Tue,Feb 25,2020 | 03:11:56pm
HEADLINES:

India

ਐੱਨਆਰਸੀ-ਸੀਏਏ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਸ ਨੇ ਹਟਾਇਆ, 27 'ਤੇ ਕੇਸ ਦਰਜ

ਐੱਨਆਰਸੀ-ਸੀਏਏ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਸ ਨੇ ਹਟਾਇਆ, 27 'ਤੇ ਕੇਸ ਦਰਜ

ਮੱਧ ਪ੍ਰਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) ਖਿਲਾਫ ਹੋ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ 'ਤੇ ਸਵਾਲ ਉੱਠ ਰਹੇ ਹਨ।  

16 ਜਨਵਰੀ ਦੀ ਰਾਤ ਨੂੰ ਇੰਦੌਰ ਜਾਮਾ ਮਸਜਿਦ ਦੇ ਬਾਹਰ ਐੱਨਆਰਸੀ-ਸੀਏਏ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਨੇ ਲਾਠੀਚਾਰਜ ਕਰ ਦਿੱਤਾ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੁਲਸ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ। ਖਬਰਾਂ ਮੁਤਾਬਕ, 14 ਜਨਵਰੀ ਤੋਂ ਲੋਕ ਇੱਥੇ ਐੱਨਆਰਸੀ-ਸੀਏਏ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਅੱਧੀ ਰਾਤ ਨੂੰ ਪੁਲਸ ਮੌਕੇ 'ਤੇ ਪਹੁੰਚੀ ਤੇ ਉੱਥੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਇਸਦਾ ਵਿਰੋਧ ਕੀਤਾ ਤਾਂ ਪੁਲਸ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।

17 ਜਨਵਰੀ ਨੂੰ ਜਦੋਂ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਮਾਹੌਲ ਗਰਮ ਹੋ ਗਿਆ। ਇਸ ਸਬੰਧ ਵਿੱਚ ਪੁਲਸ ਦਾ ਕਹਿਣਾ ਹੈ ਕਿ ਉਹ ਪ੍ਰਦਰਸ਼ਨ ਵਾਲੇ ਸਥਾਨ 'ਤੇ ਇੱਕ ਦਰੀ ਨੂੰ ਲੱਗੀ ਅੱਗ ਨੂੰ ਬੁਝਾਉਣ ਗਏ ਸਨ, ਪਰ ਪ੍ਰਦਰਸ਼ਨਕਾਰੀਆਂ ਨੇ ਉੱਥੋਂ ਪੁਲਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਸਥਿਤੀ ਤਣਾਅਪੂਰਨ ਹੋਣ 'ਤੇ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਾ ਕੇ ਮਾਹੌਲ ਸ਼ਾਂਤ ਕੀਤਾ। ਪੁਲਸ ਨੇ ਇਸ ਸਬੰਧ ਵਿੱਚ 27 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।

ਦੂਜੇ ਪਾਸੇ ਇੱਕ ਹੋਰ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਹੀ ਭੋਪਾਲ ਵਿੱਚ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰਕੇ ਪ੍ਰਦਰਸ਼ਨ ਕਰਨ 'ਤੇ ਰੋਕ ਲਗਾ ਦਿੱਤੀ ਹੈ। ਅਜਿਹੇ ਵਿੱਚ ਐੱਨਆਰਸੀ-ਸੀਏਏ ਖਿਲਾਫ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।

ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਲੋਕ ਇਸਨੂੰ ਐੱਨਆਰਸੀ-ਸੀਏਏ ਦੇ ਵਿਰੋਧ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦੱਸ ਰਹੇ ਹਨ।

Comments

Leave a Reply