Sat,Sep 19,2020 | 07:21:54am
HEADLINES:

India

ਕੁਮਾਰੀ ਮਾਇਆਵਤੀ ਨੇ ਨਾਗਰਿਕਤਾ ਸੋਧ ਬਿੱਲ ਨੂੰ ਦੱਸਿਆ ਸੰਵਿਧਾਨ ਵਿਰੋਧੀ, ਕਿਹਾ-ਬਸਪਾ ਬਿੱਲ ਦਾ ਵਿਰੋਧ ਕਰੇਗੀ

ਕੁਮਾਰੀ ਮਾਇਆਵਤੀ ਨੇ ਨਾਗਰਿਕਤਾ ਸੋਧ ਬਿੱਲ ਨੂੰ ਦੱਸਿਆ ਸੰਵਿਧਾਨ ਵਿਰੋਧੀ, ਕਿਹਾ-ਬਸਪਾ ਬਿੱਲ ਦਾ ਵਿਰੋਧ ਕਰੇਗੀ

ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਕੁਮਾਰੀ ਮਾਇਆਵਤੀ ਨੇ ਅੱਜ ਵੀਰਵਾਰ ਨੂੰ ਲਖਨਊ (ਉੱਤਰ ਪ੍ਰਦੇਸ਼) ਵਿੱਚ ਪ੍ਰੈੱਸ ਕਾਨਫਰੰਸ ਕਰਕੇ ਨਾਗਰਿਕਤਾ ਸੋਧ ਬਿੱਲ ਨੂੰ ਸੰਵਿਧਾਨ ਵਿਰੋਧੀ ਦੱਸਿਆ। ਕੁਮਾਰੀ ਮਾਇਆਵਤੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਇਸ ਬਿੱਲ ਦਾ ਬਸਪਾ ਡਟ ਕੇ ਵਿਰੋਧ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਤੇ ਸੂਬਿਆਂ ਵਿੱਚ ਐੱਸਸੀ, ਐੱਸਟੀ ਤੇ ਓਬੀਸੀ ਨੂੰ ਉਨ੍ਹਾਂ ਦੇ ਹਿੱਸੇ ਦਾ ਬਣਦਾ ਰਾਖਵਾਂਕਰਨ ਨਾ ਦਿੱਤੇ ਜਾਣ ਦਾ ਵੀ ਮੁੱਦਾ ਚੁੱਕਿਆ।

ਪ੍ਰੈੱਸ ਕਾਨਫਰੰਸ ਦੌਰਾਨ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਪੱਧਰ ਦੀਆਂ ਨੌਕਰੀਆਂ ਵਿੱਚ ਰਾਖਵੇਂ ਵਰਗਾਂ ਦਾ ਕੋਟਾ ਪੂਰਾ ਨਹੀਂ ਹੋਇਆ ਹੈ। ਇਸ ਲਈ ਕੇਂਦਰ ਮੁਹਿੰਮ ਚਲਾ ਕੇ ਰਾਖਵੇਂ ਵਰਗਾਂ ਦੇ ਅਧੂਰੇ ਪਏ ਕੋਟੇ ਨੂੰ ਪੂਰਾ ਕਰਵਾਏ।

ਉਨ੍ਹਾਂ ਨੇ ਪ੍ਰਾਈਵੇਟਾਈਜ਼ੇਸ਼ਨ 'ਤੇ ਵੀ ਸਵਾਲ ਚੁੱਕੇ। ਮਾਇਆਵਤੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਵੱਡੇ ਪੱਧਰ 'ਤੇ ਕੇਂਦਰ ਅਤੇ ਰਾਜ ਸਰਕਾਰਾਂ ਆਪਣੇ ਸਰਕਾਰੀ ਅਦਾਰੇ ਪ੍ਰਾਈਵੇਟ ਸੈਕਟਰ ਨੂੰ ਦੇ ਰਹੀਆਂ ਹਨ, ਜਦਕਿ ਪ੍ਰਾਈਵੇਟ ਸੈਕਟਰ ਵਿੱਚ ਰਾਖਵੇਂਕਰਨ ਦੀ ਵਿਵਸਥਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਾਈਵੇਟ ਸੈਕਟਰ ਵਿੱਚ ਵੀ ਰਾਖਵੇਂਕਰਨ ਦੀ ਵਿਵਸਥਾ ਲਾਗੂ ਕੀਤੀ ਜਾਵੇ।

ਨਾਗਰਿਕਤਾ ਸੋਧ ਬਿੱਲ 'ਤੇ ਬੋਲਦੇ ਹੋਏ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਜਿਹੜਾ ਵੀ ਬਿੱਲ ਸੰਵਿਧਾਨ, ਧਰਮ-ਜਾਤੀ ਖਿਲਾਫ ਹੋਵੇਗਾ, ਅਸੀਂ ਉਸਦਾ ਡਟ ਕੇ ਵਿਰੋਧ ਕਰਾਂਗੇ। ਜਿਸ ਬਿੱਲ ਰਾਹੀਂ ਦੇਸ਼ ਵੰਡਦਾ ਨਜ਼ਰ ਆਵੇ, ਅਸੀਂ ਉਸਦੇ ਖਿਲਾਫ ਹਾਂ।  

ਇਸਦੇ ਨਾਲ ਹੀ ਉਨ੍ਹਾਂ ਨੇ ਧਾਰਾ 370 ਸਬੰਧੀ ਕਾਨੂੰਨ ਬਾਰੇ ਕਿਹਾ ਕਿ ਇਸ ਮਾਮਲੇ 'ਚ ਅਸੀਂ ਸਮਰਥਨ ਇਸ ਲਈ ਕੀਤਾ ਸੀ, ਕਿਉਂਕਿ ਜੰਮੂ-ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨਹੀਂ ਚਾਹੁੰਦੇ ਸਨ ਕਿ ਦੇਸ਼ ਦਾ ਕੋਈ ਹਿੱਸਾ ਉਸ ਤੋਂ ਅਲੱਗ ਹੋਵੇ। ਕਾਂਗਰਸ ਤੇ ਪੰਡਤ ਨਹਿਰੂ ਕਾਰਨ ਜੰਮੂ-ਕਸ਼ਮੀਰ ਦੇ ਹਾਲਾਤ ਵਿਗੜੇ, ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਹੁਣ ਤੱਕ ਮਾਰੇ ਜਾ ਚੁੱਕੇ ਹਨ।

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਕੇਂਦਰੀ ਕੈਬਨਿਟ ਵਿੱਚ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਗਿਆ ਹੈ। ਇਨ੍ਹਾਂ ਨੇ ਇਸ ਬਿੱਲ ਨੂੰ ਠੀਕ ਤਰ੍ਹਾਂ ਤਿਆਰ ਨਹੀਂ ਕੀਤਾ ਹੈ। ਇਹ ਵਿਭਾਜਨਕਾਰੀ ਤੇ ਸੰਵਿਧਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਪਾਰਲੀਮੈਂਟ ਕਮੇਟੀ ਨੂੰ ਭੇਜਿਆ ਜਾਵੇ ਅਤੇ ਇਸ 'ਤੇ ਵਿਚਾਰ ਹੋਵੇ। ਦੇਸ਼ ਤੇ ਜਨਹਿੱਤ ਵਿੱਚ, ਸਾਰੇ ਧਰਮਾਂ ਤੇ ਸੰਵਿਧਾਨ ਨੂੰ ਧਿਆਨ ਵਿੱਚ ਰੱਖ ਕੇ ਇਹ ਬਿੱਲ ਲਿਆਉਣਾ ਚਾਹੀਦਾ ਹੈ। ਇਸ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ।

Comments

Leave a Reply