨਾ ਚਾਹੁੰਦੀ, ਜੋ ਕਿ ਪੂਰੀ ਤਰ੍ਹਾਂ ਨਾਲ ਝੂਠ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਬਸਪਾ ਦੇ ਸੰਘਰਸ਼ ਬਾਰੇ ਜਾਣਕਾਰੀ ਨਹੀਂ ਹੈ, ਉਨ੍ਹਾਂ ਨੂੰ ਬਸਪਾ ਦੇ ਇਤਿਹਾਸ ਨੂੰ ਪੜ੍ਹਨ ਦੀ ਜ਼ਰੂਰਤ ਹੈ। ਸੱਚ ਇਹ ਹੈ ਕਿ ਕਾਂਗਰਸ ਪਾਰਟੀ ਗੱਠਜੋੜ ਦੇ ਓਹਲੇ ਬਸਪਾ ਨੂੰ ਖਤਮ ਕਰਨਾ ਚਾਹੁੰਦੀ ਹੈ। ਹਾਲਾਂਕਿ ਸਾਡੀ ਪਾਰਟੀ ਕਾਂਗਰਸ ਤੇ ਭਾਜਪਾ ਦੀ ਮੋਹਤਾਜ ਨਹੀਂ ਹੈ।

ਬਸਪਾ ਮੁਖੀ ਨੇ ਕਿਹਾ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਬਸਪਾ ਇਕੱਲੇ ਆਪਣੇ ਦਮ 'ਤੇ ਚੋਣਾਂ ਲੜੇਗੇ। ਕਿਸੇ ਵੀ ਕੀਮਤ 'ਤੇ ਸਾਡਾ ਕਾਂਗਰਸ ਦੇ ਨਾਲ ਗੱਠਜੋੜ ਨਹੀਂ ਹੋਵੇਗਾ। ਕਾਂਗਰਸ ਭਾਜਪਾ ਤੋਂ ਜ਼ਿਆਦਾ ਗੈਰ ਭਾਜਪਾ ਪਾਰਟੀਆਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਭਾਜਪਾ ਤੋਂ ਡਰੀ ਹੋਈ ਹੈ। ਇਸੇ ਕਾਰਨ ਉਹ ਮੁਸਲਮਾਨਾਂ ਨੂੰ ਟਿਕਟ ਦੇਣ ਤੋਂ ਵੀ ਭੱਜ ਰਹੀ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਵਿੱਚ ਵੀ ਗੱਠਜੋੜ ਨਾ ਕਰਨ 'ਤੇ ਕਾਂਗਰਸ ਨੂੰ ਘੇਰਿਆ ਸੀ। ਕੁਮਾਰੀ ਮਾਇਆਵਤੀ ਨੇ ਕਿਹਾ ਸੀ ਕਿ ਬਸਪਾ ਇਨ੍ਹਾਂ ਦੋਵੇਂ ਸੂਬਿਆਂ ਵਿੱਚ ਕਾਂਗਰਸ ਨਾਲ ਗੱਠਜੋੜ ਕਰਨਾ ਚਾਹੁੰਦੀ ਸੀ, ਪਰ ਕਾਂਗਰਸ ਨੇ ਗੱਠਜੋੜ ਤੋਂ ਨਾਂਹ ਕਰ ਦਿੱਤੀ। ਜੇਕਰ ਕਾਂਗਰਸ ਇਨ੍ਹਾਂ ਸੂਬਿਆਂ 'ਚ ਬਸਪਾ ਨਾਲ ਗੱਠਜੋੜ ਕਰ ਲੈਂਦੀ ਤਾਂ ਇਨ੍ਹਾਂ ਸੂਬਿਆਂ 'ਚ ਭਾਜਪਾ ਦੀਆਂ ਸਰਕਾਰਾਂ ਨਾ ਬਣਦੀਆਂ।

ਸਾਹਿਬ ਕਾਂਸ਼ੀਰਾਮ ਦੇ ਪ੍ਰੀਨਿਰਵਾਣ ਦਿਵਸ ਦੀ ਛੁੱਟੀ ਨਹੀਂ ਕੀਤੀ
ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਕਾਂਗਰਸ 'ਤੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਬਸਪਾ ਦੇ ਸਮਰਥਨ ਨਾਲ ਸਰਕਾਰ ਬਣਨ ਦੇ ਬਾਵਜੂਦ ਕਾਂਗਰਸ ਨੇ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀਰਾਮ ਦੇ ਪ੍ਰੀਨਿਰਵਾਣ ਦਿਵਸ 'ਤੇ ਛੁੱਟੀ ਦੇਣ ਦੀ ਸਾਡੀ ਮੰਗ ਨੂੰ ਨਹੀਂ ਮੰਨਿਆ ਸੀ।

ਇਨ੍ਹਾਂ ਨੀਤੀਆਂ ਕਾਰਨ ਹੀ ਜਨਤਾ ਹੁਣ ਕਾਂਗਰਸ ਨੂੰ ਮਾਫ ਕਰਨ ਦੇ ਮੂਡ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ 'ਤੇ ਰਾਜ ਕਰਨ ਲਈ ਦਲਿਤਾਂ ਦਾ ਇਸਤੇਮਾਲ ਕੀਤਾ ਅਤੇ ਉਹ ਜਾਤੀਵਾਦੀ ਸੋਚ ਵਾਲੀ ਹੈ। ਉਸਨੇ ਦਲਿਤ ਸਮਾਜ ਲਈ ਅੱਜ ਤੱਕ ਕੁਝ ਵੀ ਨਹੀਂ ਕੀਤਾ ਹੈ।

ਬਸਪਾ ਨੂੰ 200 'ਚੋਂ ਸਿਰਫ 9 ਸੀਟਾਂ ਦੇ ਰਹੀ ਸੀ ਕਾਂਗਰਸ
ਕੁਮਾਰੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਤੇ ਬਸਪਾ ਵਿਚਕਾਰ ਗੱਠਜੋੜ ਤੇ ਸੀਟਾਂ ਦੀ ਵੰਡ ਬਾਰੇ ਵੀ ਸਥਿਤੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਕਾਂਗਰਸ ਸਾਨੂੰ 200 ਵਿੱਚੋਂ ਸਿਰਫ 9 ਸੀਟਾਂ ਦੇ ਰਹੀ ਸੀ। ਮੱਧ ਪ੍ਰਦੇਸ਼ ਵਿੱਚ ਸਾਨੂੰ 230 'ਚੋਂ 15-20 ਅਤੇ ਛੱਤੀਸਗੜ ਵਿੱਚ 90 'ਚੋਂ ਸਿਰਫ 5-6 ਸੀਟਾਂ ਦੇ ਰਹੀ ਸੀ। ਬਸਪਾ ਮੁਖੀ ਨੇ ਕਿਹਾ ਕਿ ਇਤਿਹਾਸ ਗਵਾਬ ਹੈ ਕਿ ਜਦੋਂ ਵੀ ਅਸੀਂ ਗੱਠਜੋੜ ਵਿੱਚ ਚੋਣਾਂ ਲੜੀਆਂ ਤਾਂ ਸਾਡਾ ਸਾਰਾ ਵੋਟ ਸ਼ੇਅਰ ਕਾਂਗਰਸ ਕੋਲ ਚਲਿਆ ਗਿਆ।

ਅਸੀਂ ਜ਼ਿਆਦਾ ਸੀਟਾਂ ਹਾਰ ਗਏ। ਅਸਲ 'ਚ ਕਾਂਗਰਸ ਗੱਠਜੋੜ ਦੇ ਓਹਲੇ ਬਸਪਾ ਨੂੰ ਖਤਮ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨਾਲ ਗੱਠਜੋੜ ਸਿਰੇ ਨਾ ਚੜਨ ਤੋਂ ਬਾਅਦ ਹੀ ਬਸਪਾ ਨੇ ਛੱਤੀਸਗੜ ਵਿੱਚ ਇਸ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਪਾਰਟੀ ਨਾਲ ਗੱਠਜੋੜ ਕੀਤਾ ਹੈ।

ਕਾਂਗਰਸ ਜਿੱਥੇ ਬਸਪਾ ਨੂੰ ਇਸ ਸੂਬੇ ਵਿੱਚ ਗੱਠਜੋੜ ਤਹਿਤ ਸਿਰਫ 5 ਸੀਟਾਂ ਦੇ ਰਹੀ ਸੀ, ਉੱਥੇ ਜੋਗੀ ਦੀ ਪਾਰਟੀ ਨਾਲ ਗੱਠਜੋੜ ਤੋਂ ਬਾਅਦ ਬਸਪਾ ਨੂੰ ਇੱਥੇ 35 ਸੀਟਾਂ ਮਿਲੀਆਂ ਹਨ, ਜਿੱਥੇ ਬਸਪਾ ਨੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਵੀ ਕਰ ਦਿੱਤਾ ਹੈ।

ਅਖਿਲੇਸ਼ ਯਾਦਵ ਨੇ ਵੀ ਕੀਤਾ ਮਾਇਆਵਤੀ ਦਾ ਸਮਰਥਨ
ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਇੱਕ ਤਰ੍ਹਾਂ ਨਾਲ ਬਸਪਾ ਮੁਖੀ ਕੁਮਾਰੀ ਮਾਇਆਵਤੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਅੱਜ ਵੀ ਕਹਿ ਰਿਹਾ ਹਾਂ ਕਿ ਕਾਂਗਰਸ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਅਤੇ ਉਸਨੂੰ ਸਮਾਨ ਵਿਚਾਰਧਾਰਾ ਵਾਲੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਨਾਲ ਲੈ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਜੇਕਰ ਦੇਰ ਹੋ ਜਾਵੇਗੀ ਤਾਂ ਹੋ ਸਕਦਾ ਹੈ ਕਿ ਹੋਰ ਪਾਰਟੀਆਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਣ। ਬਾਅਦ ਵਿੱਚ ਇਹ ਦੋਸ਼ ਲੱਗੇਗਾ ਕਿ ਉਹ ਭਾਜਪਾ ਨਾਲ ਮਿਲੇ ਹੋਏ ਹਨ।

ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਜਿੱਥੇ ਇੱਕ ਟੀਵੀ ਇੰਟਰਵਿਊ ਵਿੱਚ ਕੁਮਾਰੀ ਮਾਇਆਵਤੀ ਵੱਲੋਂ ਭਾਜਪਾ ਦੇ ਦਬਾਅ 'ਚ ਫੈਸਲੇ ਲੈਣ ਦੇ ਦੋਸ਼ ਲਗਾਏ ਸਨ, ਉੱਥੇ ਅਖਿਲੇਸ਼ ਯਾਦਵ ਨੇ ਕਿਹਾ ਕਿ ''ਮੈਨੂੰ ਪਤਾ ਹੈ ਕਿ ਮਾਇਆਵਤੀ ਦਬਾਅ ਵਿੱਚ ਕੁਝ ਨਹੀਂ ਕਰਦੇ।''

Comments

Leave a Reply