Mon,Aug 20,2018 | 04:36:56am
HEADLINES:

Education

ਝੁੱਗੀ 'ਚ ਰਹਿ ਕੇ, ਦੀਵੇ ਦੀ ਰੌਸ਼ਨੀ 'ਚ ਪੜ ਕੇ ਐਲਐਲਬੀ ਕਰ ਗਈ ਦਲਿਤ ਪਰਿਵਾਰ ਦੇ ਬੇਟੀ

ਝੁੱਗੀ 'ਚ ਰਹਿ ਕੇ, ਦੀਵੇ ਦੀ ਰੌਸ਼ਨੀ 'ਚ ਪੜ ਕੇ ਐਲਐਲਬੀ ਕਰ ਗਈ ਦਲਿਤ ਪਰਿਵਾਰ ਦੇ ਬੇਟੀ

ਹੁਸ਼ਿਆਰਪੁਰ। ਉਸਦਾ ਜਨਮ ਗਰੀਬ ਦਲਿਤ ਪਰਿਵਾਰ 'ਚ ਹੋਇਆ। ਉਸਨੇ ਝੁੱਗੀਆਂ ਵਿਚ ਦਿਨ ਗੁਜ਼ਾਰੇ। ਪਿਤਾ ਦੀ ਮੌਤ ਤੋਂ ਬਾਅਦ ਸਕੂਲ ਛੱਡਣ ਲਈ ਮਜਬੂਰ ਹੋਣਾ ਪਿਆ, ਪਰ ਹੌਸਲਾ ਨਹੀਂ ਛੱਡਿਆ। ਮੁੜ ਤੋਂ ਪੜਾਈ ਸ਼ੁਰੂ ਕੀਤੀ। ਬਿਜਲੀ ਨਾ ਹੋਣ ਕਰਕੇ ਦੀਵੇ ਦੀ ਰੌਸ਼ਨੀ 'ਚ ਵੀ ਪੂਰੀ ਲਗਨ ਨਾਲ ਪੜਨਾ ਜਾਰੀ ਰੱਖਿਆ। ਗਰੀਬ ਦਲਿਤ ਪਰਿਵਾਰ ਦੇ ਓਹੀ ਬੇਟੀ ਹੁਣ ਐਲਐਲਬੀ ਕਰਨ ਵਿਚ ਸਫਲ ਹੋ ਗਈ ਹੈ। ਆਪਣੇ ਬੁਲੰਦ ਹੌਸਲੇ ਨਾਲ ਅੱਗੇ ਵਧਣ ਵਾਲੀ ਇਹ ਬੇਟੀ ਮੀਨੂ ਹੁਣ ਪੰਜਾਬੀ ਯੂਨੀਵਰਸਿਟੀ ਵਿਚ ਪੀਸੀਐੱਸ ਜਿਊਡੀਸ਼ਅਰੀ ਦੀ ਤਿਆਰੀ ਕਰ ਰਹੀ ਹੈ। 

ਤਲਵਾੜਾ ਦੀ ਰਹਿਣ ਵਾਲੀ ਮੀਨੂ ਨੇ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਕਰਕੇ ਮਿਸਾਲ ਕਾਇਮ ਕੀਤੀ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਮੀਨੂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਘਰ ਵਿਚ ਅੱਤ ਦੀ ਗਰੀਬੀ ਸੀ। ਫਿਰ ਵੀ ਕਿਸੇ ਤਰਾਂ ਮੀਨੂ ਨੇ ਪੜਾਈ ਜਾਰੀ ਰੱਖੀ ਤੇ 2002 ਵਿਚ ਤਲਵਾੜਾ ਦੇ ਸਰਕਾਰੀ ਸਕੂਲ ਤੋਂ ਦਸਵੀਂ ਕੀਤੀ। 

ਮੰਨ ਵਿਚ ਅੱਗੇ ਵਧਣ ਦਾ ਜਜ਼ਬਾ ਸੀ, ਪਰ ਇਸੇ ਵਿਚਕਾਰ ਉਸ ਦੇ ਪਿਤਾ ਊਧੋ ਰਾਮ ਦੀ ਮੌਤ ਹੋ ਗਈ। ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਸੀ। ਗਰੀਬੀ ਪਹਿਲਾਂ ਹੀ ਸੀ, ਪਿਤਾ ਦੀ ਮੌਤ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ। ਇਸ ਕਰਕੇ ਮੀਨੂ ਨੂੰ ਆਪਣੀ ਪੜਾਈ ਛੱਡਣੀ ਪਈ ਤੇ ਉਹ ਮਾਂ ਨਾਲ ਘਰ ਦੇ ਕੰਮ ਵਿਚ ਹੀ ਸਹਿਯੋਗ ਕਰਨ ਲੱਗੀ। 

ਇਨਾਂ ਹਾਲਾਤਾਂ ਵਿਚ ਵੀ ਮੀਨੂ ਦਾ ਹੌਸਲਾ ਘੱਟ ਨਹੀਂ ਹੋਇਆ। ਉਸਨੇ ਫਿਰ ਹਿੰਮਤ ਕੀਤੀ ਤੇ ਆਪਣੀ ਮਾਂ ਦੀ ਮਦਦ ਨਾਲ ਟੀਚਾ ਹਾਸਲ ਕਰਨ ਲਈ ਮੁੜ ਤਲਵਾੜਾ ਦੇ ਸਰਕਾਰੀ ਸਕੂਲ ਵਿਚ 12ਵੀਂ ਕੀਤੀ ਤੇ ਉਸ ਤੋਂ ਬਾਅਦ ਸਰਕਾਰੀ ਕਾਲਜ ਤਲਵਾੜਾ ਵਿਚ ਦਾਖਲਾ ਲਿਆ।

2013 ਵਿਚ ਬੀਏ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਲਐਲਬੀ ਕਰਨ ਲਈ ਅਪਲਾਈ ਕੀਤਾ। ਮੀਨੂ ਜਨਰਲ ਤੇ ਐਸਸੀ ਕੈਟੇਗਰੀ ਵਿਚ 96.6 ਫੀਸਦੀ ਅੰਕ ਲੈ ਕੇ ਯੂਨੀਵਰਸਿਟੀ ਦੀ ਮੈਰਿਟ ਵਿਚ ਰਹੀ ਤੇ ਯੂਨੀਵਰਸਿਟੀ ਵਿਚ ਹੀ ਸੀਟ ਹਾਸਲ ਕਰਕੇ ਐਲਐਲਬੀ ਕਰਨ ਵਿਚ ਸਫਲ ਰਹੀ। ਮੀਨੂ ਹੁਣ ਪੰਜਾਬੀ ਯੂਨੀਵਰਸਿਟੀ ਵਿਚ ਪੀਸੀਐਸ ਜਿਊਡੀਸ਼ਅਰੀ ਦੀ ਤਿਆਰੀ ਕਰ ਰਹੀ ਹੈ। 

ਮੀਨੂ ਦੱਸਦੀ ਹੈ ਕਿ ਉਸਦੀ ਇਕ ਭੈਣ ਤੇ ਦੋ ਭਰਾ ਹਨ। ਆਪਣੀ ਸਫਲਤਾ ਬਾਰੇ ਉਸਨੇ ਦੱਸਿਆ ਕਿ ਮਾਂ ਪ੍ਰਭਾ ਦੇਵੀ ਨੇ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜ ਕੇ ਉਸਨੂੰ ਇਸ ਮੁਕਾਮ ਤੱਕ ਪਹੁੰਚਾਇਆ। ਮੀਨੂ ਦੇ ਪਰਿਵਾਰ ਦਾ ਪਿਛੋਕੜ ਮਹਾਰਾਸ਼ਟਰ ਦਾ ਹੈ। ਤਲਵਾੜਾ ਵਿਚ ਪੌਂਗ ਡੈਮ ਦਾ ਨਿਰਮਾਣ ਹੋਇਆ ਤਾਂ ਪਿਤਾ ਲੇਬਰ ਕਰਨ ਲਈ ਇੱਥੇ ਆਏ ਸਨ। ਉਸ ਸਮੇਂ ਉਨਾਂ ਨੇ ਇੱਥੇ ਝੁੱਗੀ ਬਣਾਈ ਸੀ।

ਗਰੀਬਾਂ ਦੇ ਕੇਸ ਮੁਫਤ ਲੜੇਗੀ ਮੀਨੂ
ਮੀਨੂ ਐਲਐਲਬੀ ਕਰਕੇ ਪੀਸੀਐਸ ਜਿਊਡੀਸ਼ਅਰੀ ਦੀ ਤਿਆਰੀ ਕਰ ਰਹੀ ਹੈ। ਉਸਨੇ ਕਿਹਾ ਕਿ ਗਰੀਬੀ ਵਿਚ ਰਹਿਣ ਕਾਰਨ ਉਸਨੂੰ ਪਤਾ ਹੈ ਕਿ ਗਰੀਬੀ ਕੀ ਹੁੰਦੀ ਹੈ। ਇਸ ਲਈ ਉਸਨੇ ਸੰਕਲਪ ਲਿਆ ਹੈ ਕਿ ਉਹ ਗਰੀਬਾਂ ਨੂੰ ਇਨਸਾਫ ਦਿਵਾਉਣ ਲਈ ਉਨਾਂ ਦੇ ਕੇਸ ਬਿਨਾਂ ਕੋਈ ਫੀਸ ਲਈ ਬਿਲਕੁੱਲ ਮੁਫਤ ਲੜੇਗੀ। ਉਸਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਲਈ ਬਿਜਲੀ ਦਾ ਪ੍ਰਬੰਧ ਕਰੇ, ਤਾਂਕਿ ਇੱਥੇ ਦੇ ਬੱਚੇ ਪੜਾਈ ਤੋਂ ਵਾਂਝੇ ਨਾ ਰਹਿ ਸਕਣ।

Comments

Leave a Reply