Tue,Dec 01,2020 | 07:26:15am
HEADLINES:

India

1 ਸਾਲ 'ਚ ਐੱਸਸੀ-ਐੱਸਟੀ 'ਤੇ ਜ਼ੁਲਮ ਦੇ 45,935 ਮਾਮਲੇ ਦਰਜ : ਐੱਨਸੀਆਰਬੀ

1 ਸਾਲ 'ਚ ਐੱਸਸੀ-ਐੱਸਟੀ 'ਤੇ ਜ਼ੁਲਮ ਦੇ 45,935 ਮਾਮਲੇ ਦਰਜ : ਐੱਨਸੀਆਰਬੀ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਸਾਲ 2019 ਦੀ ਜਾਰੀ ਕੀਤੀ ਗਈ ਰਿਪੋਰਟ ਦੇਸ਼ 'ਚ ਅਨੁਸੂਚਿਤ ਜਾਤੀ (ਐੱਸਸੀ) ਵਰਗ ਖਿਲਾਫ ਹੋਣ ਵਾਲੇ ਅੱਤਿਆਚਾਰਾਂ ਦੀ ਗਵਾਹੀ ਭਰਦੀ ਹੈ। ਰਿਪੋਰਟ ਦੱਸਦੀ ਹੈ ਕਿ ਸਾਲ 2019 'ਚ ਉੱਤਰ ਪ੍ਰਦੇਸ਼ 'ਚ ਮਹਿਲਾਵਾਂ ਤੇ ਦਲਿਤਾਂ ਖਿਲਾਫ ਅਪਰਾਧ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਭਾਰਤ 'ਚ 2019 'ਚ ਮਹਿਲਾਵਾਂ ਖਿਲਾਫ ਅਪਰਾਧ ਦੇ ਕੁੱਲ 4,05,861 ਮਾਮਲੇ ਦਰਜ ਹੋਏ, ਜਿਸ 'ਚੋਂ 59,853 ਮਾਮਲੇ ਇਕੱਲੇ ਉੱਤਰ ਪ੍ਰਦੇਸ਼ 'ਚ ਦਰਜ ਕੀਤੇ ਗਏ।

ਇਹ ਗਿਣਤੀ ਦੇਸ਼ 'ਚ ਕੁੱਲ ਮਾਮਲਿਆਂ ਦਾ 14.7 ਫੀਸਦੀ ਹੈ, ਜੋ ਕਿ ਕਿਸੇ ਵੀ ਸੂਬੇ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਉਸ ਤੋਂ ਬਾਅਦ ਰਾਜਸਥਾਨ 'ਚ 41,550 ਮਾਮਲੇ (10.2 ਫੀਸਦੀ), ਮਹਾਰਾਸ਼ਟਰ 'ਚ 37,144 ਮਾਮਲੇ (9.2 ਫੀਸਦੀ) ਦਰਜ ਕੀਤੇ ਗਏ ਹਨ। ਸਾਲ 2018 'ਚ ਉੱਤਰ ਪ੍ਰਦੇਸ਼ 'ਚ ਮਹਿਲਾਵਾਂ ਖਿਲਾਫ ਅਪਰਾਧ ਦੇ 59,445 ਮਾਮਲੇ ਅਤੇ ਸਾਲ 2017 'ਚ 56,011 ਮਾਮਲੇ ਸਾਹਮਣੇ ਆਏ ਸਨ।

ਇਹ ਦਿਖਾਉਂਦਾ ਹੈ ਕਿ ਸਾਲ ਦਰ ਸਾਲ ਸੂਬੇ 'ਚ ਮਹਿਲਾਵਾਂ ਖਿਲਾਫ ਅਪਰਾਧ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਹਾਲਾਂਕਿ ਪ੍ਰਤੀ 1 ਲੱਖ ਦੀ ਆਬਾਦੀ ਦੇ ਆਧਾਰ 'ਤੇ ਅਸਮ 'ਚ ਮਹਿਲਾਵਾਂ ਖਿਲਾਫ ਅਪਰਾਧਾਂ ਦੀ ਦਰ ਜ਼ਿਆਦਾ ਹੈ, ਜਦਕਿ ਰਾਜਸਥਾਨ 'ਚ ਅਨੁਸੂਚਿਤ ਜਾਤੀਆਂ ਖਿਲਾਫ ਅਪਰਾਧਾਂ ਦੀ ਦਰ ਜ਼ਿਆਦਾ ਹੈ। ਜੇਕਰ ਅਸੀਂ ਰਾਸ਼ਟਰੀ ਪੱਧਰ 'ਤੇ ਦੇਖੀਏ ਤਾਂ ਸਾਲ 2019 'ਚ ਮਹਿਲਾਵਾਂ ਖਿਲਾਫ ਅਪਰਾਧ 'ਚ 7 ਫੀਸਦੀ ਦਾ ਵਾਧਾ ਦਰਜ ਹੋਇਆ ਹੈ।

ਦੇਸ਼ 'ਚ 2018 'ਚ ਮਹਿਲਾਵਾਂ ਖਿਲਾਫ ਅਪਰਾਧ ਦੇ 3,78,236 ਮਾਮਲੇ ਅਤੇ 2017 'ਚ 3,59,849 ਮਾਮਲੇ ਦਰਜ ਹੋਏ ਸਨ। ਇਸੇ ਤਰ੍ਹਾਂ ਸਾਲ 2019 ਦੌਰਾਨ ਭਾਰਤ 'ਚ ਅਨੁਸੂਚਿਤ ਜਾਤੀ-ਜਨਜਾਤੀ (ਐੱਸਸੀ-ਐੱਸਟੀ) ਵਰਗਾਂ ਦੇ ਲੋਕਾਂ ਖਿਲਾਫ ਅਪਰਾਧ ਦੇ ਕੁੱਲ 45,935 ਮਾਮਲੇ ਦਰਜ ਕੀਤੇ ਗਏ, ਜਿਸ 'ਚੋਂ 11,829 ਮਾਮਲੇ ਇਕੱਲੇ ਉੱਤਰ ਪ੍ਰਦੇਸ਼ 'ਚ ਦਰਜ ਕੀਤੇ ਗਏ ਹਨ। ਇਹ ਸੰਖਿਆ ਦੇਸ਼ 'ਚ ਕੁੱਲ ਮਾਮਲਿਆਂ ਦੇ ਮੁਕਾਬਲੇ 25.8 ਫੀਸਦੀ ਹੈ, ਜੋ ਕਿ ਸਭ ਤੋਂ ਵੱਧ ਹੈ।

ਜ਼ਿਕਰਯੋਗ ਹੈ ਕਿ ਇਹ ਉਹ ਮਾਮਲੇ ਹਨ, ਜੋ ਕਿ ਪੁਲਸ ਵੱਲੋਂ ਦਰਜ ਕੀਤੇ ਗਏ ਹਨ, ਜਦਕਿ ਅਨੁਸੂਚਿਤ ਜਾਤੀ-ਜਨਜਾਤੀ ਵਰਗਾਂ 'ਤੇ ਹੋਣ ਵਾਲੇ ਜ਼ੁਲਮਾਂ ਦੇ ਬੁਹਤ ਸਾਰੇ ਮਾਮਲੇ ਅਜਿਹੇ ਹੁੰਦੇ ਹਨ, ਜੋ ਕਿ ਪੁਲਸ ਤੱਕ ਪਹੁੰਚ ਹੀ ਨਹੀਂ ਪਾਉਂਦੇ ਜਾਂ ਪੁਲਸ ਵੱਲੋਂ ਉਨ੍ਹਾਂ ਨੂੰ ਦਬਾ ਦਿੱਤਾ ਜਾਂਦਾ।

ਉੱਤਰ ਪ੍ਰਦੇਸ਼ 'ਚ ਸਾਲ 2018 'ਚ ਐੱਸਸੀ-ਐੱਸਟੀ ਵਰਗਾਂ ਖਿਲਾਫ ਅਪਰਾਧ ਦੇ 11,924 ਮਾਮਲੇ ਅਤੇ ਸਾਲ 2017 'ਚ 11,444 ਮਾਮਲੇ ਸਾਹਮਣੇ ਆਏ ਸਨ। ਜੇਕਰ ਰਾਸ਼ਟਰੀ ਪੱਧਰ 'ਤੇ ਦੇਖੀਏ ਤਾਂ ਅਨੁਸੂਚਿਤ ਜਾਤੀ ਦੇ ਲੋਕਾਂ ਖਿਲਾਫ ਅਪਰਾਧ ਦੇ ਮਾਮਲੇ ਸਾਲ 2019 'ਚ 7 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

ਸਾਲ 2018 'ਚ ਇਸ ਤਰ੍ਹਾਂ ਦੇ ਕੁੱਲ 42,793 ਮਾਮਲੇ ਅਤੇ ਸਾਲ 2017 'ਚ ਕੁੱਲ 43,203 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਭਾਰਤ 'ਚ ਸਾਲ 2019 'ਚ ਰੋਜ਼ਾਨਾ ਬਲਾਤਕਾਰ ਦੇ ਔਸਤ 87 ਮਾਮਲੇ ਦਰਜ ਹੋਏ। ਅੰਕੜਿਆਂ ਮੁਤਾਬਕ 2019 'ਚ ਬਲਾਤਕਾਰ ਦੇ ਕੁੱਲ 32,033 ਮਾਮਲੇ ਦਰਜ ਹੋਏ, ਜੋ ਕਿ ਸਾਲ ਭਰ ਦੌਰਾਨ ਮਹਿਲਾਵਾਂ ਖਿਲਾਫ ਅਪਰਾਧ ਦੇ ਕੁੱਲ ਮਾਮਲਿਆਂ ਦਾ 7.3 ਫੀਸਦੀ ਸੀ।

ਇਸ 'ਚ ਬਲਾਤਕਾਰ ਦੇ 3065 ਕੇਸ ਇਕੱਲੇ ਉੱਤਰ ਪ੍ਰਦੇਸ਼ 'ਚ ਦਰਜ ਕੀਤੇ ਗਏ ਹਨ, ਜੋ ਕਿ ਕੁੱਲ ਮਾਮਲਿਆਂ ਦਾ ਕਰੀਬ 10 ਫੀਸਦੀ ਹੈ। ਇਸ 'ਚ 270 ਮਾਮਲੇ ਨਬਾਲਿਗਾਂ ਦੇ ਨਾਲ ਬਲਾਤਕਾਰ ਦੇ ਸਨ। ਸਾਲ 2019 'ਚ ਦੇਸ਼ ਭਰ 'ਚ ਬਲਾਤਕਾਰ ਦੀ ਕੋਸ਼ਿਸ਼ ਦੇ ਕੁੱਲ 3944 ਮਾਮਲੇ ਸਾਹਮਣੇ ਆਏ, ਜਿਸ 'ਚ 358 ਕੇਸ ਉੱਤਰ ਪ੍ਰਦੇਸ਼ 'ਚ ਦਰਜ ਹੋਏ ਸਨ।

ਆਈਪੀਸੀ ਦੀਆਂ ਧਾਰਾਵਾਂ ਤਹਿਤ ਦਰਜ ਮਹਿਲਾਵਾਂ ਖਿਲਾਫ ਅਪਰਾਧ ਦੇ ਕੁੱਲ ਮਾਮਲਿਆਂ 'ਚੋਂ 30.9 ਫੀਸਦੀ ਕੇਸ ਪਤੀ ਜਾਂ ਉਸਦੇ ਰਿਸ਼ਤੇਦਾਰਾਂ ਵੱਲੋਂ ਕਰੂਰਤਾ ਦੇ ਦਰਜ ਕੀਤੇ ਗਏ। ਐੱਨਸੀਆਰਬੀ ਦੀ ਰਿਪੋਰਟ ਮੁਤਾਬਕ ਸਾਲ 2018 'ਚ ਜਿੱਥੇ ਮਹਿਲਾਵਾਂ ਖਿਲਾਫ ਅਪਰਾਧ ਦੀ ਦਰ ਪ੍ਰਤੀ 1 ਲੱਖ ਦੀ ਆਬਾਦੀ 'ਤੇ 58.8 ਸੀ, ਉੱਥੇ ਸਾਲ 2019 'ਚ ਇਹ ਅਪਰਾਧ ਦਰ ਵਧ ਕੇ 62.4 ਹੋ ਗਈ। ਅਸਮ 'ਚ ਮਹਿਲਾਵਾਂ ਖਿਲਾਫ ਅਪਰਾਧ ਦੀ ਉੱਚ ਦਰ ਰਹੀ, ਜਿੱਥੇ ਪ੍ਰਤੀ 1 ਲੱਖ ਦੀ ਜਨਸੰਖਿਆ 'ਚ 177.8 ਮਾਮਲੇ ਦਰਜ ਕੀਤੇ ਗਏ।

ਇਸ ਤੋਂ ਬਾਅਦ ਰਾਜਸਥਾਨ (110.4) ਤੇ ਹਰਿਆਣਾ (108.5) ਦਾ ਸਥਾਨ ਰਿਹਾ। ਰਾਜਸਥਾਨ 'ਚ ਬਲਾਤਕਾਰ ਦੇ ਸਭ ਤੋਂ ਜ਼ਿਆਦਾ 5,997 ਮਾਮਲੇ ਅਤੇ ਮੱਧ ਪ੍ਰਦੇਸ਼ 'ਚ 2,485 ਮਾਮਲੇ ਦਰਜ ਕੀਤੇ ਗਏ। ਪ੍ਰਤੀ 1 ਲੱਖ ਦੀ ਆਬਾਦੀ 'ਤੇ ਰਾਜਸਥਾਨ 'ਚ ਸਭ ਤੋਂ ਜ਼ਿਆਦਾ 15.9 ਫੀਸਦੀ ਬਲਾਤਕਾਰ ਦੇ ਮਾਮਲੇ ਦਰਜ ਹੋਏ। ਉਸ ਤੋਂ ਬਾਅਦ ਕੇਰਲ 'ਚ 11.1 ਫੀਸਦੀ ਅਤੇ ਹਰਿਆਣਾ 'ਚ 10.9 ਫੀਸਦੀ ਮਾਮਲੇ ਦਰਜ ਕੀਤੇ ਗਏ।

ਉੱਤਰ ਪ੍ਰਦੇਸ਼ 'ਚ ਪਾਸਕੋ ਐਕਟ ਤਹਿਤ ਨਾਬਾਲਿਗਾਂ 'ਤੇ ਹੋਣ ਵਾਲੇ ਅਪਰਾਧ ਦੇ ਸਭ ਤੋਂ 7,444 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 6,402 ਅਤੇ ਮੱਧ ਪ੍ਰਦੇਸ਼ 'ਚ 6,053 ਕੇਸ ਦਰਜ ਹੋਏ। ਇਸ ਤਰ੍ਹਾਂ ਦੇ ਅਪਰਾਧਾਂ ਦੀ ਉੱਚ ਦਰ ਸਿੱਕਮ 'ਚ ਰਹੀ, ਜਿੱਥੇ ਹਰ 1 ਲੱਖ ਦੀ ਆਬਾਦੀ 'ਤੇ 27.1 ਫੀਸਦੀ ਕੇਸ ਦਰਜ ਹੋਏ। ਇਸੇ ਅਨੁਪਾਤ 'ਚ ਮੱਧ ਪ੍ਰਦੇਸ਼ 'ਚ 15.1 ਫੀਸਦੀ ਅਤੇ ਹਰਿਆਣਾ 'ਚ 14.6 ਫੀਸਦੀ ਮਾਮਲੇ ਦਰਜ ਹੋਏ।

ਐੱਨਸੀਆਰਬੀ ਮੁਤਾਬਕ ਸਾਲ 2018 'ਚ ਪ੍ਰਤੀ 1 ਲੱਖ ਦੀ ਆਬਾਦੀ 'ਤੇ ਅਨੁਸੂਚਿਤ ਜਾਤੀ ਵਰਗਾਂ ਖਿਲਾਫ ਅਪਰਾਧ ਦੀ ਦਰ 21.2 ਸੀ, ਜੋ ਕਿ ਸਾਲ 2019 'ਚ ਵਧ ਕੇ 22.8 ਹੋ ਗਈ। ਸਾਲ 2019 ਦੌਰਾਨ ਅਨੁਸੂਚਿਤ ਜਾਤੀ ਖਿਲਾਫ ਅਪਰਾਧ ਜਾਂ ਅੱਤਿਆਚਾਰ ਦੇ ਮਾਮਲਿਆਂ 'ਚ ਸਭ ਤੋਂ ਵੱਡਾ ਹਿੱਸਾ ਸਧਾਰਨ ਸੱਟ ਪਹੁੰਚਾਉਣ ਦੇ ਮਾਮਲਿਆਂ ਦਾ ਰਿਹਾ ਹੈ, ਜਿਸਦੇ ਤਹਿਤ ਕੁੱਲ 13,273 ਮਾਮਲੇ (28.9 ਫੀਸਦੀ) ਦਰਜ ਕੀਤੇ ਗਏ ਸਨ।

ਰਿਪੋਰਟ ਮੁਤਾਬਕ ਸਿਰਫ ਐੱਸਸੀ-ਐੱਸਟੀ (ਅੱਤਿਆਚਾਰ ਰੋਕੋ) ਐਕਟ ਤਹਿਤ ਕੁੱਲ 4,129 ਮਾਮਲੇ ਦਰਜ ਕੀਤੇ ਗਏ, ਜੋ ਕਿ ਦਲਿਤਾਂ ਖਿਲਾਫ ਕੁੱਲ ਅਪਰਾਧ ਦੇ ਮਾਮਲਿਆਂ ਦਾ 9 ਫੀਸਦੀ ਹਨ। ਸਾਲ 2019 'ਚ ਦਲਿਤ ਮਹਿਲਾਵਾਂ ਦੇ ਨਾਲ ਬਲਾਤਕਾਰ ਦੇ ਕੁੱਲ 3,486 ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ ਦਲਿਤਾਂ ਖਿਲਾਫ ਅਪਰਾਧ ਦਾ 7.6 ਫੀਸਦੀ ਹੈ। ਰਾਜਸਥਾਨ 'ਚ ਦਲਿਤ ਮਹਿਲਾਵਾਂ ਦੇ ਨਾਲ ਬਲਾਤਕਾਰ ਦੇ ਸਭ ਤੋਂ ਜ਼ਿਆਦਾ 554 ਮਾਮਲੇ ਦਰਜ ਹੋਏ, ਉਸਦੇ ਬਾਅਦ ਉੱਤਰ ਪ੍ਰਦੇਸ਼ 'ਚ 537 ਤੇ ਮੱਧ ਪ੍ਰਦੇਸ਼ 'ਚ 510 ਮਾਮਲੇ ਦਰਜ ਕੀਤੇ ਗਏ।

Comments

Leave a Reply