Sat,Sep 19,2020 | 07:15:56am
HEADLINES:

India

SC, ST, OBC ਦੇ ਹਿੱਸੇ ਦੀਆਂ 25 ਹਜ਼ਾਰ ਪੋਸਟਾਂ ਖਾਲੀ

SC, ST, OBC ਦੇ ਹਿੱਸੇ ਦੀਆਂ 25 ਹਜ਼ਾਰ ਪੋਸਟਾਂ ਖਾਲੀ

ਦੇਸ਼ ਵਿੱਚ ਇਸ ਸਮੇਂ ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ। ਅਜਿਹੇ ਦੌਰ ਵਿੱਚ ਜਦੋਂ ਲੋਕ ਨੌਕਰੀ ਦੀ ਤਲਾਸ਼ ਵਿੱਚ ਭਟਕ ਰਹੇ ਹਨ, ਉਦੋਂ ਸਰਕਾਰੀ ਵਿਭਾਗਾਂ ਵਿੱਚ ਅਜਿਹੀਆਂ ਲੱਖਾਂ ਪੋਸਟਾਂ ਹਨ, ਜਿਨ੍ਹਾਂ ਨੂੰ ਭਰਿਆ ਨਹੀਂ ਜਾ ਸਕਿਆ ਹੈ।

ਸੰਸਦ ਵਿੱਚ 21 ਨਵੰਬਰ ਨੂੰ ਇਨ੍ਹਾਂ ਪੋਸਟਾਂ ਬਾਰੇ ਜਾਣਕਾਰੀ ਦਿੱਤੀ ਗਈ। ਕੇਂਦਰੀ ਰਾਜ ਮੰਤਰੀ (ਪਰਸੋਨਲ) ਜਤਿੰਦਰ ਸਿੰਘ ਨੇ ਰਾਜਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੁੱਲ ਖਾਲੀ ਪੋਸਟਾਂ ਦੀ ਗਿਣਤੀ 6,83,823 ਹੈ।

ਇਨ੍ਹਾਂ ਵਿੱਚੋਂ 5,74,289 ਪੋਸਟਾਂ ਗਰੁੱਪ ਸੀ ਵਿੱਚ ਖਾਲੀ ਹਨ, ਜਦਕਿ ਗਰੁੱਪ ਬੀ ਵਿੱਚ ਖਾਲੀ ਪੋਸਟਾਂ ਦੀ ਗਿਣਤੀ 89,638 ਤੇ ਗਰੁੱਪ ਏ ਵਿੱਚ 19,896 ਹੈ। ਉਨ੍ਹਾਂ ਦੱਸਿਆ ਕਿ 2017-18 ਦੌਰਾਨ ਰੇਲ ਮੰਤਰਾਲੇ ਤੇ ਰੇਲਵੇ ਭਰਤੀ ਬੋਰਡ ਨੇ ਨਵੀਆਂ ਤੇ ਦੋ ਸਾਲ ਵਿਚਕਾਰ ਖਾਲੀ ਹੋਣ ਵਾਲੀਆਂ ਪੋਸਟਾਂ ਲਈ ਵੱਖ-ਵੱਖ ਗਰੁੱਪ ਸੀ ਤੇ ਲੈਵਲ-1 ਪੋਸਟਾਂ ਦੀ ਸੰਯੁਕਤ 1,27,573 ਪੋਸਟਾਂ ਲਈ ਰੁਜ਼ਗਾਰ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਹੋਰ ਪੱਛੜਾ ਵਰਗ ਲਈ ਰਾਖਵੀਆਂ ਕਈ ਪੋਸਟਾਂ ਖਾਲੀ ਹਨ। ਮੰਤਰੀ ਨੇ ਦੱਸਿਆ ਕਿ 10 ਮੰਤਰਾਲਿਆਂ ਤੇ ਵਿਭਾਗਾਂ ਨੇ ਸੂਚਨਾ ਦਿੱਤੀ ਹੈ ਕਿ 31 ਦਸੰਬਰ 2017 ਤੱਕ ਅਨੁਸੂਚਿਤ ਜਾਤੀ ਦੀਆਂ 13,968 ਪੋਸਟਾਂ ਵਿੱਚੋਂ 6,186 ਨੂੰ, ਅਨੁਸੂਚਿਤ ਜਨਜਾਤੀ ਦੀਆਂ 11,040 ਪੋਸਟਾਂ 'ਚੋਂ 4,137 ਨੂੰ ਅਤੇ ਹੋਰ ਪੱਛੜਾ ਵਰਗ ਦੀਆਂ 20,044 ਪੋਸਟਾਂ ਵਿੱਚੋਂ 9,185 ਪੋਸਟਾਂ ਨੂੰ ਭਰਿਆ ਜਾ ਚੁੱਕਾ ਹੈ।

ਮਤਲਬ, ਇਨ੍ਹਾਂ ਵਿਭਾਗਾਂ ਵਿੱਚ ਐੱਸਸੀ ਦੇ ਹਿੱਸੇ ਦੀਆਂ 7,785, ਐੱਸਟੀ ਦੀਆਂ 6,903 ਅਤੇ ਓਬੀਸੀ ਦੀਆਂ 10,859 ਪੋਸਟਾਂ (ਕੁੱਲ 25,547) ਖਾਲੀ ਹਨ, ਜੋ ਕਿ ਕੁੱਲ ਪੋਸਟਾਂ ਦੇ 50 ਫੀਸਦੀ ਤੋਂ ਜ਼ਿਆਦਾ ਬਣਦੀਆਂ ਹਨ। ਇਹ ਸਥਿਤੀ 1 ਜਨਵਰੀ 2018 ਤੱਕ ਦੀ ਹੈ। ਇਸੇ ਤਰ੍ਹਾਂ ਸੀਬੀਆਈ 'ਚ ਵੀ 1,000 ਤੋਂ ਜ਼ਿਆਦਾ ਪੋਸਟਾਂ ਖਾਲੀ ਹਨ।

Comments

Leave a Reply