Fri,Jan 18,2019 | 10:14:53pm
HEADLINES:

India

'ਭਾਜਪਾ ਦਾ ਅੰਬੇਡਕਰ ਨਾਲ ਪਿਆਰ ਸਿਰਫ ਵਿਖਾਵਾ'

'ਭਾਜਪਾ ਦਾ ਅੰਬੇਡਕਰ ਨਾਲ ਪਿਆਰ ਸਿਰਫ ਵਿਖਾਵਾ'

ਰਾਜਸਥਾਨ ਦੇ ਜੈਪੁਰ 'ਚ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕੀਤਾ ਗਿਆ। ਇਸ ਮੌਕੇ 'ਤੇ 'ਡਾ. ਅੰਬੇਡਕਰ ਐਂਡ ਹਿਜ਼ ਲਿਜੈਸੀ' ਸੈਸ਼ਨ ਵਿੱਚ ਬੁਲਾਰਿਆਂ ਨੇ ਜਿੱਥੇ ਰਾਖਵੇਂਕਰਨ ਦਾ ਖੁੱਲ ਕੇ ਸਮਰਥਨ ਕੀਤਾ, ਉੱਥੇ ਦਲਿਤਾਂ, ਮੁਸਲਮਾਨਾਂ ਤੇ ਮਹਿਲਾਵਾਂ ਦੇ ਪੱਛੜੇਪਨ ਲਈ ਉੱਚੀਆਂ ਜਾਤਾਂ ਨੂੰ ਜ਼ਿੰਮੇਵਾਰ ਦੱਸਿਆ।

ਸੈਸ਼ਨ ਵਿੱਚ ਸਾਹਿਤਕਾਰ ਮਨੋਰੰਜਨ ਵਪਾਰੀ ਨੇ ਕਿਹਾ ਕਿ ਜਿਸ ਦੇਸ਼ ਦੇ ਸੰਸਾਧਨਾਂ ਤੇ ਧਨ 'ਤੇ ਇੱਕ ਫੀਸਦੀ ਲੋਕਾਂ ਦਾ ਕਬਜ਼ਾ ਹੋਵੇ ਤਾਂ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਹਰ ਕਿਸੇ ਨੂੰ ਮਿਲਣੀ ਚਾਹੀਦੀ ਹੈ।

ਅਰਥ ਸ਼ਾਸਤਰੀ ਸੁਖਦੇਵ ਥੋਰਾਟ ਨੇ ਕਿਹਾ ਕਿ ਦੇਸ਼ ਦੀ ਅੱਧੀ ਆਬਾਦੀ ਮਹਿਲਾਵਾਂ ਦੀ ਹੈ, ਜਦਕਿ ਉਨ੍ਹਾਂ ਦੀ ਸੰਸਦ ਵਿੱਚ ਸਿਰਫ 12 ਫੀਸਦੀ ਹਿੱਸੇਦਾਰੀ ਹੈ। ਮੁਸਲਮਾਨਾਂ ਦੀ ਆਬਾਦੀ ਕਰੀਬ 14 ਫੀਸਦੀ, ਜਦਕਿ ਹਿੱਸੇਦਾਰੀ ਸਿਰਫ 4 ਫੀਸਦੀ ਵੀ ਨਹੀਂ। ਇਹ ਭੇਦਭਾਵ ਨਹੀਂ ਤਾਂ ਹੋਰ ਕੀ ਹੈ।

ਉਨ੍ਹਾਂ ਨੇ ਰਾਖਵੇਂਕਰਨ ਦਾ ਸਮਰਥਨ ਕੀਤਾ ਤੇ ਕਿਹਾ ਕਿ ਇਸ ਵਿਵਸਥਾ ਨੂੰ ਲਾਗੂ ਕਰਨ ਵਿੱਚ ਸਰਦਾਰ ਵੱਲਭ ਭਾਈ ਪਟੇਲ ਤੇ ਡਾ. ਅੰਬੇਡਕਰ ਦੇ ਵਿਚਾਰਾਂ ਵਿੱਚ ਫਰਕ ਸੀ। ਇੱਕ ਵਾਰ ਤਾਂ ਪਟੇਲ ਨੇ ਇਸ ਤਰ੍ਹਾਂ ਦੀ ਵਿਵਸਥਾ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਵਿਚਕਾਰ ਦਾ ਰਾਹ ਕੱਢ ਕੇ 10 ਸਾਲ ਲਈ ਰਾਖਵੇਂਕਰਨ ਦੀ ਵਿਵਸਥਾ ਲਾਗੂ ਕੀਤੀ ਗਈ।

90 ਦੇ ਦਹਾਕੇ ਤੋਂ ਬਾਅਦ ਰਾਜਨੀਤੀ ਵਿੱਚ ਇਕਦਮ ਅੰਬੇਡਕਰ 'ਤੇ ਰਾਜਨੀਤਕ ਪਾਰਟੀਆਂ ਦੇ ਪਿਆਰ ਬਾਰੇ ਪੁੱਛੇ ਸਵਾਲ 'ਤੇ ਦੱਖਣ ਏਸ਼ੀਆ, ਖਾਸ ਤੌਰ 'ਤੇ ਭਾਰਤ ਦੇ ਰਾਜਨੀਤਕ ਮਾਹਿਰ ਕ੍ਰਿਸਟੋਫਰ ਜੈਫਰੀਲੋਟ ਨੇ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਦਾ ਅੰਬੇਡਕਰ ਨਾਲ ਪਿਆਰ ਸਿਰਫ ਵਿਖਾਵਾ ਹੈ ਅਤੇ ਵੋਟ ਬੈਂਕ ਖਾਤਰ ਹੈ।

ਜਦੋਂ ਦਲਿਤ ਵੋਟ ਬੈਂਕ ਹਾਸਲ ਕਰਕੇ ਬਸਪਾ ਦੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿੱਚ ਸਰਕਾਰ ਬਣਾਈ ਤਾਂ ਭਾਜਪਾ ਨੂੰ ਆਪਣਾ ਏਜੰਡਾ ਬਦਲਣਾ ਪਿਆ ਅਤੇ ਅੰਬੇਡਕਰ ਦੀ ਛਤਰੀ ਹੇਠ ਆਉਣਾ ਪਿਆ। ਦੇਸ਼ ਵਿੱਚ ਹਿੰਦੁਤਵ ਨੂੰ ਹੱਲਾਸ਼ੇਰੀ ਦੇਣਾ ਅੰਬੇਡਕਰ ਦੀ ਵਿਚਾਰਧਾਰਾ ਦੇ ਖਿਲਾਫ ਹੈ।

ਕ੍ਰਿਸਟੋਫਰ ਜੈਫਰੀਲੋਟ ਨੇ ਕਿਹਾ ਕਿ ਅਜੇ ਜਦੋਂ ਰਾਜਸਭਾ ਤੋਂ ਲੈ ਕੇ ਹਰ ਪਾਸੇ ਰਾਖਵਾਂਕਰਨ ਹੈ, ਜਦ ਦਲਿਤਾਂ ਦੇ ਹਾਲਾਤ ਇੰਨੇ ਮਾੜੇ ਹਨ ਤਾਂ ਇਹ ਸੋਚਣਾ ਹੋਵੇਗਾ ਕਿ ਰਾਖਵਾਂਕਰਨ ਹਟਾ ਦਿੱਤਾ ਤਾਂ ਇਨ੍ਹਾਂ ਦਾ ਕੀ ਹਾਲ ਹੋ ਜਾਵੇਗਾ। ਉਨ੍ਹਾਂ ਨੇ ਬੋਲਣ ਦੀ ਆਜ਼ਾਦੀ ਸਮੇਤ ਕਈ ਹੋਰ ਮੁੱਦਿਆਂ 'ਤੇ ਵੀ ਖੁੱਲ ਕੇ ਵਿਚਾਰ ਰੱਖੇ।

 

Comments

Leave a Reply