Wed,Jun 03,2020 | 09:08:40pm
HEADLINES:

India

ਟੀਚਰ ਨੇ ਐੱਸਸੀ ਵਿਦਿਆਰਥਣ ਨੂੰ ਕਿਹਾ-ਤੇਰਾ ਕੰਮ ਸਫਾਈ ਕਰਨ ਦਾ, ਪੜ੍ਹ-ਲਿਖ ਕੇ ਤੂੰ ਕਿਹੜਾ ਡੀਸੀ ਬਣ ਜਾਣਾ

ਟੀਚਰ ਨੇ ਐੱਸਸੀ ਵਿਦਿਆਰਥਣ ਨੂੰ ਕਿਹਾ-ਤੇਰਾ ਕੰਮ ਸਫਾਈ ਕਰਨ ਦਾ, ਪੜ੍ਹ-ਲਿਖ ਕੇ ਤੂੰ ਕਿਹੜਾ ਡੀਸੀ ਬਣ ਜਾਣਾ

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਉੱਚ ਜਾਤੀ ਨਾਲ ਸਬੰਧਤ ਮਹਿਲਾ ਟੀਚਰ ਵੱਲੋਂ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੀ ਵਿਦਿਆਰਥਣ ਨਾਲ ਜਾਤੀ ਭੇਦਭਾਵ ਕਰਨ ਦੀ ਘਟਨਾ ਸਾਹਮਣੇ ਆਈ ਹੈ। ਖਬਰਾਂ ਮੁਤਾਬਕ, ਇੱਥੇ ਦੇ ਰਿਠੌਰਾ ਵਿਖੇ ਪ੍ਰਾਈਮਰੀ ਸਕੂਲ ਵਿੱਚ ਪੜ੍ਹਨ ਵਾਲੀ ਇੱਕ ਐੱਸਸੀ ਵਿਦਿਆਰਥਣ ਨੇ ਟੀਚਰ 'ਤੇ ਕੁੱਟਮਾਰ ਤੇ ਜਾਤੀ ਤੌਰ 'ਤੇ ਜ਼ਲੀਲ ਕਰਨ ਦੇ ਦੋਸ਼ ਲਗਾਏ ਹਨ।

ਵਿਦਿਆਰਥਣ ਦੇ ਪਰਿਵਾਰ ਵੱਲੋਂ ਨਵਾਬਗੰਜ ਥਾਣੇ ਵਿੱਚ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਐੱਸਸੀ ਵਿਦਿਆਰਥਣ ਮੋਹਿਣੀ ਅਭੈਰਾਜਪੁਰ ਪਿੰਡ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਮਜ਼ਦੂਰੀ ਕਰਦੇ ਹਨ। ਚੌਥੀ ਕਲਾਸ 'ਚ ਪੜ੍ਹਨ ਵਾਲੀ ਮੋਹਿਣੀ ਦੇ ਪਿਤਾ ਰਾਜੇਸ਼ ਪਾਲ ਨੇ ਸ਼ਿਕਾਇਤ ਵਿੱਚ ਕਿਹਾ ਕਿ ਟੀਚਰ ਸੰਧਿਆ ਸ਼ਰਮਾ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਨੂੰ ਪਸੰਦ ਨਹੀਂ ਕਰਦੀ ਅਤੇ ਉਨ੍ਹਾਂ ਨਾਲ ਭੇਦਭਾਵ ਕਰਦੀ ਹੈ।

ਉਨ੍ਹਾਂ ਦੱਸਿਆ ਉਨ੍ਹਾਂ ਦੀ ਬੇਟੀ ਸਕੂਲ ਗਈ ਸੀ ਅਤੇ ਕਲਾਸ ਵਿੱਚ ਬੈਠੀ ਸੀ। ਇਸ ਦੌਰਾਨ ਟੀਚਰ ਸੰਧਿਆ ਸ਼ਰਮਾ ਉਸਦੀ ਕਲਾਸ ਵਿੱਚ ਪੜ੍ਹਾਉਣ ਪਹੁੰਚੀ ਤੇ ਉਸਨੇ ਦੇਖਿਆ ਕਿ ਮੋਹਿਣੀ ਕਲਾਸ ਦੇ ਬੱਚਿਆਂ ਦੇ ਨਾਲ ਬੈਠੀ ਹੈ। ਇਹ ਦੇਖ ਕੇ ਉਹ ਭੜਕ ਗਈ।
ਟੀਚਰ ਨੇ ਮੋਹਿਣੀ ਨੂੰ ਕਲਾਸ ਵਿੱਚੋਂ ਬਾਹਰ ਜਾਣ ਲਈ ਕਿਹਾ, ਪਰ ਜਦੋਂ ਮੋਹਿਣੀ ਨੇ ਉਸਦੀ ਗੱਲ ਨਹੀਂ ਮੰਨੀ ਤਾਂ ਉਸਨੇ ਵਿਦਿਆਰਥਣ ਨੂੰ ਬਾਲਾਂ ਤੋਂ ਫੜ ਕੇ ਕੁੱਟਿਆ ਤੇ ਬਾਹਰ ਧੁੱਪ ਵਿੱਚ ਖੜੀ ਕਰ ਦਿੱਤਾ।

ਰਾਜੇਸ਼ ਪਾਲ ਨੇ ਦੱਸਿਆ ਕਿ ਟੀਚਰ ਨੇ ਮੋਹਿਣੀ ਨੂੰ ਇਹ ਵੀ ਕਿਹਾ ਕਿ ਉਸਦਾ ਕੰਮ ਟਾਇਲਟ ਸਾਫ ਕਰਨ ਦਾ ਹੈ। ਜੇਕਰ ਥੋੜਾ-ਬਹੁਤ ਪੜ੍ਹ-ਲਿਖ ਵੀ ਗਈ ਤਾਂ ਕੀ ਡੀਸੀ ਬਣ ਜਾਵੇਗੀ। ਸਕੂਲ ਦੀ ਛੁੱਟੀ ਤੋਂ ਬਾਅਦ ਮੋਹਿਣੀ ਨੇ ਇਸ ਸਾਰੀ ਘਟਨਾ ਦੀ ਸ਼ਿਕਾਇਤ ਘਰ ਆ ਕੇ ਦੱਸੀ।

ਰਾਜੇਸ਼ ਪਾਲ ਨੇ ਇਹ ਦੋਸ਼ ਵੀ ਲਗਾਇਆ ਕਿ ਮਿਡ ਡੇ ਮੀਲ ਖਾਣ ਦੌਰਾਨ ਵੀ ਮੋਹਿਣੀ ਨੂੰ ਬਾਕੀ ਬੱਚਿਆਂ ਤੋਂ ਅਲੱਗ ਬਿਠਾਇਆ ਜਾਂਦਾ ਹੈ ਤੇ ਉਸਨੂੰ ਅਖੀਰ ਵਿੱਚ ਭੋਜਨ ਦਿੱਤਾ ਜਾਂਦਾ ਹੈ। ਦੂਜੇ ਪਾਸੇ ਟੀਚਰ ਸੰਧਿਆ ਸ਼ਰਮਾ ਨੇ ਭੇਦਭਾਵ ਕਰਨ ਦੀ ਗੱਲ ਨੂੰ ਬੇਬੁਨਿਆਦ ਦੱਸਿਆ। ਉਸਨੇ ਕਿਹਾ ਕਿ ਸਾਰੇ ਬੱਚਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ।

Comments

Leave a Reply