Wed,Oct 16,2019 | 11:05:50am
HEADLINES:

India

ਖ਼ਤਰਨਾਕ ਪੱਧਰ 'ਤੇ ਪਹੁੰਚਿਆ ਭਾਰਤੀ ਸਮਾਜ 'ਚ ਜਾਤੀਵਾਦ ਦਾ 'ਜ਼ਹਿਰ'

ਖ਼ਤਰਨਾਕ ਪੱਧਰ 'ਤੇ ਪਹੁੰਚਿਆ ਭਾਰਤੀ ਸਮਾਜ 'ਚ ਜਾਤੀਵਾਦ ਦਾ 'ਜ਼ਹਿਰ'

ਰੋਹਿਤ ਵੇਮੂਲਾ ਨੇ 17 ਜਨਵਰੀ 2016 ਨੂੰ ਇੱਕ ਚਿੱਠੀ ਲਿਖੀ ਸੀ। ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਰੋਹਿਤ ਵੇਮੂਲਾ ਨੇ ਖੁਦਕੁਸ਼ੀ ਤੋਂ ਪਹਿਲਾਂ ਲਿਖੀ ਇਸ ਚਿੱਠੀ 'ਚ ਦੱਸਿਆ ਸੀ ਕਿ ਇਨਸਾਨ ਦੀ ਕੀਮਤ ਉਸਦੀ ਪਛਾਣ 'ਚ ਸਿਮਟ ਕੇ ਰਹਿ ਗਈ ਹੈ। ਇੱਕ ਵੋਟ ਹੋ ਗਈ ਹੈ, ਇੱਕ ਸੰਖਿਆ ਹੋ ਗਈ ਹੈ।

ਇੱਕ ਚੀਜ਼ ਹੋ ਕੇ ਰਹਿ ਗਈ ਹੈ। ਮੇਰਾ ਜਨਮ ਸਿਰਫ ਇੱਕ ਜਾਨਲੇਵਾ ਦੁਰਘਟਨਾ ਸੀ। ਮੈਂ ਬਚਪਨ ਦੇ ਆਪਣੇ ਇਕੱਲੇਪਣ ਤੋਂ ਕਦੇ ਬਾਹਰ ਨਹੀਂ ਆ ਸਕਾਂਗਾ, ਜਿਸਦੀ ਕਿਸੇ ਨੇ ਸ਼ਲਾਘਾ ਨਹੀਂ ਕੀਤੀ। ਮੈਂ ਨਾ ਤਾਂ ਦੁਖੀ ਹਾਂ ਤੇ  ਨਾ ਹੀ ਉਦਾਸ। ਮੈਂ ਬਸ ਖਾਲੀ ਹੋ ਚੁੱਕਿਆ ਹਾਂ। ਖੁਦ ਤੋਂ ਬੇਪ੍ਰਵਾਹ ਹੋ ਚੁੱਕਿਆ ਹਾਂ। 

ਰੋਹਿਤ ਵੇਮੂਲਾ ਦੀ ਖੁਦਕੁਸ਼ੀ 'ਤੇ ਦੇਸ਼ ਭਰ 'ਚ ਬਹਿਸ ਹੋਈ, ਪਰ ਉਸ ਬਹਿਸ ਦੇ ਬਾਅਦ ਵੀ ਜਾਤੀ ਦੀ ਮਾਰ ਤੋਂ ਆ ਰਹੀਆਂ ਉਦਾਸੀਆਂ ਦਾ ਦੌਰ ਰੁਕਿਆ ਨਹੀਂ। ਸਗੋਂ ਸਾਡਾ ਸਾਰਿਆਂ ਦਾ ਧਿਆਨ ਇਸ ਗੱਲ 'ਤੇ ਗਿਆ ਹੀ ਨਹੀਂ, ਜਾਂਦਾ ਹੀ ਨਹੀਂ ਹੈ ਕਿ ਅਸੀਂ ਜਾਤੀ ਦੀ ਪਛਾਣ ਨੂੰ ਲੈ ਕੇ ਜੋ ਕੁਮੈਂਟ ਕਰਦੇ ਹਨ, ਉਹ ਸਾਡੀ ਮਾਨਸਿਕ ਬਨਾਵਟ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ।

ਮੁੰਬਈ 'ਚ ਡਾ. ਪਾਇਲ ਦੀ ਖੁਦਕੁਸ਼ੀ ਨੂੰ ਲੈ ਕੇ ਨਾਗਰਿਕ ਸਮਾਜ ਦੇ ਇੱਕ ਹਿੱਸੇ 'ਚ ਬਹੁਤ ਬੇਚੈਨੀ ਹੈ। ਪਾਇਲ ਲਈ ਇਨਸਾਫ ਦੀ ਮੰਗ ਕਰ ਰਹੇ ਇਨ੍ਹਾਂ ਲੋਕਾਂ ਨੂੰ ਦੇਖ ਕੇ ਤੁਹਾਨੂੰ ਲੱਗ ਸਕਦਾ ਹੋਵੇਗਾ ਕਿ ਇਹ ਰੂਟੀਨ ਵਿਰੋਧ ਪ੍ਰਦਰਸ਼ਨ ਹੈ। ਮੇਰੀ ਇਹ ਗੁਜ਼ਾਰਿਸ਼ ਹੈ ਕਿ ਜਿਸ ਕਾਰਨ ਕਰਕੇ ਪਾਇਲ ਨੇ ਖੁਦਕੁਸ਼ੀ ਕੀਤੀ ਹੈ, ਅਸੀਂ ਉਸਨੂੰ ਪੁਲਿਸ ਦੀ ਕਾਰਵਾਈ ਤੱਕ ਸੀਮਤ ਨਾ ਰੱਖੀਏ।

ਹੁਣ ਤਾਂ ਪਾਇਲ ਦੇ ਹਸਪਤਾਲ ਨੇ ਵੀ ਆਪਣੀ ਰਿਪੋਰਟ 'ਚ ਮੰਨਿਆ ਹੈ ਕਿ ਉਸਨੂੰ ਉਸਦੀ ਜਾਤੀ ਨੂੰ ਲੈ ਕੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਤਾਅਨੇ ਮਾਰੇ ਜਾ ਰਹੇ ਸਨ। ਡਾ. ਹੇਮਾ ਆਹੂਜਾ, ਡਾ. ਅੰਕਿਤਾ ਖੰਡੇਲਵਾਲ ਤੇ ਡਾ. ਭਕਿਤ ਮੇਹਰ 'ਤੇ ਕਥਿਤ ਤੌਰ 'ਤੇ ਦੋਸ਼ ਲੱਗਿਆ ਕਿ ਇਨ੍ਹਾਂ ਤਿੰਨਾਂ ਨੇ ਕਈ ਮੌਕਿਆਂ 'ਤੇ ਪਾਇਲ ਤੜਵੀ ਨੂੰ ਉਸਦੀ ਸਮਾਜਿਕ ਪਿੱਠਭੂਮੀ ਕਰਕੇ ਪਰੇਸ਼ਾਨ ਕੀਤਾ।

ਦੱਸਿਆ ਜਾਂਦਾ ਹੈ ਕਿ ਖੁਦਕੁਸ਼ੀ ਵਾਲੇ ਦਿਨ ਤੋਂ ਪਹਿਲਾਂ ਆਪਰੇਸ਼ਨ ਥਿਏਟਰ 'ਚ ਉਸਦੇ ਨਾਲ ਇਨ੍ਹਾਂ ਤਿੰਨਾਂ ਨੇ ਬਹੁਤ ਬੁਰਾ ਵਤੀਰਾ ਕੀਤਾ ਤੇ ਉਹ ਰੋਂਦੇ ਹੋਏ ਬਾਹਰ ਆ ਗਈ ਸੀ। ਤਿੰਨਾਂ ਡਾਕਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਡੇ ਸਹਿਯੋਗੀ ਸੋਹਿਤ ਮਿਸ਼ਰ ਨੇ ਦੱਸਿਆ ਹੈ ਕਿ ਪਾਇਲ ਦਾ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਖੁਦਕੁਸ਼ੀ ਤੋਂ 9 ਦਿਨ ਪਹਿਲਾਂ ਪਾਇਲ ਦੇ ਪਤੀ ਸਲਮਾਨ ਨੇ ਵੀ ਟੀਐੱਨ ਟੋਪੀਵਾਲਾ ਨੈਸ਼ਨਲ ਮੈਡੀਕਲ ਕਾਲਜ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੀ ਪਤਨੀ ਪਾਇਲ ਨੂੰ ਸੀਨੀਅਰ ਡਾਕਟਰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਹੇ ਹਨ। ਮਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦਸੰਬਰ 2018 'ਚ ਵੀ ਲਿਖਿਆ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਜਾਤੀ ਦੇ ਅਧਾਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। 26 ਸਾਲ ਦੀ ਸੀ ਪਾਇਲ। ਮੁਮਕਿਨ ਹੈ ਕਿ ਇਸ ਉਮਰ 'ਚ ਪਾਇਲ ਇਨ੍ਹਾਂ ਤਾਅਨਿਆਂ ਨੂੰ ਨਹੀਂ ਝੱਲ ਸਕੀ ਹੋਵੇ। ਉਹ ਡਿਪਰੈਸ਼ਨ 'ਚ ਚਲੀ ਗਈ।

ਪਾਇਲ ਤੜਵੀ ਅਨੁਸੂਚਿਤ ਜਨਜਾਤੀ ਦੀ ਹੈ। ਪਾਇਲ ਤੜਵੀ ਡਾਕਟਰ ਬਣ ਕੇ ਮਹਾਰਾਸ਼ਟਰ ਦੇ ਜਲਗਾਓਂ 'ਚ ਆਪਣੇ ਸਮਾਜ ਦੀ ਸੇਵਾ ਲਈ ਹਸਪਤਾਲ ਖੋਲ੍ਹਣਾ ਚਾਹੁੰਦੀ ਸੀ। 30 ਸਾਲ ਪਹਿਲਾਂ ਕੋਈ ਇਸ ਸਮਾਜ ਤੋਂ ਡਾਕਟਰ ਬਣਿਆ ਸੀ। ਉਸਦੇ ਬਾਅਦ ਪਾਇਲ ਤੜਵੀ ਨੇ ਪੰਜ ਸਾਲ ਮੈਡੀਕਲ ਦੀ ਪੜ੍ਹਾਈ ਦੇ ਬਾਅਦ ਡਾਕਟਰੇਟ 'ਚ ਦਾਖਲਾ ਲਿਆ ਸੀ। ਕਿਸੇ ਵੀ ਪੈਮਾਨੇ ਤੋਂ ਇਸ ਸਮਾਜ 'ਚ ਹਰ ਤਰ੍ਹਾਂ ਦਾ ਪੱਛੜਾਪਨ ਹੈ।

ਅਜਿਹੇ ਸਮਾਜ ਤੋਂ ਕੋਈ ਪਾਇਲ ਮੈਡੀਕਲ ਤੱਕ ਪਹੁੰਚ ਜਾਏ, ਸਧਾਰਨ ਗੱਲ ਨਹੀਂ ਹੈ। ਮਾਰਚ 2014 'ਚ ਤਾਮਿਲਨਾਡੁ ਦੇ ਮੁਥੂਕ੍ਰਿਸ਼ਨਨ ਨੇ ਖੁਦਕੁਸ਼ੀ ਕੀਤੀ ਸੀ। ਮੁਥੂ ਜੇਐੱਨਯੁ ਦੇ ਪੀਐੱਚਡੀ ਸਕਾਲਰ ਸਨ। ਮੁਥੂ ਨੇ ਆਪਣੀ ਆਖਰੀ ਪੋਸਟ 'ਚ ਲਿਖਿਆ ਸੀ ਕਿ ਜਦੋਂ ਸਮਾਨਤਾ ਨਹੀਂ ਤਾਂ ਕੁਝ ਵੀ ਨਹੀਂ।

ਅਜਿਹੀਆਂ ਕਈ ਘਟਨਾਵਾਂ ਤੁਹਾਨੂੰ ਮਿਲ ਜਾਣਗੀਆਂ। 2008 'ਚ ਥੋਰਾਟ ਕਮੇਟੀ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ 69 ਫੀਸਦੀ ਅਨੁਸੂਚਿਤ ਜਾਤੀ, ਜਨਜਾਤੀ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਹਿਯੋਗ ਨਹੀਂ ਮਿਲਦਾ ਹੈ। 72 ਫੀਸਦੀ ਵਿਦਿਆਰਥੀਆਂ ਨੇ ਪੜ੍ਹਾਈ ਦੇ ਸਮੇਂ ਭੇਦਭਾਵ ਦੀ ਗੱਲ ਮੰਨੀ ਹੈ। 84 ਫੀਸਦੀ ਵਿਦਿਆਰਥੀਆਂ ਨੇ ਪ੍ਰੈਕਟੀਕਲ ਪ੍ਰੀਖਿਆ 'ਚ ਨਾ ਇਨਸਾਫੀ ਦੀ ਗੱਲ ਕਹੀ ਹੈ।

ਅਸੀਂ ਦੇਖ ਤਾਂ ਰਹੇ ਹਾਂ ਕਿ ਜਾਤੀ ਨੂੰ ਲੈ ਕੇ ਮੈਡੀਕਲ ਤੇ ਇੰਜੀਨੀਅਰਿੰਗ ਕਾਲਜ 'ਚ ਟਾਰਚਰ ਕਰਨ ਦੇ ਕਿੰਨੇ ਢੰਗ ਹਨ। ਕਈ ਮੈਡੀਕਲ ਕਾਲਜਾਂ 'ਚ ਜਾਤੀ ਦੇ ਅਧਾਰ 'ਤੇ ਸੀਨੀਅਰ ਤੇ ਜੂਨੀਅਰ ਦਾ ਕਲੱਬ ਵੰਡਿਆ ਹੁੰਦਾ ਹੈ, ਜੋ ਪਹਿਲੀ ਵਾਰ ਇਨ੍ਹਾਂ ਸੰਸਥਾਵਾਂ 'ਚ ਦਾਖਲ ਹੋ ਰਿਹਾ ਹੁੰਦਾ ਹੈ ਤੇ ਸਮਾਜਿਕ ਤੇ ਆਰਥਿਕ ਤੌਰ 'ਤੇ ਬਹੁਤ ਹੀ ਕਮਜ਼ੋਰ ਤਬਕੇ ਤੋਂ ਹੁੰਦਾ ਹੋਵੇਗਾ, ਉਸਦੀ ਇਨ੍ਹਾਂ ਜਾਤੀ ਸਮੂਹਾਂ 'ਚ ਵੰਡੇ ਸੀਨੀਅਰਾਂ ਦੇ ਸਾਹਮਣੇ ਕੀ ਹਾਲਤ ਹੁੰਦੀ ਹੋਵੇਗੀ, ਅਸੀਂ ਨਹੀਂ ਜਾਣਦੇ।

ਅਸੀਂ ਨਹੀਂ ਜਾਣਦੇ ਕੇ ਕਮਜ਼ੋਰ ਜਾਤੀਆਂ ਨੂੰ ਪਰੇਸ਼ਾਨ ਕਰਨ ਵਾਲੇ ਸੀਨੀਅਰ ਆਪਣੇ ਡਾਕਟਰ ਹੋਣ ਦੀ ਕਾਮਯਾਬੀ ਦੇ ਪਿੱਛੇ ਇਸ ਤਰ੍ਹਾਂ ਦੇ ਅਪਰਾਧ ਨੂੰ ਕਿਵੇਂ ਛੁਪਾ ਲੈ ਜਾਂਦੇ ਹੋਣਗੇ। ਲੰਡਨ 'ਚ ਕ੍ਰਾਸ ਕਲਚਰ ਮਨੋਵਿਗਿਆਨਕ ਹਨ ਸੁਸ਼ਰੁਤ ਜਾਧਵ। ਸੁਸ਼ਰੁਤ ਜਾਧਵ ਨੇ ਭਾਰਤ 'ਚ ਮੈਂਟਲ ਹੈਲਥ ਥਿਓਰੀ ਤੇ ਸਮਝ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ ਇਹ ਕਹਿੰਦੇ ਹੋਏ ਕਿ ਇਹ ਵਿਸ਼ਾ ਸੰਸਕ੍ਰਿਤਕ ਤੇ ਬੌਧਿਕ ਤੌਰ 'ਤੇ ਭ੍ਰਿਸ਼ਟ ਹੈ ਤੇ ਖੋਖਲਾ ਹੈ।

ਮਤਲਬ ਮਨੋਚਕਿਤਸਕ ਦੀ ਦੁਨੀਆ 'ਚ ਇਸ ਗੱਲ ਨੂੰ ਲੈ ਕੇ ਸਮਝ ਹੀ ਨਹੀਂ ਹੈ ਕਿ ਜਾਤੀ ਨੂੰ ਲੈ ਕੇ ਹੋਣ ਵਾਲੇ ਭੇਦਭਾਵ ਦਾ ਕਿਸੇ 'ਤੇ ਕੀ ਅਸਰ ਪੈਂਦਾ ਹੋਵੇਗਾ। ਉਸਦੇ ਵਿਅਕਤੀਤਵ 'ਚ ਕਿਸ ਤਰ੍ਹਾਂ ਦਾ ਬਦਲਾਅ ਆਉਂਦਾ ਹੋਵੇਗਾ। ਕਿਵੇਂ ਉਹ ਵਿਅਕਤੀ ਇਨ੍ਹਾਂ ਕਾਰਨਾਂ ਕਾਰਨ ਡੂੰਘੇ ਡਿਪ੍ਰੈਸ਼ਨ 'ਚ ਚਲਾ ਜਾਂਦਾ ਹੋਵੇਗਾ।

ਜਾਤੀ ਦਾ ਮਾਨਸਿਕ ਸਿਹਤ 'ਤੇ ਡੂੰਘਾ ਅਸਰ ਪੈਂਦਾ ਹੈ। Blue Dawn ਨਾਲ ਜੁੜੇ ਲੋਕ ਮਨੋਚਕਿਤਸਕ ਨਹੀਂ ਹਨ, ਸਗੋਂ ਇੱਕ ਵਰਗ ਨਾਲ ਸਬੰਧਤ ਨੈੱਟਵਰਕ ਹੈ, ਜੋ ਅਨੁਸੂਚਿਤ ਜਾਤੀ, ਜਨਜਾਤੀ ਤੇ ਓਬੀਸੀ ਸਮਾਜ ਦੇ ਪੀੜਤ ਲੋਕਾਂ ਨੂੰ ਮਨੋਚਕਿਤਸਕ ਤੱਕ ਪਹੁੰਚਣ ਦਾ ਰਾਸਤਾ ਦੱਸਦੇ ਹਨ। ਉਨ੍ਹਾਂ ਨੂੰ ਇੱਕ ਮਾਹੌਲ ਦਿੰਦੇ ਹਨ ਤਾਂ ਕਿ ਉਹ ਆਪਣੇ ਜ਼ਖਮਾਂ ਤੋਂ ਉਭਰ ਸਕਣ। ਆਂਧਰਾ ਦੀ ਰਹਿਣ ਵਾਲੀ ਦਿਵਿਆ ਕੁੰਦਕੁਰੀ ਦਾ ਵੀਡੀਓ ਤੁਸੀਂ ਜ਼ਰੂਰ ਦੇਖੋ। ਅੰਗਰੇਜ਼ੀ 'ਚ ਹੈ।

ਦਿਵਿਆ ਨੇ ਬਹੁਤ ਹੀ ਸਫਾਈ ਨਾਲ ਦੱਸਿਆ ਹੈ ਕਿ ਕਿਵੇਂ ਅਸੀਂ ਬੋਲਚਾਲ 'ਚ ਜਾਣਬੁੱਝ ਕੇ ਤੇ ਅਣਜਾਣੇ 'ਚ ਜਾਤੀ ਨੂੰ ਲੈ ਕੇ ਕੁਮੈਂਟ ਕਰਦੇ ਹਾਂ। ਅਣਜਾਣੇ 'ਚ ਬੋਲਣ ਨਾਲ ਤੁਹਾਨੂੰ ਛੂਟ ਨਹੀਂ ਮਿਲ ਜਾਂਦੀ ਹੈ। ਬਸ ਥੋੜ੍ਹਾ ਜਿਹਾ ਯਤਨ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਇੱਕ ਮੁਹਾਵਰੇ ਜ਼ਰੀਏ ਕਿਸੇ ਨੂੰ ਕਿਵੇਂ ਜ਼ਖ਼ਮ ਦੇ ਦਿੱਤਾ, ਜਿਸਨੂੰ ਅਸੀਂ ਅਣਜਾਣੇ 'ਚ ਆਇਆ ਸ਼ਬਦ ਕਹਿੰਦੇ ਹਾਂ, ਉਹ ਸਾਨੂੰ ਆਸਮਾਨ ਤੋਂ ਨਹੀਂ ਮਿਲਦਾ ਹੈ, ਸਗੋਂ ਪਰਿਵਾਰ ਤੋਂ ਕਿਸੇ ਜ਼ਰੀਏ ਹੀ ਆਉਂਦਾ ਹੈ। ਆਪਣੇ ਮਾਂ-ਬਾਪ ਜਾਂ ਫਿਰ ਜਾਣ ਪਛਾਣ ਵਾਲਿਆਂ ਤੋਂ। ਇਸ ਲਈ ਕਿਸੇ ਨੂੰ ਚੰਗਾ ਜਾਂ ਮਾੜਾ ਕਹਿਣ ਲਈ ਕਿਸੇ ਸਮਾਜ, ਭਾਸ਼ਾ ਤੇ ਇਲਾਕੇ ਦਾ ਇਸਤੇਮਾਲ  ਨਹੀਂ ਕਰਨਾ ਚਾਹੀਦਾ। 

ਕਾਨੂੰਨਨ ਤੁਸੀਂ ਕੋਈ ਜਾਤੀਸੂਚਕ ਸ਼ਬਦ ਇਸਤੇਮਾਲ ਨਹੀਂ ਕਰ ਸਕਦੇ ਹੋ ਤੇ ਦਿਵਿਆ ਨੇ ਵੀ ਇਸ ਵੀਡੀਓ ਰਾਹੀਂ ਦੱਸਿਆ ਹੈ ਕਿ ਅਪਰਾਧ ਹੈ, ਤਾਂ ਵੀ ਅਪਰਾਧ ਕਰਦੇ ਹਨ ਲੋਕ। ਜਿਸ ਨਾਲ ਬੇਕਸੂਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਕਾਰਨ ਜੋ ਡਿਪ੍ਰੈਸ਼ਨ ਪੈਦਾ ਹੁੰਦਾ ਹੈ, ਉਹ ਕਦੇ ਕਦੇ ਜਾਨਲੇਵਾ ਹੋ ਜਾਂਦਾ ਹੈ। ਬਹੁਜਨਾਂ ਦੀ ਮੈਂਟਲ ਹੈਲਥ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਇਹ ਯਤਨ ਸ਼ਲਾਘਾਯੋਗ ਹੈ। Thebluedawn56 ਇੰਸਟਾਗ੍ਰਾਮ ਹੈਂਡਲ ਹੈ। ਪਬਲਿਕ ਸਪੇਸ 'ਚ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਕਿਥੇ ਕਿਥੇ ਜਾਤੀ ਦੇ ਅਧਾਰ 'ਤੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।

ਬੱਚਿਆਂ ਨੂੰ ਜਾਤੀਵਾਦ ਨਾਲ ਲੜਨ ਦੀ ਟ੍ਰੇਨਿੰਗ ਦਿਓ
ਪਾਇਲ ਆਪਣੇ ਪਰਿਵਾਰ ਦੀ ਪਹਿਲੀ ਡਾਕਟਰ ਸੀ, ਜੋ ਜ਼ਿੰਦਾ ਰਹਿੰਦੀ ਤਾਂ ਆਪਣੇ ਖਾਨਦਾਨ ਤੇ ਰਿਸ਼ਤੇਦਾਰਾਂ 'ਚ ਪਤਾ ਨਹੀਂ ਕਿੰਨਿਆਂ ਨੂੰ ਡਾਕਟਰ ਬਣਨ ਲਈ ਪ੍ਰੇਰਿਤ ਕਰਦੀ। ਇਸ ਲਈ ਪਾਇਲ ਦੀ ਮੌਤ ਇਕੱਲੇ ਉਸਦੀ ਨਹੀਂ, ਸੈਂਕੜੇ ਬੱਚਿਆਂ ਦੇ ਸੁਪਨਿਆਂ ਦੀ ਮੌਤ ਹੈ। ਪਾਇਲ ਦੀ ਮੌਤ ਦਾ ਕਾਰਨ ਬਣੀ ਸ਼ੈਤਾਨ ਲੜਕੀਓ! ਤੁਸੀਂ ਇਕੱਲੇ ਪਾਇਲ ਨੂੰ ਲਟਕਣ ਲਈ ਮਜਬੂਰ ਨਹੀਂ ਕੀਤਾ, ਸਗੋਂ ਸਾਡੇ ਸਮਾਜ ਦੇ ਸੈਂਕੜੇ ਬੱਚਿਆਂ ਦੇ ਸੁਪਨਿਆਂ ਨੂੰ ਲਟਕਾਇਆ ਹੈ।

ਪਾਇਲ ਦੀ ਮੌਤ ਦਲਿਤ ਆਦਿਵਾਸੀ ਸਮਾਜ ਨੂੰ ਇੱਕ ਵੱਡਾ ਸੰਦੇਸ਼ ਵੀ ਦੇ ਗਈ ਹੈ। ਠੀਕ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾ ਰਹੇ ਹੋ। ਉਨ੍ਹਾਂ ਨੂੰ ਡਾਕਟਰ, ਇੰਜੀਨੀਅਰ ਤੇ ਵੱਡੇ-ਵੱਡੇ ਅਹੁਦਿਆਂ 'ਤੇ ਪਹੁੰਚਣ ਲਈ ਪ੍ਰੇਰਿਤ ਕਰ ਰਹੇ ਹੋ। ਇਨ੍ਹਾਂ ਸਾਰੀਆਂ ਗੱਲਾਂ ਵਿਚਾਲੇ ਆਪਣੇ ਬੱਚਿਆਂ ਨੂੰ ਜਾਤੀਵਾਦ ਨਾਲ ਲੜਨਾ ਵੀ ਸਿਖਾਓ। ਜਦੋਂ ਤੁਹਾਡਾ ਬੱਚਾ ਨੌਵੀਂ ਕਲਾਸ 'ਚ ਪਹੁੰਚ ਜਾਵੇ ਤਾਂ ਇੱਕ ਵਾਰ ਉੁਸਨੂੰ ਬਿਠਾ ਕੇ ਜਾਤੀਵਾਦ ਬਾਰੇ ਜ਼ਰੂਰ ਸਮਝਾਓ।

ਆਉਣ ਵਾਲੇ ਸਮੇਂ 'ਚ ਉਸ ਦੇ ਸਾਹਮਣੇ ਜਾਤੀ ਨਾਲ ਜੁੜੇ ਕਿਹੜੇ ਕਿਹੜੇ ਸਵਾਲ ਆਉਣਗੇ? ਇਸਦੇ ਬਾਰੇ ਵੀ ਦੱਸੋ। ਉਨ੍ਹਾਂ ਨੂੰ ਇਹ ਵੀ ਦੱਸੋ ਕਿ ਉਹ ਇਨ੍ਹਾਂ ਸਵਾਲਾਂ ਨਾਲ ਕਿਵੇਂ ਲੜਨ। ਉਨ੍ਹਾਂ ਨੂੰ ਇਹ ਭਰੋਸਾ ਦਿਵਾਓ ਕਿ ਅਜਿਹਾ ਹੋਣ 'ਤੇ ਉਹ ਤੁਰੰਤ ਤੁਹਾਡੇ ਨਾਲ ਗੱਲ ਕਰਨ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਵੀ ਪਾਇਲ ਜਾਂ ਫਿਰ ਰੋਹਿਤ ਵੇਮੁਲਾ ਬਣ ਜਾਵੇ।
-ਰਵੀਸ਼ ਕੁਮਾਰ

Comments

Leave a Reply