Wed,Dec 19,2018 | 09:50:50am
HEADLINES:

India

24 ਸਾਲ ਬਾਅਦ ਮੁੜ ਕਰਨਾਟਕ ਵਿਧਾਨਸਭਾ 'ਚ ਪਹੁੰਚਿਆ 'ਹਾਥੀ'

24 ਸਾਲ ਬਾਅਦ ਮੁੜ ਕਰਨਾਟਕ ਵਿਧਾਨਸਭਾ 'ਚ ਪਹੁੰਚਿਆ 'ਹਾਥੀ'

ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਦੱਖਣ ਭਾਰਤ ਦੇ ਵੱਡੇ ਸੂਬੇ ਕਰਨਾਟਕ ਵਿੱਚ ਇੱਕ ਵਿਧਾਨਸਭਾ ਸੀਟ 'ਤੇ ਮਿਲੀ ਜਿੱਤ ਰਾਜਨੀਤਕ ਨਜ਼ਰੀਏ ਤੋਂ ਮਹੱਤਵਪੂਰਨ ਮੰਨੀ ਜਾ ਰਹੀ ਹੈ। ਜੇਡੀਐੱਸ ਨਾਲ ਗੱਠਜੋੜ ਤਹਿਤ ਬਸਪਾ ਦੇ 17 ਉਮੀਦਵਾਰ ਚੋਣ ਮੈਦਾਨ 'ਚ ਸਨ, ਜਿਨ੍ਹਾਂ 'ਚੋਂ ਕੋਲੇਗਲ ਵਿਧਾਨਸਭਾ ਸੀਟ ਤੋਂ ਬਸਪਾ ਉਮੀਦਵਾਰ ਐੱਨ ਮਹੇਸ਼ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਰਹੇ।
 
ਬਸਪਾ ਨੂੰ ਇਹ ਜਿੱਤ 24 ਸਾਲ ਬਾਅਦ ਜਾ ਕੇ ਮਿਲੀ ਹੈ। ਇਸ ਤੋਂ ਪਹਿਲਾਂ 1994 ਵਿੱਚ ਬਸਪਾ ਕਰਨਾਟਕ ਵਿੱਚ ਇੱਕ ਵਿਧਾਨਸਭਾ ਸੀਟ 'ਤੇ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਰਹੀ ਸੀ। ਉਸ ਸਮੇਂ ਬੀਦਰ ਵਿਧਾਨਸਭਾ ਸੀਟ (ਜਨਰਲ) ਤੋਂ ਬਸਪਾ ਦੇ ਸੈਯਦ ਜ਼ੁਲਫਿਕਾਰ ਹਾਸ਼ਮੀ (ਬਾਬਾ ਪਟੇਲ) 25,433 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਸਨ। ਉਨ੍ਹਾਂ ਨੇ ਜਨਤਾ ਦਲ ਦੇ ਅਮਰੁੱਥ ਰਾਓ ਚਿਮਕੋਡੇ ਨੂੰ ਹਰਾਇਆ ਸੀ।
 
ਇਸ ਵਾਰ ਕੋਲੇਗਲ ਵਿਧਾਨਸਭਾ ਸੀਟ ਤੋਂ ਬਸਪਾ ਉਮੀਦਵਾਰ ਮਹੇਸ਼ ਨੇ ਕੁੱਲ 71,792 ਵੋਟ ਪ੍ਰਾਪਤ ਕੀਤੇ ਹਨ, ਜਦਕਿ ਕਾਂਗਰਸ ਉਮੀਦਵਾਰ ਏਆਰ ਕ੍ਰਿਸ਼ਣਾ ਮੂਰਤੀ 52,338 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ। ਭਾਜਪਾ ਉਮੀਦਵਾਰ ਜੀਐੱਨ ਨੰਜੂੰਦਾ ਸਵਾਮੀ ਇਸ ਸੀਟ 'ਤੇ ਤੀਜੇ ਸਥਾਨ 'ਤੇ ਆਏ। ਕੁੱਲ 17 ਸੀਟਾਂ 'ਚੋਂ ਬਸਪਾ ਬੇਸ਼ੱਕ 1 ਸੀਟ 'ਤੇ ਜਿੱਤੀ, ਪਰ ਇਹ ਜਿੱਤ ਆਪਣੇ ਆਪ ਵਿੱਚ ਇਤਿਹਾਸਕ ਹੈ।
 
ਕਰਨਾਟਕ ਦੇ ਪਿਛਲੇ 20 ਸਾਲਾਂ ਦੇ ਚੋਣ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਬਸਪਾ ਇੱਥੇ ਵਿਧਾਨਸਭਾ ਚੋਣਾਂ ਦੌਰਾਨ 2.7 ਫੀਸਦੀ ਤੱਕ ਵੋਟਾਂ ਪ੍ਰਾਪਤ ਤਾਂ ਕਰਦੀ ਰਹੀ ਹੈ, ਪਰ ਉਸਦੇ ਖਾਤੇ ਵਿੱਚ ਕਦੇ ਵੀ ਜਿੱਤ ਨਹੀਂ ਆਈ। 24 ਸਾਲ ਪਹਿਲਾਂ 1994 ਵਿੱਚ ਬਸਪਾ ਇੱਕ ਸੀਟ 'ਤੇ ਜੇਤੂ ਰਹੀ ਸੀ।
 
ਬਸਪਾ ਦੀ ਇਸ ਜਿੱਤ ਨਾਲ ਕਰਨਾਟਕ ਸੂਬੇ ਵਿੱਚ ਪਾਰਟੀ ਮਜ਼ਬੂਤ ਤਾਂ ਹੋਵੇਗੀ ਹੀ, ਨਾਲ ਹੀ ਉਸਦੇ ਲਈ ਦੱਖਣ ਭਾਰਤ ਵਿੱਚ ਵਿਸਤਾਰ ਦੀਆਂ ਸੰਭਾਵਨਾਵਾਂ ਵੀ ਹੋਰ ਵੱਧ ਜਾਣਗੀਆਂ।  ਬਸਪਾ ਦੀ ਇਸ ਜਿੱਤ ਤੋਂ ਬਾਅਦ ਕਰਨਾਟਕ ਸਮੇਤ ਦੇਸ਼ਭਰ ਵਿੱਚ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ।

ਗੱਠਜੋੜ ਤਹਿਤ ਬਸਪਾ ਦੇ ਹਿੱਸੇ ਆਈਆਂ ਸਨ 6 ਰਾਖਵੀਆਂ ਸੀਟਾਂ
ਜੇਡੀਐੱਸ ਨਾਲ ਗੱਠਜੋੜ ਤਹਿਤ ਬਸਪਾ ਨੇ ਕਰਨਾਟਕ ਵਿੱਚ ਜਿਨ੍ਹਾਂ 17 ਵਿਧਾਨਸਭਾ ਸੀਟਾਂ ਤੋਂ ਚੋਣ ਲੜੀ, ਉਨ੍ਹਾਂ ਵਿੱਚੋਂ 11 ਸੀਟਾਂ ਜਨਰਲ ਸਨ। ਇਸ ਹਿਸਾਬ ਨਾਲ ਬਸਪਾ ਦੇ ਹਿੱਸੇ 6 ਰਾਖਵੀਆਂ ਸੀਟਾਂ ਆਈਆਂ ਸਨ। ਬਸਪਾ ਉਮੀਦਵਾਰ ਐੱਨ ਮਹੇਸ਼ ਜਿਸ ਕੋਲੇਗਲ ਵਿਧਾਨਸਭਾ ਸੀਟ ਤੋਂ ਜੇਤੂ ਰਹੇ, ਉਹ ਵੀ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਂ ਹੈ। 1957 ਤੋਂ 2013 ਤੱਕ ਕਾਂਗਰਸ ਇਸ ਸੀਟ 'ਤੇ 10 ਵਾਰ ਜਿੱਤ ਪ੍ਰਾਪਤ ਕਰ ਚੁੱਕੀ ਹੈ, ਜਦਕਿ ਸਾਲ 2009 ਦੀਆਂ ਉਪ ਚੋਣਾਂ ਵਿੱਚ ਭਾਜਪਾ ਇੱਥੋਂ ਜੇਤੂ ਰਹੀ ਸੀ।
 
ਸਾਲ 2013 ਦੀਆਂ ਵਿਧਾਨਸਭਾ ਚੋਣਾਂ ਵਿੱਚ ਬਸਪਾ ਉਮੀਦਵਾਰ ਐੱਨ ਮਹੇਸ਼ ਇੱਥੇ ਦੂਜੇ ਨੰਬਰ 'ਤੇ ਰਹੇ ਸਨ। ਉਸ ਸਮੇਂ ਕਾਂਗਰਸ ਦੇ ਐੱਸ ਜਯਾਨਾ ਨੇ ਐੱਨ ਮਹੇਸ਼ ਨੂੰ 10 ਹਜ਼ਾਰ ਵੋਟਾਂ ਨਾਲ ਹਰਾਇਆ ਸੀ। ਕਾਂਗਰਸ ਉਮੀਦਵਾਰ ਨੂੰ ਉਦੋਂ 47,420 ਅਤੇ ਐੱਨ ਮਹੇਸ਼ ਨੂੰ 37,209 ਵੋਟਾਂ ਮਿਲੀਆਂ ਸਨ। ਉਦੋਂ ਜੇਡੀਐੱਸ ਦੇ ਉਮੀਦਵਾਰ ਐੱਨ ਚਮਾਰਾਜੂ ਨੂੰ ਇਸ ਸੀਟ ਤੋਂ ਸਿਰਫ 4392 ਵੋਟਾਂ ਹੀ ਪ੍ਰਾਪਤ ਹੋਈਆਂ ਸਨ। ਇਸ ਵਾਰ ਬਸਪਾ ਉਮੀਦਵਾਰ ਐੱਨ ਮਹੇਸ਼ ਇਸ ਵਿਧਾਨਸਭਾ ਸੀਟ ਤੋਂ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਰਹੇ।

ਬਸਪਾ ਤੇ ਜੇਡੀਐੱਸ ਨੂੰ ਮਿਲਿਆ ਗੱਠਜੋੜ ਦਾ ਲਾਭ
ਉੱਤਰ ਪ੍ਰਦੇਸ਼ 'ਚ ਚਾਰ ਵਾਰ ਸਰਕਾਰ ਬਣਾ ਚੁੱਕੀ ਬਸਪਾ ਨੇ ਆਪਣੀ ਹੈਸੀਅਤ ਕਰਨਾਟਕ ਵਿੱਚ ਵੀ ਦਿਖਾਈ ਹੈ। ਸਿਆਸੀ ਮਾਹਿਰਾਂ ਮੁਤਾਬਕ, ਜੇਡੀਐੱਸ ਪਿਛਲੇ ਲੰਮੇ ਸਮੇਂ ਤੋਂ ਕਰਨਾਟਕ ਦੀ ਸੱਤਾ ਤੋਂ ਦੂਰ ਹੈ। ਇਸ ਕਰਕੇ ਇਸ ਵਾਰ ਉਸਦੀ ਹਾਲਤ ਹੋਰ ਕਮਜ਼ੋਰ ਹੋਣ ਦਾ ਖਦਸ਼ਾ ਸੀ। ਇਸਨੂੰ ਦੇਖਦਿਆਂ ਹੀ ਉਸਦੇ ਵੱਲੋਂ ਬਸਪਾ ਵੱਲ ਗੱਠਜੋੜ ਦਾ ਹੱਥ ਵਧਾਇਆ ਗਿਆ ਸੀ। ਬਸਪਾ ਨਾਲ ਗੱਠਜੋੜ ਕਰਨਾ ਜੇਡੀਐੱਸ ਲਈ ਫਾਇਦੇਮੰਦ ਸਾਬਿਤ ਹੋਇਆ।
 
ਮਾਹਿਰਾਂ ਮੁਤਾਬਕ, ਜੇਕਰ ਇਹ ਗੱਠਜੋੜ ਨਾ ਹੁੰਦਾ ਤਾਂ ਜੇਡੀਐੱਸ ਗਿਣਤੀ ਦੀਆਂ ਕੁਝ ਸੀਟਾਂ ਤੱਕ ਸੀਮਤ ਰਹਿ ਸਕਦਾ ਸੀ, ਪਰ ਗੱਠਜੋੜ ਹੋਣ ਕਾਰਨ ਉਹ ਲਗਭਗ ਪਹਿਲਾਂ ਵਾਲੀ ਸਥਿਤੀ ਬਰਕਰਾਰ ਰੱਖਣ ਵਿੱਚ ਸਫਲ ਹੋ ਗਿਆ। ਇਨ੍ਹਾਂ ਸੀਟਾਂ ਦੇ ਸਹਾਰੇ ਹੀ ਉਹ ਸੱਤਾ 'ਚ ਪਹੁੰਚਣ ਵਿੱਚ ਵੀ ਸਫਲ ਦਿਖਾਈ ਦੇ ਰਿਹਾ ਹੈ। ਬਸਪਾ ਲਈ ਵੀ ਇਹ ਗੱਠਜੋੜ ਲਾਭਦਾਇਕ ਸਾਬਿਤ ਹੋਇਆ, ਜਿਸਨੇ ਉਸਨੂੰ ਮੁੜ ਵਿਧਾਨਸਭਾ ਤੱਕ ਪਹੁੰਚਾ ਦਿੱਤਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਡੀਐੱਸ-ਬਸਪਾ ਗੱਠਜੋੜ ਕਾਰਨ ਹੀ ਭਾਜਪਾ ਸੱਤਾ ਤੱਕ ਪਹੁੰਚ ਨਹੀਂ ਸਕੀ।

 

Comments

Leave a Reply