Mon,Dec 18,2017 | 08:18:02pm
HEADLINES:

India

ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ 'ਚ ਵੀ ਹਾਥੀ ਦੀ ਧਮਕ

ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ 'ਚ ਵੀ ਹਾਥੀ ਦੀ ਧਮਕ

ਉੱਤਰ ਪ੍ਰਦੇਸ਼ 'ਚ ਸਥਾਨਕ ਸਰਕਾਰ ਚੋਣਾਂ ਦੌਰਾਨ ਭਾਜਪਾ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਈਵੀਐਮ 'ਚ ਹੇਰਾਫੇਰੀ ਕੀਤੇ ਜਾਣ ਦੇ ਦੋਸ਼ ਲੱਗੇ। ਹਾਲਾਂਕਿ ਇਸਦੇ ਬਾਵਜੂਦ ਬਸਪਾ ਨੇ ਇੱਥੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬਸਪਾ ਨੇ ਨਾ ਸਿਰਫ ਮੇਰਠ ਤੇ ਅਲੀਗੜ 'ਚ ਭਾਜਪਾ ਨੂੰ ਹਰਾ ਕੇ ਮੇਅਰ ਦੀਆਂ ਸੀਟਾਂ ਜਿੱਤੀਆਂ, ਸਗੋਂ ਉਸਨੇ ਕੌਂਸਲਰ ਦੀਆਂ ਕਰੀਬ 147 ਸੀਟਾਂ ਵੀ ਆਪਣੀ ਝੋਲੀ ਵਿੱਚ ਪਾ ਲਈਆਂ। 
 
ਇਸ ਤੋਂ ਇਲਾਵਾ ਬਸਪਾ ਨੇ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਨਗਰ ਕੌਂਸਲ ਦੇ ਪ੍ਰਧਾਨ ਅਹੁਦੇ ਦੀਆਂ 29 ਸੀਟਾਂ 'ਤੇ ਬਸਪਾ ਦੇ ਹਾਥੀ ਨੇ ਬਾਜ਼ੀ ਮਾਰ ਲਈ ਹੈ। ਇਸ ਤੋਂ ਇਲਾਵਾ ਬਸਪਾ ਦੇ 262 ਉਮੀਦਵਾਰ ਨਗਰ ਕੌਂਸਲ ਮੈਂਬਰ ਬਣਨ ਵਿੱਚ ਸਫਲ ਰਹੇ।
 
ਨਗਰ ਪੰਚਾਇਤ ਪ੍ਰਧਾਨ  ਦੀਆਂ 45 ਸੀਟਾਂ ਅਤੇ ਨਗਰ ਪੰਚਾਇਤ ਮੈਂਬਰ ਦੀਆਂ 217 ਸੀਟਾਂ 'ਤੇ ਵੀ ਬਸਪਾ ਜਿੱਤ ਦਾ ਝੰਡਾ ਗੱਡਣ ਵਿੱਚ ਸਫਲ ਹੋ ਗਈ ਹੈ। ਨਗਰ ਨਿਗਮ ਚੋਣਾਂ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਭਾਜਪਾ ਦੇ ਮੁਕਾਬਲੇ ਵਿੱਚ ਸਿਰਫ ਬਸਪਾ ਹੀ ਨਜ਼ਰ ਆਈ, ਜਦਕਿ ਕਾਂਗਰਸ ਤੇ ਸਮਾਜਵਾਦੀ ਪਾਰਟੀ ਪਿੱਛੇ ਰਹਿ ਗਏ। 
 
ਪੱਛਮੀ ਯੂਪੀ ਦੀ ਰਾਜਨੀਤੀ ਦੇ ਕੇਂਦਰ ਮੇਰਠ, ਜਿਸਨੂੰ ਭਾਜਪਾ ਆਪਣਾ ਮਜ਼ਬੂਤ ਗੜ ਮੰਨਦੀ ਹੈ, ਉੱਥੇ ਬਸਪਾ ਨੇ ਭਾਜਪਾ ਨੂੰ ਧੂੜ ਚਟਾ ਦਿੱਤੀ। ਇੱਥੇ ਬਸਪਾ ਦੀ ਉਮੀਦਵਾਰ ਸੁਨੀਤਾ ਵਰਮਾ 2,29,238 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੀ। ਅਲੀਗੜ ਨਗਰ ਨਿਗਮ ਵਿੱਚ ਵੀ ਬਸਪਾ ਦੇ ਮੁਹੰਮਦ ਫੁਰਕਾਨ ਨੇ 1,25,682 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਉਨਾਂ ਨੇ ਭਾਜਪਾ ਉਮੀਦਵਾਰ ਨੂੰ 10,445 ਵੋਟਾਂ ਨਾਲ ਹਰਾਇਆ। ਕਾਂਗਰਸ ਤੇ ਸਮਾਜਵਾਦੀ ਪਾਰਟੀ ਮੇਅਰ ਦੀ ਇੱਕ ਵੀ ਸੀਟ ਨਹੀਂ ਜਿੱਤ ਸਕੇ।
 
ਰਾਜਨੀਤਕ ਮਾਹਿਰਾਂ ਮੁਤਾਬਕ, ਬਸਪਾ ਦੇ ਚੰਗੇ ਪ੍ਰਦਰਸ਼ਨ ਪਿੱਛੇ ਪਾਰਟੀ ਮੁਖੀ ਕੁਮਾਰੀ ਮਾਇਆਵਤੀ ਦੀ ਮਜ਼ਬੂਤ ਚੋਣ ਰਣਨੀਤੀ ਹੈ। ਮਾਇਆਵਤੀ ਨੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੋਸ਼ਲ ਇੰਜਨਿਅਰਿੰਗ ਦੇ ਫਾਰਮੂਲੇ 'ਤੇ ਵੀ ਕੰਮ ਕੀਤਾ। ਇਸ ਤੋਂ ਇਲਾਵਾ ਮਾਇਆਵਤੀ ਵਲੋਂ ਸ਼ੋਸ਼ਿਤ ਸਮਾਜ ਦੇ ਹਿੱਤਾਂ ਲਈ ਰਾਜਸਭਾ ਤੋਂ ਅਸਤੀਫਾ ਦਿੱਤੇ ਜਾਣ ਦਾ ਅਸਰ ਵੀ ਦੇਖਣ ਨੂੰ ਮਿਲਿਆ। ਦਲਿਤ ਤਾਂ ਬਸਪਾ ਦੇ ਨਾਲ ਖੜੇ ਹੀ ਰਹੇ, ਨਾਲ ਹੀ ਮੁਸਲਮਾਨਾਂ ਨੇ ਵੀ ਇੱਕਮੁੱਠ ਹੋ ਕੇ ਬਸਪਾ ਦਾ ਸਾਥ ਦਿੱਤਾ। ਦੂਜੇ ਵਰਗਾਂ ਦਾ ਵੀ ਬਸਪਾ ਉਮੀਦਵਾਰਾਂ ਨੂੰ ਸਮਰਥਨ ਮਿਲਿਆ।

 

Comments

Leave a Reply