Sat,Jun 23,2018 | 07:11:30pm
HEADLINES:

Cultural

ਦਲਿਤਾਂ ਨਾਲ ਰਹਿਣ ਵਾਲੇ ਉੱਚੀ ਜਾਤੀ ਦੇ ਵਿਦਿਆਰਥੀ ਘਰ ਮੁੜਦੇ ਹਨ ਤਾਂ ਮਾਤਾ-ਪਿਤਾ ਕਰਦੇ ਹਨ 'ਸ਼ੁੱਧੀਕਰਨ'

ਦਲਿਤਾਂ ਨਾਲ ਰਹਿਣ ਵਾਲੇ ਉੱਚੀ ਜਾਤੀ ਦੇ ਵਿਦਿਆਰਥੀ ਘਰ ਮੁੜਦੇ ਹਨ ਤਾਂ ਮਾਤਾ-ਪਿਤਾ ਕਰਦੇ ਹਨ 'ਸ਼ੁੱਧੀਕਰਨ'

ਲਿਤਾਂ ਦੇ ਨਾਲ ਰਹਿਣ ਵਾਲੇ ਉੱਚੀ ਜਾਤੀ ਦੇ ਵਿਦਿਆਰਥੀ ਜਦੋਂ ਵਾਪਸ ਘਰ ਮੁੜਦੇ ਹਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਸ਼ੁੱਧੀਕਰਨ ਲਈ ਕੀ ਢੰਗ ਅਪਣਾਉਂਦੇ ਹਨ? ਢਾਈ ਸਾਲ ਪਹਿਲਾਂ ਗੁਜਰਾਤ ਪੁਲਸ ਤੋਂ ਰਿਟਾਇਰ ਅਨੁਸੂਚਿਤ ਜਾਤੀ (ਐਸਸੀ) ਵਰਗ ਦੇ ਅਫਸਰ ਰਾਜਨ ਪ੍ਰਿਅਦਰਸ਼ੀ ਨੇ 'ਦਲਿਤਾਂ 'ਤੇ ਅੱਤਿਆਚਾਰ' ਵਿਸ਼ੇ 'ਤੇ ਪੀਐਚਡੀ ਦੌਰਾਨ ਉੱਚੀ ਜਾਤੀ ਦੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਵਿਚ ਇਹੀ ਸਵਾਲ ਪੁੱਛਿਆ।

ਬੱਚਿਆਂ ਨੇ ਦੱਸਿਆ ਕਿ ਮਾਤਾ-ਪਿਤਾ ਉਨ੍ਹਾਂ ਨੂੰ ਗਾਂ ਨੂੰ ਛੂਹਣ ਲਈ ਕਹਿਣਗੇ, ਜਿਸ ਨਾਲ ਉਹ ਪਵਿੱਤਰ ਹੋ ਜਾਣਗੇ। ਗੰਗਾ ਜਲ ਛਿੜਕਣ 'ਤੇ ਸ਼ੁੱਧਤਾ ਆਵੇਗੀ, ਜਿਸ ਨਾਲ ਸਰੀਰ ਸ਼ੁੱਧ ਹੋਵੇਗਾ। ਉਨ੍ਹਾਂ ਨੂੰ ਸੂਰਜ ਵੱਲ ਲਗਾਤਾਰ ਦੇਖਣ ਨੂੰ ਕਿਹਾ ਜਾਵੇਗਾ, ਜਿਸ ਨਾਲ ਸਰੀਰ ਸ਼ੁੱਧ ਹੋਵੇਗਾ। 

ਰਾਜਨ ਪ੍ਰਿਅਦਰਸ਼ੀ ਕਹਿੰਦੇ ਹਨ, ''ਇਸ ਪ੍ਰਸ਼ਨ ਪੱਤਰ ਵਿਚ ਜਵਾਬ ਤੋਂ ਪਤਾ ਲਗਦਾ ਹੈ ਕਿ ਉੱਚੀ ਜਾਤੀ ਦੇ ਲੋਕ ਦਲਿਤਾਂ ਦੇ ਨਾਲ ਖਾਣਾ ਤਾਂ ਦੂਰ, ਉਨ੍ਹਾਂ ਨੂੰ ਗੁਆਂਢੀ ਬਣਾਉਣ ਲਈ ਵੀ ਤਿਆਰ ਨਹੀਂ ਸਨ।'' ਪੁਲਸ ਵਿਭਾਗ 'ਚ ਆਈਜੀ ਦੇ ਅਹੁਦੇ ਤੱਕ ਪਹੁੰਚਣ ਵਾਲੇ ਪ੍ਰਿਅਦਰਸ਼ੀ ਆਪਣੇ ਪਿੰਡ ਵਿਚ ਉੱਚੀ ਜਾਤੀਆਂ ਦੇ ਦਬਾਅ ਕਾਰਨ ਆਪਣਾ ਘਰ ਤੱਕ ਨਹੀਂ ਬਣਾ ਸਕੇ। ਮਜਬੂਰੀ ਵਿਚ ਉਹ ਅਹਿਮਦਾਬਾਦ (ਗੁਜਰਾਤ) ਦੇ ਇਕ ਦਲਿਤ ਆਬਾਦੀ ਵਾਲੇ ਇਲਾਕੇ ਵਿਚ ਰਹਿ ਰਹੇ ਹਨ।

ਉਹ ਕਹਿੰਦੇ ਹਨ, ''ਗੁਜਰਾਤ ਵਿਚ ਕੋਈ ਦਲਿਤ ਆਪਣੀ ਮਨਪਸੰਦ ਜਗ੍ਹਾ 'ਤੇ ਨਹੀਂ ਰਹਿ ਸਕਦਾ।'' ਗੁਜਰਾਤ ਵਿਚ ਦਲਿਤਾਂ ਦੀ ਗਿਣਤੀ ਸਿਰਫ ਸੱਤ ਫੀਸਦੀ ਹੈ। ਜਾਤੀ ਆਧਾਰ 'ਤੇ ਵੰਡੇ ਗੁਜਰਾਤੀ ਸਮਾਜ 'ਚ ਦਲਿਤ ਸਭ ਤੋਂ ਹੇਠਾਂ ਹਨ। 

ਨਵਸਰਜਨ ਦੀ ਮੰਜੁਲਾ ਪ੍ਰਦੀਪ ਦੱਸਦੀ ਹਨ, ''ਪਹਿਲਾਂ ਬੱਸਾਂ ਵਿਚ ਦਲਿਤਾਂ ਨੂੰ ਉੱਚੀ ਜਾਤੀ ਦੇ ਲੋਕਾਂ ਨੂੰ ਸੀਟਾਂ ਦੇਣੀਆਂ ਪੈਂਦੀਆਂ ਸਨ। ਉਹ ਖੂਹ ਤੋਂ ਖੁਦ ਪਾਣੀ ਨਹੀਂ ਭਰ ਸਕਦੇ ਸਨ। ਉਨ੍ਹਾਂ ਨੂੰ ਉੱਪਰ ਤੋਂ ਪਾਣੀ ਦਿੱਤਾ ਜਾਂਦਾ ਸੀ। ਦਲਿਤਾਂ ਲਈ ਅਲੱਗ ਪਲੇਟ ਹੈ, ਜਿਸਨੂੰ ਰਕਾਬੀ ਕਹਿੰਦੇ ਹਨ। ਸੋਧ ਵਿਚ ਪਾਇਆ ਗਿਆ ਕਿ 77 ਫੀਸਦੀ ਪਿੰਡਾਂ ਵਿਚ ਗੰਦਗੀ ਹੱਥੀਂ ਢੋਹਣ ਦੀ ਵਿਵਸਥਾ ਹੈ।''

ਉਹ ਦੱਸਦੀ ਹਨ ਕਿ ਉੱਚੀ ਜਾਤੀ ਦੇ ਲੋਕਾਂ ਦੀ ਮੌਤ 'ਤੇ ਕਫਨ ਵਾਲਮੀਕਿ ਸਮਾਜ ਦੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ। ਜਿਸ ਮੰਜੇ 'ਤੇ ਵਿਅਕਤੀ ਦੀ ਮੌਤ ਹੋਈ ਹੈ, ਉਹ ਦਲਿਤ ਨੂੰ ਦੇ ਦਿੱਤਾ ਜਾਂਦਾ ਹੈ। ਦਲਿਤ ਬੱਚਿਆਂ ਤੋਂ ਹੀ ਟਾਇਲਟ ਦੀ ਸਫਾਈ ਕਰਵਾਈ ਜਾਂਦੀ ਹੈ। ਇਨ੍ਹਾਂ ਸਭ ਤੋਂ ਪਰੇਸ਼ਾਨ ਹੋ ਕੇ ਦਲਿਤ ਸ਼ਹਿਰ ਜਾਂਦੇ ਹਨ, ਪਰ ਉੱਥੇ ਉਨ੍ਹਾਂ ਨੂੰ ਮਕਾਨ ਨਹੀਂ ਦਿੱਤਾ ਜਾਂਦਾ। 

ਗੁਜਰਾਤ ਦੇ ਅਹਿਮਦਾਬਾਦ ਵਿਚ ਦਲਿਤਾਂ ਲਈ ਅਲੱਗ ਮੁਹੱਲੇ ਹਨ, ਜਿਵੇਂ ਬਾਪੂ ਨਗਰ, ਅਮਰਾਈਵਾੜੀ, ਵੇਜਲ ਨਗਰ। ਪਿੰਡਾਂ ਦੇ ਮੁੱਖ ਗਰਬੇ ਵਿਚ ਦਲਿਤ ਸ਼ਾਮਲ ਨਹੀਂ ਹੋ ਸਕਦੇ। ਉਨ੍ਹਾਂ ਲਈ ਸ਼ਮਸ਼ਾਨਘਾਟ ਤੱਕ ਅਲੱਗ ਹਨ। ਕਾਰਨ, ਦਲਿਤ ਮੁਰਦੇ ਦੇ ਸੜਨ ਤੋਂ ਨਿਕਲਣ ਵਾਲੇ ਧੂੰਏ ਤੋਂ ਪਵਿੱਤਰਤਾ ਭੰਗ ਹੁੰਦੀ ਹੈ। ਕਈ ਜਗ੍ਹਾ ਸ਼ਮਸ਼ਾਨਘਾਟ ਨਾ ਹੋਣ ਕਾਰਨ ਦਲਿਤਾਂ ਨੂੰ ਆਪਣੇ ਮ੍ਰਿਤਕਾਂ ਨੂੰ ਦਫਨਾਉਣਾ ਵੀ ਪੈਂਦਾ ਹੈ। 

ਗਾਂਧੀ ਨਗਰ ਤੋਂ 50 ਕਿਲੋਮੀਟਰ ਦੂਰ ਬਾਉਲੀ ਪਿੰਡ ਵਿਚ ਅਜਿਹਾ ਹੀ ਇਕ ਦਲਿਤ ਸ਼ਮਸ਼ਾਨਘਾਟ ਹੈ। ਉੱਪਰ ਟੀਨ ਦੀ ਚਾਦਰ, ਚਾਰ ਲੋਹੇ ਦੇ ਲੰਮੇ ਖੰਭੇ, ਸੀਮੈਂਟ ਦੀ ਜ਼ਮੀਨ, ਜ਼ਮੀਨ 'ਤੇ ਰਖ ਦਾ ਨਿਸ਼ਾਨ, ਜਿਵੇਂ ਥੋੜੇ ਸਮੇਂ ਪਹਿਲਾਂ ਹੀ ਕੋਈ ਮਨੁੱਖੀ ਸਰੀਰ ਰਾਖ ਹੋਇਆ ਹੋਵੇ। ਚਾਰੇ ਪਾਸੇ ਛੋਟੀ ਕੰਧ ਦਾ ਘੇਰਾ। ਪਿੰਡ ਦੇ ਇਕ ਕੰਢੇ ਵਿਚ ਦਲਿਤਾਂ ਦੇ ਮਕਾਨ ਹਨ। ਅਮੀਰ ਪਟੇਲਾਂ ਦੇ  ਇਲਾਕੇ ਤੋਂ ਉਲਟ ਇੱਥੇ ਨਾ ਸੜਕ ਹੈ, ਨਾ ਟਾਇਲਟ, ਚਾਰੇ ਪਾਸੇ ਟੋਏ, ਟੋਇਆਂ 'ਚ ਜਮ੍ਹਾਂ ਮੈਲਾ ਪਾਣੀ, ਜਿਹੜਾ ਪਾਣੀ ਦੇ ਪਾਈਪ ਦੇ ਨਾਲ ਮਿਲ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਹੈ।

ਸਥਾਨਕ ਵਾਸੀ ਪੋਪਟ ਦੱਸਦੇ ਹਨ, ''ਇੱਥੇ ਦੇ ਪਟੇਲ, ਠਾਕੁਰ ਕਹਿੰਦੇ ਹਨ ਕਿ ਤੁਸੀਂ ਨੀਚ ਕੌਮ ਦੇ ਹੋ, ਇਸ ਲਈ ਤੁਸੀਂ ਆਪਣੇ ਸ਼ਮਸ਼ਾਨਘਾਟ ਵਿਚ ਸਰੀਰ ਜਲਾਓ।'' 11 ਸਾਲ ਦੇ ਮਯੂਰ ਨੇ ਦੱਸਿਆ, ''ਮੰਦਰ 'ਚ ਪੂਜਾ ਦੌਰਾਨ ਉਹ ਪਲਾਸਟਿਕ ਦੀ ਪਲੇਟ ਵਿਚ ਖਾਂਦੇ ਹਨ, ਜਦਕਿ ਸਾਨੂੰ ਕਾਗਜ਼ 'ਤੇ ਭੋਜਨ ਦਿੱਤਾ ਜਾਂਦਾ ਹੈ। ਉਹ ਸਾਨੂੰ ਦਬਕਾਉਂਦੇ ਹਨ। ਇਸ ਲਈ ਅਸੀਂ ਉੱਧਰ ਨਹੀਂ ਜਾਂਦੇ। ਜਦੋਂ ਅਸੀਂ ਬੈਠਦੇ ਹਨ ਤਾਂ ਸਾਨੂੰ ਉਠਾ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਨਹੀਂ ਬੈਠ ਸਕਦੇ। ਮੇਰੇ ਦਿਮਾਗ ਵਿਚ ਆਉਂਦਾ ਹੈ ਕਿ ਮੈਂ ਇਹ ਪਿੰਡ ਛੱਡ ਕੇ ਚਲਿਆ ਜਾਵਾਂ। ਉਹ ਸਾਨੂੰ ਠੇੜੇ (ਗੁਜਰਾਤੀ ਵਿਚ ਨੀਚ ਜਾਤੀ) ਕਹਿ ਕੇ ਮਜ਼ਾਕ ਉਡਾਉਂਦੇ ਹਨ।''

ਗੁਜਰਾਤ ਵਿਚ ਹਰੇਕ ਸਾਲ ਦਲਿਤ ਅੱਤਿਆਚਾਰ ਦੇ ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਹੁੰਦੇ ਹਨ। ਇਨ੍ਹਾਂ ਵਿਚ ਗਾਲ੍ਹਾਂ ਕੱਢਣ ਜਾਂ ਅਪਸ਼ਬਦ ਬੋਲਣ ਤੋਂ ਲੈ ਕੇ ਬਲਾਤਕਾਰ ਤੱਕ ਦੇ ਮਾਮਲੇ ਸ਼ਾਮਲ ਹਨ। 2014 ਵਿਚ 100 ਤੋਂ ਜ਼ਿਆਦਾ ਪਿੰਡਾਂ ਵਿਚ ਦਲਿਤਾਂ ਦੀ ਸੁਰੱਖਿਆ ਲਈ ਪੁਲਸ ਤੈਨਾਤ ਕਰਨੀ ਪਈ ਸੀ। ਅੱਜ ਅਜਿਹੇ 14 ਪਿੰਡ ਹਨ।

ਅਹਿਮਦਾਬਾਦ ਤੋਂ ਕਰੀਬ 150 ਕਿਲੋਮੀਟਰ ਦੂਰ 1000 ਦੀ ਆਬਾਦੀ ਵਾਲੇ ਨੰਦਾਲੀ ਪਿੰਡ ਵਿਚ ਸਿਰਫ 20 ਦਲਿਤ ਰਹਿੰਦੇ ਹਨ। ਇੱਥੇ ਦੇ ਮਜਦੂਰ ਬਾਬੂ ਭਾਈ ਸੇਲਮਾ ਮੁਤਾਬਕ, ਉਨ੍ਹਾਂ ਨੂੰ ਸਥਾਨਕ ਰਾਜਪੂਤ ਜੁਝਾਰ ਸਿੰਘ ਨੇ ਕਿਸੇ ਗੱਲ 'ਤੇ ਕਥਿਤ ਤੌਰ 'ਤੇ ਥੱਪੜ ਮਾਰਿਆ। ਜਦੋਂ ਉਹ ਇਹ ਮਾਮਲਾ ਪੁਲਸ ਕੋਲ ਲੈ ਕੇ ਗਏ ਤਾਂ ਪਿੰਡ ਵਿਚ ਦਲਿਤਾਂ ਦਾ ਸਮੂਹਿਕ ਬਾਇਕਾਟ ਕਰ ਦਿੱਤਾ ਗਿਆ। ਪਿੰਡ ਵਿਚ ਨੰਦੀ ਮਾਤਾ ਮੰਦਰ ਵਿਚ ਦਲਿਤ ਦਾਖਲ ਨਹੀਂ ਹੋ ਸਕਦੇ। ਮਾਚਿਸ ਖਰੀਦਣ ਲਈ ਵੀ ਦਲਿਤਾਂ ਨੂੰ ਤਿੰਨ ਕਿਲੋਮੀਟਰ ਦੂਰ ਖੈਰਾਲੂ ਪਿੰਡ ਜਾਣਾ ਪੈਂਦਾ ਹੈ। ਰਾਜਪੂਤਾਂ ਦੀ ਜ਼ਮੀਨ 'ਤੇ ਉਹ ਕੰਮ ਨਹੀਂ ਕਰ ਸਕਦੇ, ਇਸ ਲਈ ਭੁੱਖੇ ਮਰਨੇ ਦੇ ਹਾਲਾਤ ਪੈਦਾ ਹੋ ਗਏ ਹਨ।

ਜੁਝਾਰ ਸਿੰਘ ਮਾਮਲੇ ਨੂੰ ਜਾਅਲੀ ਦੱਸਦੇ ਹਨ। ਹਾਲਾਂਕਿ ਉਹ ਸਾਫ ਕਹਿੰਦੇ ਹਨ ਕਿ ਅਸੀਂ ਦਲਿਤ ਦੇ ਘਰ ਨਹੀਂ ਖਾਂਦੇ, ਸਾਰਾ ਗੁਜਰਾਤ ਨਹੀਂ ਖਾਂਦਾ। ਗੁਜਰਾਤ ਵਿਚ ਜਾਤੀ ਵਿਵਸਥਾ ਬਹੁਤ ਮਹੱਤਵਪੂਰਨ ਹੈ। ਰਾਮ ਮੰਦਰ ਬਣਾਉਣ ਲਈ ਬਹੁਤ ਸਾਰੇ ਦਲਿਤ ਤੇ ਆਦਿਵਾਸੀ ਵੀ ਅਯੋਧਿਆ (ਉੱਤਰ ਪ੍ਰਦੇਸ਼) ਗਏ ਸਨ, ਪਰ ਜਦੋਂ ਓਹੀ ਦਲਿਤ ਵਾਪਸ ਆਪਣੇ ਪਿੰਡ ਆਏ ਤਾਂ ਉਨ੍ਹਾਂ ਨੂੰ ਰਾਮ ਮੰਦਰ ਵਿਚ ਦਾਖਲ ਤੱਕ ਨਹੀਂ ਹੋਣ ਦਿੱਤਾ ਗਿਆ। ਸ਼ਹਿਰਾਂ ਵਿਚ ਜਾਤੀ ਅਧਾਰਿਤ ਇਮਾਰਤਾਂ ਹਨ, ਪਰ ਪਿੰਡਾਂ ਵਿਚ ਹਾਲਾਤ ਜ਼ਿਆਦਾ ਖਰਾਬ ਹਨ। ਉੱਚੀ ਜਾਤੀ ਵਾਲਾ ਆਪਣੇ ਤੋਂ ਛੋਟੀ ਜਾਤੀ ਦੇ ਲੋਕਾਂ ਨੂੰ ਗਲਤ ਨਜ਼ਰ ਨਾਲ ਦੇਖਦਾ ਹੈ।

ਦਲਿਤਾਂ ਕੋਲ ਜ਼ਮੀਨ ਨਹੀਂ ਹੈ। ਆਰਥਿਕ ਕਾਰਨਾਂ ਅਤੇ ਭੇਦਭਾਵ ਕਰਕੇ ਦਲਿਤ ਬੱਚੇ ਵੱਡੀ ਗਿਣਤੀ ਵਿਚ ਪ੍ਰਾਈਮਰੀ ਸਕੂਲ ਤੋਂ ਅੱਗੇ ਨਹੀਂ ਪੜ੍ਹ ਪਾਉਂਦੇ। ਇਸ ਕਾਰਨ ਉਹ ਰਾਖਵੇਂਕਰਨ ਦੇ ਲਾਭ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਛੂਤਛਾਤ ਦੀ ਸਮੱਸਿਆ ਸੌਰਾਸ਼ਟਰ ਵਿਚ ਸਭ ਤੋਂ ਵੱਡੀ ਹੈ। ਸਮਾਜ ਸ਼ਾਸਤਰੀ ਗੌਰਾਂਗ ਜਾਨੀ ਕਹਿੰਦੇ ਹਨ ਕਿ ਸੌਰਾਸ਼ਟਰ ਦੇ ਅਲੱਗ-ਅਲੱਗ ਹਿੱਸਿਆਂ ਵਿਚ ਸਾਮੰਤਵਾਦੀ ਸੋਚ ਵਾਲੇ ਰਾਜਾਵਾਂ ਦਾ ਰਾਜ ਸੀ।

ਰਾਜਾ ਤਾਂ ਚਲੇ ਗਏ, ਪਰ ਸੋਚ ਜ਼ਿੰਦਾ ਹੈ। ਉਹ ਕਹਿੰਦੇ ਹਨ ਕਿ ਗੁਜਰਾਤ ਵਿਚ ਕੋਈ ਨਾਲੇਜ ਟ੍ਰੈਡੀਸ਼ਨ ਨਹੀਂ ਹੈ। ਹਿੰਦੂ ਏਕਤਾ ਦੇ ਨਾਂ 'ਤੇ ਰਾਜਨੀਤਕ ਪਾਰਟੀਆਂ ਹਿੰਦੂਆਂ ਨੂੰ ਨਾਲ ਤਾਂ ਲੈ ਗਈਆਂ, ਪਰ ਦਲਿਤਾਂ ਦੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਬਦਲਾਅ ਦੇ ਇਸ ਦੌਰ ਵਿਚ ਜਦੋਂ ਸਾਰੇ ਵਰਗ ਅੱਗੇ ਵਧ ਰਹੇ ਹਨ ਤਾਂ ਦਲਿਤ ਨੌਜਵਾਨ ਖੁਦ ਦੀ ਹਾਲਤ ਦੇਖਦੇ ਹਨ ਅਤੇ ਪੁੱਛ ਰਹੇ ਹਨ, ਆਖਿਰ ਵਿਕਾਸ ਦੇ ਦੌਰ ਵਿਚ ਉਨ੍ਹਾਂ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਹੈ।

ਜੇਕਰ ਪਟੇਲ ਸਰਕਾਰ 'ਤੇ ਭਾਰੀ ਪੈ ਸਕਦੇ ਹਨ ਤਾਂ ਦਲਿਤ ਕਿਉਂ ਨਹੀਂ। ਰਿਜ਼ਰਵੇਸ਼ਨ ਵਿਰੋਧੀ ਪ੍ਰਦਰਸ਼ਨ ਤੇ ਕਈ ਦੰਗੇ ਦੇਖ ਚੁੱਕੇ ਗੁਜਰਾਤ ਵਿਚ ਦਲਿਤਾਂ ਲਈ ਸਭ ਤੋਂ ਵੱਡੀ ਚੁਣੌਤੀ ਲੋਕਾਂ ਦੀ ਸੋਚ ਬਦਲਣ ਦੀ ਹੈ।

ਸਕੂਲਾਂ, ਢਾਬਿਆਂ, ਪਿੰਡਾਂ, ਪੰਚਾਇਤਾਂ, ਹਰ ਜਗ੍ਹਾ ਭੇਦਭਾਵ
ਕੁਝ ਸਮਾਂ ਪਹਿਲਾਂ ਰਾਬਰਟ ਐਫ ਕੈਨੇਡੀ ਫਾਰ ਜਸਟਿਸ ਐਂਡ ਹਿਊਮਨ ਰਾਈਟਸ ਨੇ ਸਥਾਨਕ ਨਵਸਰਜਨ ਟਰੱਸਟ ਦੇ ਨਾਲ ਦਲਿਤਾਂ ਦੇ ਹਾਲਾਤ 'ਤੇ ਗੁਜਰਾਤ ਦੇ 1589 ਪਿੰਡਾਂ ਦਾ ਸਰਵੇ ਕੀਤਾ। ਇਸ ਵਿਚ ਪਤਾ ਲੱਗਾ ਕਿ ਦਲਿਤਾਂ ਦੇ ਨਾਲ 98 ਤਰ੍ਹਾਂ ਨਾਲ ਛੂਆਛੂਤ ਕੀਤਾ ਜਾਂਦਾ ਹੈ। ਸਰਵੇ ਵਿਚ ਪਾਇਆ ਗਿਆ ਕਿ 98.1 ਫੀਸਦੀ ਪਿੰਡਾਂ ਵਿਚ ਗੈਰ ਦਲਿਤਾਂ ਦੇ ਕੋਲੋਂ ਦਲਿਤ ਕਿਰਾਏ 'ਤੇ ਮਕਾਨ ਨਹੀਂ ਲੈ ਸਕਦੇ। 97.6 ਫੀਸਦੀ ਪਿੰਡਾਂ ਵਿਚ ਦਲਿਤ ਉੱਚੀ ਜਾਤੀ ਦੇ ਭਾਂਡਿਆਂ ਨੂੰ ਨਹੀਂ ਛੂ ਸਕਦੇ।

67 ਫੀਸਦੀ ਪਿੰਡਾਂ ਵਿਚ ਦਲਿਤ ਪੰਚਾਇਤ ਮੈਂਬਰਾਂ ਲਈ ਅਲੱਗ 'ਦਲਿਤ ਕੱਪ' ਹਨ। 56 ਫੀਸਦੀ ਪਿੰਡਾਂ ਦੇ ਚਾਹ ਢਾਬਿਆਂ ਵਿਚ ਦਲਿਤਾਂ ਤੇ ਗੈਰ ਦਲਿਤਾਂ ਲਈ ਅਲੱਗ-ਅਲੱਗ ਕੱਪ ਹਨ। ਦਲਿਤਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਕੱਪ ਨੂੰ ਧੋਹ ਕੇ ਉੱਚੀ ਜਾਤੀ ਦੇ ਕੱਪਾਂ ਤੋਂ ਦੂਰ ਰੱਖਣ। 53 ਫੀਸਦੀ ਪਿੰਡਾਂ ਵਿਚ ਦਲਿਤ ਬੱਚਿਆਂ ਨੂੰ ਅਲੱਗ ਬਿਠਾਇਆ ਜਾਂਦਾ ਹੈ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣਾ ਪਾਣੀ ਘਰ ਤੋਂ ਲਿਆਉਣ।

(ਸਰੋਤ : ਬੀਬੀਸੀ)

Comments

Leave a Reply