Fri,Feb 22,2019 | 10:46:59am
HEADLINES:

Education

ਲੜਕੀਆਂ ਨੂੰ ਲੜਕਿਆਂ ਬਰਾਬਰ ਸਿੱਖਿਆ ਦਿੱਤੇ ਬਿਨਾਂ ਭਾਰਤੀ ਸਮਾਜ ਨਹੀਂ ਕਰ ਸਕੇਗਾ ਤਰੱਕੀ

ਲੜਕੀਆਂ ਨੂੰ ਲੜਕਿਆਂ ਬਰਾਬਰ ਸਿੱਖਿਆ ਦਿੱਤੇ ਬਿਨਾਂ ਭਾਰਤੀ ਸਮਾਜ ਨਹੀਂ ਕਰ ਸਕੇਗਾ ਤਰੱਕੀ

ਲੜਕੀਆਂ 'ਚ ਸਿੱਖਿਆ ਦਾ ਪੱਧਰ ਵਧਾਉਣ ਨੂੰ ਸਾਰੇ ਅਹਿਮ ਤਾਂ ਮੰਨਦੇ ਹਨ, ਪਰ ਸ਼ਾਇਦ ਜ਼ਮੀਨੀ ਪੱਧਰ 'ਤੇ ਇਸਦੇ ਅਸਰ ਨੂੰ ਠੀਕ ਠਾਕ ਨਾ ਸਮਝਣ ਕਾਰਨ ਇਸ ਪਾਸੇ ਪੈਰ ਵਧਾਉਣ ਤੋਂ ਰਹਿ ਜਾਂਦੇ ਹਨ, ਜਿਸਨੂੰ ਦੂਰ ਕਰਨਾ ਹੋਵੇਗਾ। ਸੋਚਣ ਤੇ ਅਮਲ ਕਰਨ ਦੇ ਵਿਚਾਲੇ ਦਾ ਇਹੀ ਅੰਤਰ ਹੈ।

ਜੀ 20 ਵਰਗੇ ਵੱਡੇ ਕੌਮਾਂਤਰੀ ਸੰਮੇਲਨਾਂ 'ਚ ਵਧੀਆ ਭਵਿੱਖ ਲਈ ਟੀਚੇ ਤੈਅ ਕੀਤੇ ਜਾਂਦੇ ਹਨ। ਨੇਤਾ, ਮਾਹਿਰ, ਵਰਕਰ ਇਕੱਠੇ ਹੁੰਦੇ ਹਨ ਤੇ ਸੰਸਾਰ ਦੇ ਸਾਹਮਣੇ ਖੜ੍ਹੀਆਂ ਕੁਝ ਮੌਜੂਦਾ ਚੁਣੌਤੀਆਂ 'ਤੇ ਚਰਚਾ ਕਰਦੇ ਹਨ। ਅਸਿੱਖਿਆ, ਲਿੰਗ, ਭੇਦ, ਵਰਕਫੋਰਸ 'ਚ ਕੁਸ਼ਲ ਲੋਕਾਂ ਦੀ ਘਾਟ, ਤਕਨੀਕ ਤੇ ਆਈਟੀ ਵਿਕਾਸ ਦੀ ਸੀਮਤ ਪਹੁੰਚ ਅਜਿਹੀਆਂ ਹੀ ਚੁਣੌਤੀਆਂ ਹਨ। 

ਜ਼ਿਆਦਾ ਤੋਂ ਜ਼ਿਆਦਾ ਲੜਕੀਆਂ ਨੂੰ ਸਿੱਖਿਅਤ ਬਣਾਉਣਾ, ਵਰਕਫੋਰਸ 'ਚ ਸ਼ਾਮਲ ਕਰਨਾ ਤੇ ਆਪਣੇ ਆਪਣੇ ਇਲਾਕੇ 'ਚ ਆਉਣ ਵਾਲੇ ਕੱਲ੍ਹ ਦੇ ਲੀਡਰ ਵਜੋਂ ਵਿਕਸਤ ਕਰਨ ਦੇ ਵਿਚਾਰ 'ਤੇ ਕਮੋਬੇਸ਼ ਸਾਰਿਆਂ ਦੀ ਸਹਿਮਤੀ ਵੀ ਹੈ, ਫਿਰ ਉਹ ਕਿਹੜੀ ਗੱਲ ਹੈ, ਜਿਸਦੇ ਕਾਰਨ ਇਨ੍ਹਾਂ ਨੇਕ ਇਰਾਦਿਆਂ ਨੂੰ ਅਮਲੀ ਜਾਮਾ ਪਹਿਨਾਉਣਾ ਇੰਨੇ ਸਾਲਾਂ ਤੋਂ ਇਕ ਅਸੰਭਵ ਜਿਹਾ ਟੀਚਾ ਬਣਿਆ ਹੋਇਆ ਹੈ।

ਕਾਰਨ ਇਹ ਹੈ ਕਿ ਅੱਜ ਵੀ ਜ਼ਮੀਨੀ ਪੱਧਰ 'ਤੇ ਸਾਰੇ ਲੋਕ ਲੜਕੀਆਂ ਦੀ ਸਿੱਖਿਆ ਦੇ ਅਸਲ ਮਾਇਨੇ ਤੇ ਉਸਦੇ ਫਾਇਦੇ ਨਹੀਂ ਸਮਝ ਸਕੇ ਹਨ ਤੇ ਇਸ ਲਈ ਇਸਨੂੰ ਇੰਨਾ ਮਹੱਤਵ ਨਹੀਂ ਦਿੱਤਾ ਜਾਂਦਾ। ਇਹ ਗੱਲ ਇੰਨੀ ਸਿੱਧੀ ਹੈ ਵੀ ਨਹੀਂ ਕਿ ਖੁਦ ਬ ਖੁਦ ਸਮਝ ਆ ਜਾਏ ਤੇ ਇਥੇ ਹੀ ਕੇਂਦਰ ਤੇ ਸੂਬਾ ਸਰਕਾਰਾਂ, ਸਰਕਾਰੀ ਤੇ ਨਿੱਜੀ ਸੰਸਥਾਵਾਂ, ਸਮਾਜਿਕ, ਵਰਕਰਾਂ ਤੇ ਜਾਗਰੂਕ ਨਾਗਰਿਕਾਂ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ।

ਸਵਾਲ ਉਠਣਾ ਵਾਜਿਬ ਹੈ ਕਿ ਜਦੋਂ ਸਿੱਖਿਆ ਸਾਰਿਆਂ ਲਈ ਹੀ ਅਹਿਮ ਹੈ ਤਾਂ ਖਾਸ ਤੌਰ 'ਤੇ ਲੜਕੀਆਂ ਦੀ ਸਿੱਖਿਆ 'ਤੇ ਜ਼ੋਰ ਕਿਉਂ ਨਹੀਂ ਦਿੱਤਾ ਜਾਂਦਾ। ਆਖਿਰ ਇਕ ਲੜਕੀ ਨੂੰ ਸਿੱਖਿਅਤ ਬਣਾਉਣ ਤੇ ਲੜਕੇ ਨੂੰ ਸਿੱਖਿਅਤ ਬਣਾਉਣ 'ਚ ਫ਼ਰਕ ਕਿਥੇ ਆਉਂਦਾ ਹੈ। ਆਓ ਇਨ੍ਹਾਂ ਸਵਾਲਾਂ ਦੀ ਪੜਤਾਲ ਕਰਦੇ ਹਾਂ। ਇਹ ਤਾਂ ਸਾਫ਼ ਹੈ ਕਿ ਜਦੋਂ ਕਿਸੇ ਲੜਕੀ ਨੂੰ ਪੜ੍ਹਾਈ ਪੂਰੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਸ ਨਾਲ ਉਸਦੇ ਵਿਅਕਤੀਗਤ ਜੀਵਨ 'ਚ ਕਈ ਫਾਇਦੇ ਮਿਲਦੇ ਹਨ।

ਆਤਮ ਵਿਸ਼ਵਾਸ, ਨੌਕਰੀ, ਆਰਥਿਕ ਆਤਮਨਿਰਭਰਤਾ ਤੇ ਪਰਿਵਾਰ 'ਚ ਆਰਥਿਕ ਖੁਸ਼ਹਾਲੀ ਲਿਆਉਣ ਵਰਗੇ ਫਾਇਦੇ ਤਾਂ ਲੜਕੇ-ਲੜਕੀਆਂ ਲਈ ਬਰਾਬਰ ਹਨ। ਪਰ ਹੁਣ ਇਨ੍ਹਾਂ ਤੱਥਾਂ 'ਤੇ ਧਿਆਨ ਦੇਵੋ ਜੋ ਸਿੱਖਿਅਤ ਲੜਕੀ ਲਈ ਲੜਕਿਆਂ ਤੋਂ ਵੱਖ ਹੈ, ਜਿਵੇਂ ਕਿ ਉਚ ਸਿੱਖਿਆ ਪਾਉਣ ਵਾਲੀਆਂ ਲੜਕੀਆਂ ਦੇਰ ਨਾਲ ਵਿਆਹ ਕਰਦੀਆਂ ਹਨ। ਪੜ੍ਹੀਆਂ ਲਿਖੀਆਂ ਮਹਿਲਾਵਾਂ 'ਚ ਐੱਚਆਈਵੀ/ਏਡਜ਼ ਵਰਗੇ ਇਨਫੈਕਸ਼ਨ ਵੀ ਘੱਟ ਹੁੰਦੇ ਹਨ।

ਫਾਇਦਿਆਂ ਦੀ ਸੂਚੀ ਹਾਲੇ ਇਥੇ ਖਤਮ ਨਹੀਂ ਹੁੰਦੀ ਹੈ। ਅਸਲ 'ਚ ਲੜਕੀਆਂ ਨੂੰ ਮਿਲੀ ਸਿੱਖਿਆ ਦਾ ਅਸਰ ਉਨ੍ਹਾਂ ਦੇ ਵਿਅਕਤੀਗਤ ਪੱਧਰ ਤੱਕ ਹੀ ਨਹੀਂ ਰਹਿੰਦਾ, ਸਗੋਂ ਇਕ ਤਰ੍ਹਾਂ ਨਾਲ ਪੂਰੇ ਸਮਾਜ 'ਤੇ ਅਸਰ ਪਾਉਂਦਾ ਹੈ। ਵਿਕਾਸਸ਼ੀਲ ਦੇਸ਼ਾਂ 'ਚ ਸਿੱਖਿਆ ਤੇ ਗਰੀਬੀ ਵਿਚਾਲੇ ਸਬੰਧਾਂ ਦੀ ਭਾਲ ਕਰਦੇ ਹੋਏ ਆਪਣੀ ਇਕ ਸਟੱਡੀ 'ਚ ਅਮਰੀਕੀ ਸੰਸਥਾਨ ਬਰੂਕਿੰਗ ਇੰਸਟੀਚਿਊਟ ਨੇ ਪਾਇਆ ਕਿ ਵਿਸ਼ਵ ਦੇ 65 ਅਜਿਹੇ ਮੱਧਮ ਤੇ ਘੱਟ ਆਮਦਨ ਵਾਲੇ ਦੇਸ਼ ਸਾਲਾਨਾ ਲਗਭਗ 92 ਅਰਬ ਡਾਲਰ ਸਿਰਫ ਇਸ ਲਈ ਗੁਆ ਰਹੇ ਹਨ, ਕਿਉਂਕਿ ਉਹ ਆਪਣੀਆਂ ਲੜਕੀਆਂ ਨੂੰ ਲੜਕਿਆਂ ਬਰਾਬਰ ਸਿੱਖਿਆ ਨਹੀਂ ਦਿੰਦੇ।

ਲੰਘੇ ਦਹਾਕਿਆਂ ਤੇ ਹਾਲ ਦੇ ਸਾਲਾਂ 'ਚ ਪ੍ਰਾਇਮਰੀ ਸਿੱਖਿਆ ਦਾ ਕਾਫੀ ਵਿਸਤਾਰ ਹੋਇਆ ਹੈ, ਪਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ 'ਚ ਅੱਜ ਵੀ ਲੜਕੀਆਂ ਨੂੰ ਸੈਕੰਡਰੀ ਪੱਧਰ ਤੱਕ ਦੀ ਸਿੱਖਿਆ ਦੇਣਾ ਸੰਭਵ ਨਹੀਂ ਹੋ ਸਕਿਆ ਹੈ। ਭਾਰਤ ਦੀਆਂ 60 ਫੀਸਦੀ ਤੋਂ ਘੱਟ ਲੜਕੀਆਂ ਸੈਕੰਡਰੀ ਸਕੂਲਾਂ 'ਚ ਦਾਖਲਾ ਲੈਂਦੀਆਂ ਹਨ ਤੇ ਇਨ੍ਹਾਂ 'ਚੋਂ ਬਹੁਤ ਘੱਟ ਸਿੱਖਿਆ ਨੂੰ ਪੂਰਾ ਕਰ ਪਾਉਂਦੀਆਂ ਹਨ। ਸਿੱਖਿਆ ਦਾ ਇਹ ਪੱਧਰ ਪ੍ਰਾਇਮਰੀ ਸਿੱਖਿਆ ਤੋਂ ਵੀ ਮਹਿੰਗਾ ਪੈਂਦਾ ਹੈ।

ਛੱਤੀਸਗੜ੍ਹ 'ਚ 15 ਤੋਂ 17 ਸਾਲ ਦੀਆਂ 90.1 ਫ਼ੀਸਦੀ ਲੜਕੀਆਂ ਸਕੂਲ ਜਾ ਰਹੀਆਂ ਹਨ, ਜਦੋਂਕਿ ਇਹ ਅੰਕੜਾ 84.8 ਫ਼ੀਸਦੀ ਹੈ। ਬਿਹਾਰ ਵੀ ਰਾਸ਼ਟਰੀ ਔਸਤ ਤੋਂ ਜ਼ਿਆਦਾ ਪਿੱਛੇ ਨਹੀਂ ਹੈ। ਇਥੇ ਇਹ ਅੰਕੜਾ 83.3 ਫ਼ੀਸਦੀ ਹੈ। ਝਾਰਖੰਡ 'ਚ 84.1 ਫ਼ੀਸਦੀ, ਮੱਧ ਪ੍ਰਦੇਸ਼ 'ਚ 79.9 ਫ਼ੀਸਦੀ, ਯੂਪੀ 'ਚ 79.4 ਫ਼ੀਸਦੀ ਤੇ ਉੜੀਸਾ 'ਚ 75.3 ਫ਼ੀਸਦੀ ਲੜਕੀਆਂ ਹਾਈ ਸਕੂਲ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਦਿੰਦੀਆਂ ਹਨ।

ਸਿੱਖਿਆ ਨੂੰ ਲੈ ਕੇ ਜਾਗਰੂਕਤਾ ਵਧਣ ਤੇ ਇਸ 'ਚ ਨਿਵੇਸ਼ ਕੀਤੇ ਜਾਣ ਨਾਲ ਹਾਲਾਤ ਤਾਂ ਜ਼ਰੂਰ ਸੁਧਰਨਗੇ, ਪਰ ਨਾਲ ਹੀ ਜ਼ਰੂਰਤ ਹੋਵੇਗੀ ਸਿੱਖਿਆ ਦੇ ਨਵੇਂ ਤਰੀਕਿਆਂ ਤੇ ਨਵੇਂ ਢੰਗਾਂ ਦੀ। ਭਾਰਤ ਵਰਗੇ ਦੇਸ਼ 'ਚ ਸਾਰਿਆਂ ਦਾ ਵਿਕਾਸ ਉਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਇਸਦੀ ਅਗਵਾਈ ਸਿੱਖਿਅਤ ਮਹਿਲਾਵਾਂ ਨਾ ਕਰ ਰਹੀਆਂ ਹੋਣ। ਲੜਕੀਆਂ ਦੀ ਸਿੱਖਿਆ ਨਾਲ ਨਾ ਸਿਰਫ ਉਨ੍ਹਾਂ ਦਾ ਖੁਦ ਦਾ, ਉਨ੍ਹਾਂ ਦੇ ਪਰਿਵਾਰ ਦਾ, ਸਮਾਜ ਦਾ, ਸਗੋਂ ਸਿੱਧੇ ਸਿੱਧੇ ਦੇਸ਼ ਦਾ ਆਰਥਿਕ ਵਿਕਾਸ ਵੀ ਜੁੜਿਆ ਹੋਇਆ ਹੈ।

ਇਧਰ ਸਮਾਜ 'ਚ ਸਿੱਖਿਅਤ ਲੜਕੀਆਂ ਦੀ ਗਿਣਤੀ ਵਧੇਗੀ ਤੇ ਉਧਰ ਆਪਣੇ ਆਪ ਕਈ ਨਕਾਰਾਤਮਕ ਸਮਾਜਿਕ ਮਾਪਦੰਡਾਂ ਦੀਆਂ ਬੇੜੀਆਂ ਟੁੱਟਣਗੀਆਂ। ਇਸ  ਨਾਲ ਦਿਨ ਪ੍ਰਤੀ ਦਿਨ ਸੰਸਾਰਕ ਤੇ ਆਰਥਿਕ ੍ਰਮੋਰਚੇ 'ਤੇ ਤਰੱਕੀ ਕਰਕੇ ਭਾਰਤ ਦਾ ਦੁਨੀਆ 'ਚ ਮਾਣ ਵਧੇਗਾ।
-ਰਿਤੀਕਾ

Comments

Leave a Reply