Sat,May 25,2019 | 01:22:58pm
HEADLINES:

Education

ਭਾਰਤ ਵਿਚ ਪੂਰੀ ਤਰ੍ਹਾਂ ਸਾਖਰਤਾ ਇਕ ਸੁਪਨੇ ਵਾਂਗ, ਦੇਸ਼ ਦੀ ਇਕ ਚੌਥਾਈ ਆਬਾਦੀ ਅਨਪੜ੍ਹ

ਭਾਰਤ ਵਿਚ ਪੂਰੀ ਤਰ੍ਹਾਂ ਸਾਖਰਤਾ ਇਕ ਸੁਪਨੇ ਵਾਂਗ, ਦੇਸ਼ ਦੀ ਇਕ ਚੌਥਾਈ ਆਬਾਦੀ ਅਨਪੜ੍ਹ

ਕਈ ਦੇਸ਼ਾਂ ਨੇ 20ਵੀਂ ਸਦੀ ਵਿਚ ਸੰਪੂਰਨ ਸਾਖਰਤਾ ਦੇ ਟੀਚੇ ਨੂੰ ਹਾਸਲ ਕਰ ਲਿਆ ਅਤੇ ਆਪਣੇ ਸਮਾਜ ਵਿਚ ਸਿੱਖਿਆ ਦੇ ਔਸਤ ਪੱਧਰ ਤੋਂ ਵੀ ਉੱਪਰ ਚੁੱਕਿਆ, ਪਰ ਭਾਰਤ ਹੁਣ ਵੀ ਪੂਰੀ ਤਰ੍ਹਾਂ ਸਾਖਰ ਨਹੀਂ ਹੋ ਸਕਿਆ ਹੈ। ਇਕ ਪਾਸੇ ਅਸੀਂ ਗਿਆਨ ਆਧਾਰਤ ਸਮਾਜ ਤੇ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ, ਪਰ ਇਸ ਕੌੜੇ ਸੱਚ ਦੀ ਅਣਦੇਖੀ ਕਰ ਜਾਂਦੇ ਹਾਂ ਕਿ ਸਾਖਰਤਾ ਤੇ ਸਿੱਖਿਆ  ਦੇ ਨਜ਼ਰੀਏ ਨਾਲ ਸਾਡੇ ਸਮਾਜ ਦੀ ਤਸਵੀਰ ਕਿਸ ਤਰ੍ਹਾਂ ਦੀ ਹੈ।

ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਜਦੋਂ ਕੋਈ ਸਮੱਸਿਆ ਦੇਸ਼ ਤੇ ਸਮਾਜ ਲਈ ਭਿਆਨਕ ਬਣ ਜਾਂਦੀ ਹੈ ਤਾਂ ਸਾਡੀਆਂ ਸਰਕਾਰਾਂ ਉਸਨੂੰ ਜੜ੍ਹ ਤੋਂ ਖਤਮ ਕਰਨ ਲਈ ਵੱਡੇ ਪੱਧਰ 'ਤੇ ਇਕ ਮੁਹਿੰਮ ਚਲਾਉਂਦੀਆਂ ਹਨ, ਤਾਂਕਿ ਸਾਨੂੰ ਉਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਸਕੇ। ਉਦਾਹਰਣ ਦੇ ਤੌਰ 'ਤੇ ਪੋਲੀਓ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੇ ਭਾਰਤ ਵਿਚ ਮੁਹਿੰਮ ਛੇੜੀ ਗਈ ਤਾਂ ਅੱਜ ਭਾਰਤ ਪੋਲੀਓ ਮੁਕਤ ਹੋ ਚੁੱਕਾ ਹੈ।  

ਸਿੱਖਿਆ ਅਜਿਹੀ ਚੀਜ਼ ਹੈ, ਜਿਸਦੇ ਲਈ ਸਰਕਾਰੀ ਤੇ ਸਮਾਜਿਕ ਪੱਧਰ 'ਤੇ ਮੁਹਿੰਮ ਚਲਾਉਣ ਦੀ ਲੋੜ ਹੈ। ਸਿੱਖਿਆ ਲੋਕਾਂ ਦੇ ਰਹਿਣ-ਸਹਿਣ ਨੂੰ ਹੀ ਚੰਗਾ ਨਹੀਂ ਬਣਾਉਂਦੀ, ਉਨ੍ਹਾਂ ਨੂੰ ਸੋਚਣ ਸਮਝਣ ਵਿਚ ਵੀ ਜ਼ਿਆਦਾ ਸਮਰੱਥ ਬਣਾਉਂਦੀ ਹੈ ਤੇ ਵਿਕਾਸ ਤੇ ਖੁਸ਼ਹਾਲੀ ਵੱਲ ਲੈ ਜਾਂਦੀ ਹੈ। ਸਿੱਖਿਆ ਦੀ ਇਸ ਭੂਮਿਕਾ ਨੂੰ ਸਮਝਦੇ ਹੋਏ ਕਈ ਦੇਸ਼ਾਂ ਨੇ 20ਵੀਂ ਸਦੀ ਵਿਚ ਹੀ ਪੂਰਨ ਸਾਖਰਤਾ ਦੇ ਟੀਚੇ ਨੂੰ ਹਾਸਲ ਕੀਤਾ ਅਤੇ ਸਮਾਜ ਵਿਚ ਸਿੱਖਿਆ ਦੇ ਔਸਤ ਪੱਧਰ ਨੂੰ ਉੱਪਰ ਚੁੱਕਿਆ, ਪਰ ਭਾਰਤ ਹੁਣ ਵੀ ਪੂਰੀ ਤਰ੍ਹਾਂ ਸਾਖਰ ਨਹੀਂ ਹੋ ਸਕਿਆ ਹੈ। ਕੀ 100 ਫੀਸਦੀ ਸਾਖਰ ਭਾਰਤ ਲਈ ਮੁਹਿੰਮ ਛੇੜੀ ਗਈ?

ਹਰੇਕ 10 ਸਾਲ 'ਤੇ ਸਾਖਰਤਾ ਦਰ ਵਿਚ ਕੁਝ ਫੀਸਦੀ ਦੇ ਵਾਧੇ ਤੋਂ ਅਸੀਂ ਖੁਸ਼ ਹੋ ਜਾਂਦੇ ਹਾਂ। ਦੇਸ਼ ਦੀ ਇਕ ਚੌਥਾਈ ਆਬਾਦੀ ਹੁਣ ਵੀ ਅਨਪੜ੍ਹ ਹੈ, ਸਿੱਖਿਆ ਤੋਂ ਬਿਨਾਂ ਹੀ ਜ਼ਿੰਦਗੀ ਗੁਜਾਰਨ ਲਈ ਮਜ਼ਬੂਰ ਹੈ। ਇਨ੍ਹਾਂ ਲਈ ਕੀ ਅਸੀਂ ਕੋਈ ਅੰਦੋਲਨ ਚਲਾਇਆ? ਕੋਈ ਵੱਡੇ ਪੱਧਰ 'ਤੇ ਲੜਾਈ ਲੜੀ?

ਇਕ ਪਾਸੇ ਅਸੀਂ ਗਿਆਨ ਆਧਾਰਿਤ ਸਮਾਜ ਦੀ ਗੱਲ ਕਰਦੇ ਹਾਂ, ਡਿਜ਼ੀਟਲ ਇੰਡੀਆ ਦੀ ਗੱਲ ਕਰਦੇ ਹਾਂ, ਪਰ ਇਸ ਕੌੜੇ ਸੱਚ ਦੀ ਅਣਦੇਖੀ ਕਰ ਜਾਂਦੇ ਹਾਂ ਕਿ ਸਾਖਰਤਾ ਤੇ ਸਿੱਖਿਆ ਦੇ ਹਿਸਾਬ ਨਾਲ ਸਾਡੇ ਸਮਾਜ ਦੀ ਤਸਵੀਰ ਕਿਸ ਤਰ੍ਹਾਂ ਦੀ ਹੈ। ਜਦੋਂ ਬਦਲਦੇ ਭਾਰਤ ਵਿਚ ਵੀ ਇਕ ਬਹੁਤ ਵੱਡੀ ਆਬਾਦੀ ਸਿੱਖਿਆ ਵਰਗੇ ਮੁੱਢਲੇ ਅਧਿਕਾਰ ਤੋਂ ਵਾਂਝੀ ਹੋਵੇ ਤਾਂ ਪੱਕੇ ਤੌਰ 'ਤੇ ਦੇਸ਼ ਦੇ ਵਿਕਾਸ ਦੇ ਹਿੱਸੇਦਾਰ, ਇਹ ਬਦਨਸੀਬ ਲੋਕ ਨਹੀਂ ਹੋ ਸਕਦੇ।

ਦੇਸ਼ ਦੀ ਇਹੀ ਸਥਿਤੀ ਭਾਰਤ ਤੇ ਇੰਡੀਆ ਵਿਚ ਫਰਕ ਕਰਨ ਦੀ ਜ਼ਰੂਰਤ ਵੀ ਮਹਿਸੂਸ ਕਰਵਾਉਂਦੀ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਜਿਸ ਵਿਕਾਸ ਦਾ ਢੋਲ ਸਾਡੀਆਂ ਸਰਕਾਰਾਂ ਵਜਾਉਂਦੀਆਂ ਆ ਰਹੀਆਂ ਹਨ, ਉਹ ਅਖੌਤੀ ਵਿਕਾਸ ਸਿੱਖਿਆ ਤੋਂ ਬਿਨਾਂ ਅਧੂਰਾ ਹੈ। ਸੰਯੁਕਤ ਰਾਸ਼ਟਰ ਕਹਿੰਦਾ ਹੈ ਕਿ ਮਨੁੱਖੀ ਵਿਕਾਸ ਦੇ ਜਿਹੜੇ ਵੀ ਪੈਮਾਨੇ ਹਨ, ਉਨ੍ਹਾਂ ਵਿਚ ਸਿੱਖਿਆ ਕਾਫੀ ਮਹੱਤਵਪੂਰਨ ਹੈ। ਹਾਲ ਹੀ ਵਿਚ ਮਨੁੱਖੀ ਵਿਕਾਸ ਇੰਡੈਕਸ ਵਿਚ ਭਾਰਤ ਨੂੰ ਪਛੜਾ ਹੋਇਆ ਦੱਸਿਆ ਗਿਆ ਹੈ ਤੇ 131ਵੇਂ ਨੰਬਰ 'ਤੇ ਰੱਖਿਆ ਗਿਆ ਹੈ, ਜੋ ਕਿ ਸਾਫ ਤੌਰ 'ਤੇ ਇਸ਼ਾਰਾ ਕਰਦਾ ਹੈ ਕਿ ਸਿੱਖਿਆ ਦੇ ਮਾਮਲੇ ਵਿਚ ਅਸੀਂ ਦੁਨੀਆ ਦੇ 130 ਦੇਸ਼ਾਂ ਤੋਂ ਪਿੱਛੇ ਹਾਂ। ਇੱਥੇ ਤੱਕ ਕਿ ਮਾਲਦੀਵ ਤੇ ਸ੍ਰੀਲੰਕਾ ਵਰਗੇ ਦੇਸ਼ ਸਾਡੇ ਤੋਂ ਬੇਹਤਰ ਸਥਿਤੀ ਵਿਚ ਹਨ।

ਜੇਕਰ 100 ਫੀਸਦੀ ਸਾਖਰਤਾ ਦੀ ਗੱਲ ਕਰੀਏ ਤਾਂ ਫਿਨਲੈਂਡ, ਨਾਰਵੇ, ਰੂਸ ਆਦਿ ਕਈ ਅਜਿਹੇ ਦੇਸ਼ ਅਜਿਹੇ ਹਨ, ਜਿਹੜੇ ਇਸ ਕਲੱਬ ਵਿਚ ਸ਼ਾਮਲ ਹੋ ਚੁੱਕੇ ਹਨ। ਅਸੀਂ ਅਮਰੀਕਾ ਵਾਂਗ ਮਹਾਸ਼ਕਤੀ ਬਣਨ ਦੀ ਗੱਲ ਤਾਂ ਕਰਦੇ ਹਾਂ, ਪਰ ਕੀ ਇਹ ਟੀਚੇ ਅਨਪੜ੍ਹਾਂ ਦੀ ਇੰਨੀ ਵੱਡੀ ਆਬਾਦੀ ਦੇ ਨਾਲ ਹਾਸਲ ਕਰਾਂਗੇ? ਅਸੀਂ ਅਜਰਬੈਜਾਨ ਵਰਗੇ ਦੇਸ਼ਾਂ ਦੀ ਬਰਾਬਰੀ ਨਹੀਂ ਕਰ ਪਾ ਰਹੇ ਹਾਂ, ਫਿਰ ਅਮਰੀਕਾ ਦੀ ਬਰਾਬਰੀ ਕਿਸ ਤਰ੍ਹਾਂ ਕਰਾਂਗੇ? ਪੂਰੀ ਤਰ੍ਹਾਂ ਸਾਖਰਤਾ ਨੂੰ ਹਾਸਲ ਕਰਨ ਲਈ ਸਿੱਖਿਆ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜ਼ਰੂਰੀ ਹਨ।

ਨਾਅਰਿਆਂ ਦੀ ਜਗ੍ਹਾ ਜ਼ਮੀਨੀ ਹਕੀਕਤ ਨੂੰ ਸਮਝ ਕੇ ਹੱਲ ਲੱਭਣਾ ਹੋਵੇਗਾ। ਯੂਨੈਸਕੋ ਦੀ ਮੰਨੀਏ ਤਾਂ 2014 ਵਿਚ ਜਿੱਥੇ ਫਿਨਲੈਂਡ ਆਪਣੇ ਜੀਡੀਪੀ ਦਾ 7.2 ਫੀਸਦੀ ਸਿੱਖਿਆ 'ਤੇ ਖਰਚ ਕਰਦਾ ਸੀ, ਉੱਥੇ ਭਾਰਤ 'ਚ ਇਹ ਸਿਰਫ 3.8 ਫੀਸਦੀ ਰਿਹਾ। ਭਾਰਤ ਸਰਕਾਰ ਨੂੰ ਇੱਛਾ ਸ਼ਕਤੀ ਦਿਖਾਉਣ ਦੀ ਲੋੜ ਹੈ। 

ਫਿਨਲੈਂਡ ਤੋਂ ਅਲੱਗ ਸਾਡਾ ਸਿੱਖਿਆ ਸਿਸਟਮ
ਪੂਰੀ ਤਰ੍ਹਾਂ ਸਾਖਰਤਾ ਵਾਲੇ ਦੇਸ਼ ਫਿਨਲੈਂਡ ਦੀ ਗੱਲ ਕਰੀਏ ਤਾਂ ਉੱਥੇ ਸਿੱਖਿਆ ਪ੍ਰਣਾਲੀ ਭਾਰਤ ਤੋਂ ਬਿਲਕੁੱਲ ਅਲੱਗ ਹੈ। ਉੱਥੇ ਸੱਤ ਸਾਲ ਦੀ ਉਮਰ ਵਿਚ ਬੱਚੇ ਸਕੂਲ ਵਿਚ ਦਾਖਲਾ ਲੈਂਦੇ ਹਨ, ਜਦਕਿ ਭਾਰਤ ਵਿਚ ਤਿੰਨ ਸਾਲ ਦੀ ਉਮਰ ਵਿਚ ਹੀ ਦਾਖਲੇ ਦੀ ਦੌੜ ਲੱਗ ਜਾਂਦੀ ਹੈ। ਫਿਨਲੈਂਡ ਵਿਚ ਨਿੱਜੀ ਕਾਲਜ ਨਹੀਂ ਹੁੰਦੇ, ਜਦਕਿ ਸਾਡੇ ਨਿੱਜੀ ਕਾਲਜ ਤੇ ਹੁਣ ਨਿੱਜੀ ਯੂਨੀਵਰਸਿਟੀਆਂ ਦਾ ਜਾਲ ਵੀ ਫੈਲਦਾ ਜਾ ਰਿਹਾ ਹੈ।

ਇਨ੍ਹਾਂ ਵਿਚ ਮੋਟੀਆਂ ਫੀਸਾਂ ਕਰਕੇ ਸਿੱਖਿਆ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਫਿਨਲੈਂਡ ਦੇ ਬੱਚਿਆਂ 'ਤੇ ਹੋਮਵਰਕ ਦਾ ਬੋਝ ਵੀ ਨਹੀਂ ਪਾਇਆ ਜਾਂਦਾ। ਇਕ ਸਰਵੇ ਮੁਤਾਬਕ, ਉੱਥੇ ਦੇ ਨਾਬਾਲਿਗ ਇਕ ਹਫਤੇ ਵਿਚ ਔਸਤ 2.8 ਘੰਟੇ ਹੀ ਹੋਮਵਰਕ ਕਰਦੇ ਹਨ, ਪਰ ਸਾਡੇ ਸਕੂਲਾਂ ਵਿਚ ਪੁਸਤਕ ਤੇ ਹੋਮਵਰਕ ਦਾ ਬੋਝ ਵਧਦੀ ਕਲਾਸ ਦੇ ਨਾਲ ਵਧਦਾ ਜਾਂਦਾ ਹੈ। ਵਿਚਕਾਰ ਤੋਂ ਹੀ ਪੜ੍ਹਾਈ ਛੱਡਣ ਦਾ ਇਹ ਵੀ ਇਕ ਕਾਰਨ ਹੈ।
-ਰਿਜ਼ਵਾਨ ਨਿਜ਼ਾਮੁਦੀਨ ਅੰਸਾਰੀ

Comments

Leave a Reply