Wed,Mar 27,2019 | 12:43:41am
HEADLINES:

Cultural

ਦਲਿਤ ਲਾੜਿਆਂ ਦੇ ਘੋੜੀ ਚੜਨ ਤੋਂ ਜਾਤੀਵਾਦੀ ਲੋਕਾਂ ਨੂੰ ਪਰੇਸ਼ਾਨੀ ਕਿਉਂ?

ਦਲਿਤ ਲਾੜਿਆਂ ਦੇ ਘੋੜੀ ਚੜਨ ਤੋਂ ਜਾਤੀਵਾਦੀ ਲੋਕਾਂ ਨੂੰ ਪਰੇਸ਼ਾਨੀ ਕਿਉਂ?

ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਪਿਛਲੇ ਦਿਨੀਂ ਵਿਧਾਨਸਭਾ ਵਿੱਚ ਇੱਕ ਖਾਸ ਤੇ ਚਿੰਤਾਜਨਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਦਲਿਤ ਲਾੜਿਆਂ ਨੂੰ ਘੋੜੀ ਚੜ੍ਹਨ ਤੋਂ ਰੋਕਣ ਦੀਆਂ 38 ਘਟਨਾਵਾਂ ਵਿੱਚ ਮਾਮਲੇ ਦਰਜ ਹੋਏ। ਇਹ ਘਟਨਾਵਾਂ ਰੁਕ ਨਹੀਂ ਰਹੀਆਂ ਹਨ। 2 ਸਾਲ ਪਹਿਲਾਂ ਮੱਧ ਪ੍ਰਦੇਸ਼ ਦੇ ਰਤਲਾਮ ਖੇਤਰ ਤੋਂ ਆਈ ਇੱਕ ਤਸਵੀਰ ਵੀ ਚਰਚਾ ਵਿੱਚ ਰਹੀ ਸੀ। ਉੱਥੇ ਇੱਕ ਦਲਿਤ ਲਾੜੇ ਨੂੰ ਹੈਲਮੇਟ ਪਾ ਕੇ ਘੋੜੀ 'ਤੇ ਚੜ੍ਹਨਾ ਪਿਆ, ਕਿਉਂਕਿ ਪਿੰਡ ਦੇ ਉੱਚੀ ਜਾਤੀ ਦੇ ਲੋਕ ਨਹੀਂ ਚਾਹੁੰਦੇ ਸਨ ਕਿ ਉਹ ਘੋੜੀ 'ਤੇ ਚੜ੍ਹੇ। ਪਹਿਲਾਂ ਤਾਂ ਉਸਦੀ ਘੋੜੀ ਖੋਹ ਲਈ ਗਈ ਅਤੇ ਫਿਰ ਪੱਥਰ ਸੁੱਟੇ ਗਏ।

ਉਨ੍ਹਾਂ ਵੱਲੋਂ ਸੁੱਟੇ ਪੱਥਰਾਂ ਤੋਂ ਦਲਿਤ ਲਾੜੇ ਨੂੰ ਬਚਾਉਣ ਲਈ ਪੁਲਸ ਨੇ ਹੈਲਮੇਟ ਦਾ ਪ੍ਰਬੰਧ ਕੀਤਾ, ਤਾਂ ਜਾ ਕੇ ਬਾਰਾਤ ਨਿੱਕਲੀ।
ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਪੁਲਸ ਨੇ ਅਧਿਕਾਰਕ ਤੌਰ 'ਤੇ ਕਹਿ ਦਿੱਤਾ ਸੀ ਕਿ ਦਲਿਤ ਲਾੜੇ ਦਾ ਘੋੜੀ 'ਤੇ ਬੈਠਣਾ ਸ਼ਾਂਤੀ ਲਈ ਖਤਰਾ ਹੈ। ਦਾਦਰੀ ਜ਼ਿਲ੍ਹੇ ਦੇ ਸੰਜਰਵਾਸ ਪਿੰਡ ਵਿੱਚ ਪਿਛਲੇ ਸਾਲ ਜਦੋਂ ਇੱਕ ਦਲਿਤ ਲਾੜੇ ਦੀ ਬਾਰਾਤ ਆਈ ਤਾਂ ਰਾਜਪੂਤਾਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਲਾੜੇ ਸੰਜੈ ਸਮੇਤ ਕਈ ਬਾਰਾਤੀ ਤੇ ਲੜਕੀ ਵਾਲੇ ਜ਼ਖਮੀ ਹੋ ਗਏ। ਹਮਲਾ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਦਲਿਤ ਲਾੜਾ ਘੋੜੀ 'ਤੇ ਸਵਾਰ ਹੋ ਕੇ ਨਹੀਂ ਆ ਸਕਦਾ, ਕਿਉਂਕਿ ਉਨ੍ਹਾਂ ਨੂੰ ਇਸਦਾ ਅਧਿਕਾਰ ਨਹੀਂ ਹੈ।

2 ਸਾਲ ਪਹਿਲਾਂ ਹਰਿਆਣਾ ਦੇ ਕੁਰੂਸ਼ੇਤਰ ਵਿੱਚ ਦਲਿਤ ਸਮਾਜ ਦੀ ਇੱਕ ਬਾਰਾਤ 'ਤੇ ਉੱਚੀ ਜਾਤੀਆਂ ਨੇ ਇਹ ਕਹਿ ਕੇ ਹਮਲਾ ਕਰ ਦਿੱਤਾ ਕਿ ਦਲਿਤ ਲਾੜਾ ਘੋੜੀ ਦੀ ਬੱਗੀ 'ਤੇ ਸਵਾਰ ਹੋ ਕੇ ਉਨ੍ਹਾਂ ਦੇ ਮੰਦਰ ਵਿੱਚ ਨਹੀਂ ਆ ਸਕਦਾ। ਉਸਨੂੰ ਜਾਣਾ ਹੈ ਤਾਂ ਰਵਿਦਾਸ ਮੰਦਰ ਜਾਵੇ। ਪੁਲਸ ਸੁਰੱਖਿਆ ਦੇ ਬਾਵਜੂਦ ਪੱਥਰਬਾਜ਼ੀ ਦੀ ਘਟਨਾ ਹੋਈ। 

ਵਿਆਹਾਂ ਦੇ ਮੌਸਮ ਵਿੱਚ ਲਗਭਗ ਹਰ ਹਫਤੇ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਅਜਿਹੀ ਘਟਨਾ ਦੀ ਖਬਰ ਆ ਹੀ ਜਾਂਦੀ ਹੈ। ਇਨ੍ਹਾਂ ਘਟਨਾਵਾਂ ਵਿੱਚ ਜੋ ਇੱਕ ਗੱਲ ਹਰ ਜਗ੍ਹਾ ਇੱਕੋ ਹੁੰਦੀ ਹੈ, ਉਹ ਇਹ ਹੈ ਕਿ ਲਾੜਾ ਦਲਿਤ ਹੁੰਦਾ ਹੈ। ਉਹ ਘੋੜੀ 'ਤੇ ਸਵਾਰ ਹੁੰਦਾ ਹੈ ਅਤੇ ਹਮਲਾ ਕਰਨ ਵਾਲੇ ਉੱਚੀ ਜਾਤੀ ਵਰਗ ਦੇ ਲੋਕ ਹੁੰਦੇ ਹਨ।

ਇਨ੍ਹਾਂ ਘਟਨਾਵਾਂ ਦੇ ਮਤਲਬ
ਇਨ੍ਹਾਂ ਘਟਨਾਵਾਂ ਦੇ ਸਮਾਜ ਸ਼ਾਸਤਰੀ ਨਜ਼ਰੀਏ ਤੋਂ ਦੋ ਮਤਲਬ ਹਨ। ਇੱਕ, ਦਲਿਤ ਸਮਾਜ ਦੇ ਲੋਕ ਪਹਿਲਾਂ ਘੋੜੀ ਚੜ੍ਹਨ ਦੀ ਰਸਮ ਨਹੀਂ ਕਰਦੇ ਸਨ। ਨਾ ਸਿਰਫ ਉੱਚੀ ਜਾਤੀ, ਸਗੋਂ ਦਲਿਤ ਵੀ ਮੰਨਦੇ ਸਨ ਕਿ ਘੋੜੀ ਚੜ੍ਹਨਾ ਉੱਚੀ ਜਾਤੀ ਦੀ ਰਸਮ ਹੈ, ਪਰ ਹੁਣ ਦਲਿਤ ਇਸ ਭੇਦਭਾਵ ਨੂੰ ਨਹੀਂ ਮੰਨਦੇ। ਦਲਿਤ ਲਾੜੇ ਵੀ ਘੋੜੀ 'ਤੇ ਸਵਾਰ ਹੋਣ ਲੱਗੇ ਹਨ। ਇਹ ਆਪਣੇ ਤੋਂ ਉੱਚੀ ਵਾਲੀ ਜਾਤ ਵਰਗਾ ਬਣਨ ਜਾਂ ਦਿਖਾਈ ਦੇਣ ਦੀ ਕੋਸ਼ਿਸ਼ ਹੈ। ਇਸਨੂੰ ਲੋਕਤੰਤਰ ਦਾ ਵੀ ਅਸਰ ਕਿਹਾ ਜਾ ਸਕਦਾ ਹੈ, ਜਿਸਨੇ ਦਲਿਤਾਂ ਵਿੱਚ ਬਰਾਬਰੀ ਦੀ ਭਾਵਨਾ ਅਤੇ ਆਤਮਸਨਮਾਨ ਪੈਦਾ ਕਰ ਦਿੱਤਾ ਹੈ। ਇਹ ਪ੍ਰਕਿਰਿਆ ਪਹਿਲਾਂ ਪੱਛੜੀ ਜਾਤੀਆਂ ਵਿੱਚ ਹੋਈ ਹੋਵੇਗੀ, ਜੋ ਕਿ ਹੁਣ ਚੱਲ ਕੇ ਦਲਿਤਾਂ ਤੱਕ ਪਹੁੰਚੀ ਹੈ।

ਦੂਜਾ, ਉੱਚੀ ਜਾਤੀਆਂ ਇਸਨੂੰ ਆਰਾਮ ਨਾਲ ਸਵੀਕਾਰ ਨਹੀਂ ਕਰ ਪਾ ਰਹੀਆਂ ਹਨ। ਉਨ੍ਹਾਂ ਦੇ ਹਿਸਾਬ ਨਾਲ ਲਾੜੇ ਦਾ ਘੋੜੀ 'ਤੇ ਸਵਾਰ ਹੋਣਾ ਸਿਰਫ ਉੱਚੀ ਜਾਤੀ ਦਾ ਹੀ ਵਿਸ਼ੇਸ਼ ਅਧਿਕਾਰ ਹੈ ਅਤੇ ਇਸਨੂੰ ਕੋਈ ਹੋਰ ਨਹੀਂ ਲੈ ਸਕਦਾ। ਉਹ ਇਸ ਬਦਲਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਹਿੰਸਾ ਉਨ੍ਹਾਂ ਵਿੱਚੋਂ ਇੱਕ ਤਰੀਕਾ ਹੈ ਅਤੇ ਇਸਦੇ ਲਈ ਉਹ ਗ੍ਰਿਫਤਾਰ ਹੋਣ ਅਤੇ ਜੇਲ ਜਾਣ ਤੱਕ ਲਈ ਤਿਆਰ ਹਨ।

ਆਧੁਨਿਕਤਾ ਅਤੇ ਲੋਕਤੰਤਰ ਦੇ ਬਾਵਜੂਦ ਉੱਚੀ ਜਾਤੀਆਂ ਵਿੱਚ ਇਹ ਜਾਗਰੂਕਤਾ ਨਹੀਂ ਆ ਰਹੀ ਕਿ ਸਾਰੇ ਨਾਗਰਿਕ ਬਰਾਬਰ ਹਨ। ਕਈ ਦਹਾਕੇ ਪਹਿਲਾਂ ਪੱਛੜੀ ਜਾਤਾਂ ਦੇ ਲੋਕਾਂ ਨੇ ਜਦੋਂ ਬਿਹਾਰ ਵਿੱਚ ਜਨੇਊ ਪਾਉਣ ਦੀ ਮੁਹਿੰਮ ਚਲਾਈ ਸੀ, ਤਾਂ ਅਜਿਹੀਆਂ ਹੀ ਹਿੰਸਕ ਘਟਨਾਵਾਂ ਹੋਈਆਂ ਸਨ ਅਤੇ ਕਈ ਲੋਕ ਮਾਰੇ ਗਏ ਸਨ। ਦਲਿਤਾਂ ਦੇ ਮੰਦਰ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਹੁਣ ਵੀ ਕਈ ਸਥਾਨਾਂ 'ਤੇ ਹਿੰਸਕ ਘਟਨਾਵਾਂ ਨੂੰ ਜਨਮ ਦੇ ਰਹੀਆਂ ਹਨ।

ਘੋੜੀ ਚੜ੍ਹਨ ਵਾਲੇ ਇੱਕ ਦਲਿਤ 'ਤੇ ਹਮਲਾ ਸੈਂਕੜੇ ਦਲਿਤ ਲਾੜਿਆਂ ਨੂੰ ਘੋੜੀ ਚੜ੍ਹਨ ਤੋਂ ਰੋਕਦਾ ਹੈ, ਮਤਲਬ ਸਮਾਜਿਕ ਬਰਾਬਰੀ ਵੱਲ ਕਦਮ ਵਧਾਉਣ ਤੋਂ ਰੋਕਦਾ ਹੈ। ਖਾਸ ਤੌਰ 'ਤੇ ਪਿੰਡਾਂ ਵਿੱਚ ਸਮਾਜ ਅਜੇ ਵੀ ਸਥਿਰ ਨਹੀਂ ਹੈ ਅਤੇ ਦਲਿਤ ਕਈ ਸਥਾਨਾਂ 'ਤੇ ਆਰਥਿਕ ਤੌਰ 'ਤੇ ਉੱੱਚੀ ਜਾਤੀਆਂ 'ਤੇ ਨਿਰਭਰ ਹਨ। ਇਸ ਲਈ ਉਹ ਖੁਦ ਵੀ ਅਜਿਹਾ ਕੁਝ ਕਰਨ ਤੋਂ ਬਚਦੇ ਹਨ, ਜਿਸ ਨਾਲ ਉੱਚੀ ਜਾਤੀਆਂ ਦੇ ਲੋਕ ਨਾਰਾਜ਼ ਹੋਣ ਅਤੇ ਉਨ੍ਹਾਂ ਦੇ ਆਰਥਿਕ ਸਰੋਤ ਬੰਦ ਕਰ ਦਿੱਤੇ ਜਾਣ।

ਇਨ੍ਹਾਂ ਘਟਨਾਵਾਂ ਨੂੰ ਹੁਣ ਤੱਕ ਦਲਿਤ ਅੱਤਿਆਚਾਰ ਦੇ ਤੌਰ 'ਤੇ ਦੇਖਿਆ ਗਿਆ ਹੈ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਉੱਚੀ ਜਾਤੀਆਂ ਦੀ ਸਮੱਸਿਆ ਵਾਂਗ ਦੇਖਿਆ ਜਾਵੇ। ਕੋਈ ਬਿਮਾਰ ਸਮਾਜ ਹੀ ਕਿਸੇ ਨੌਜਵਾਨ ਨੂੰ ਘੋੜੀ 'ਤੇ ਚੜ੍ਹਨ ਜਾਂ ਕਿਸੇ ਦੇ ਆਈਆਈਟੀ ਪਾਸ ਕਰਨ 'ਤੇ ਪੱਥਰ ਸੁੱਟ ਸਕਦਾ ਹੈ। ਦੁਨੀਆ ਵਿੱਚ ਕਿਸੇ ਵੀ ਦੇਸ਼ ਵਿੱਚ ਇਸਨੂੰ ਆਮ ਨਹੀਂ ਮੰਨਿਆ ਜਾਵੇਗਾ। 21ਵੀਂ ਸਦੀ ਵਿੱਚ ਤਾਂ ਇਸਨੂੰ ਕਿਸੇ ਵੀ ਹਾਲਤ ਵਿੱਚ ਆਮ ਘਟਨਾ ਦੇ ਤੌਰ 'ਤੇ ਨਹੀਂ ਲਿਆ ਜਾਣਾ ਚਾਹੀਦਾ। 

ਆਧੁਨਿਕਤਾ ਦੇ ਨਾਲ ਪਛੜਾਪਨ
ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਆਧੁਨਿਕਤਾ ਅਤੇ ਲੋਕਤੰਤਰ ਦੇ ਇੰਨੇ ਸਾਲਾਂ ਦੇ ਅਨੁਭਵ ਤੋਂ ਬਾਅਦ ਵੀ ਕੁਝ ਵਰਗ ਸੱਭਿਅਕ ਕਿਉਂ ਨਹੀਂ ਬਣ ਪਾ ਰਹੇ ਹਨ। ਅਜਿਹੀ ਕਿਹੜੀ ਚੀਜ਼ ਹੈ, ਜਿਸ ਕਾਰਨ ਉੱਚੀ ਜਾਤੀ ਦੇ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਉਹ ਵੀ ਬਾਕੀ ਲੋਕਾਂ ਵਾਂਗ ਇਨਸਾਨ ਹਨ ਅਤੇ ਉਨ੍ਹਾਂ ਨੂੰ ਕੋਈ ਜਨਮ ਤੋਂ ਵਿਸ਼ੇਸ਼ ਅਧਿਕਾਰ ਹਾਸਲ ਨਹੀਂ ਹੈ ਅਤੇ ਨਾ ਹੀ ਕੁਝ ਲੋਕ ਸਿਰਫ ਜਨਮ ਕਾਰਨ ਨੀਚ ਹਨ। ਜੇਕਰ ਪੁਰਾਣੇ ਦੌਰ ਵਿੱਚ ਉਨ੍ਹਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਹਾਸਲ ਸਨ ਵੀ, ਤਾਂ ਲੋਕਤੰਤਰ ਵਿੱਚ ਉਨ੍ਹਾਂ ਨੂੰ ਇਹ ਸੁਵਿਧਾ ਹਾਸਲ ਨਹੀਂ ਹੈ।

ਇਸਨੂੰ ਭਾਰਤੀ ਆਧੁਨਿਕਤਾ ਦੀ ਸਮੱਸਿਆ ਦੇ ਵੱਜੋਂ ਦੇਖਿਆ ਜਾਣਾ ਚਾਹੀਦਾ ਹੈ। ਯੂਰੋਪ ਅਤੇ ਅਮਰੀਕਾ ਵਿੱਚ ਪਰੰਪਰਾ ਅਤੇ ਪੁਰਾਣੀਆਂ ਗੱਲਾਂ ਨੂੰ ਇੱਕ ਪਾਸੇ ਛੱਡ ਕੇ ਆਧੁਨਿਕਤਾ ਦਾ ਵਿਕਾਸ ਹੋਇਆ। ਜੋ ਕੁਝ ਸਾਮੰਤਵਾਦੀ ਸੀ, ਉਸਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਦ ਜਾ ਕੇ ਯੂਰੋਪ ਬਦਲਿਆ ਅਤੇ ਉੱਥੇ ਵਿਗਿਆਨਕ ਤੇ ਉਦਯੋਗਿਕ ਕ੍ਰਾਂਤੀ ਹੋਈ। ਦੂਜੇ ਪਾਸੇ ਭਾਰਤ 'ਚ ਅਜਿਹਾ ਬਦਲਾਅ ਨਹੀਂ ਆਇਆ। ਇੱਥੇ ਜਾਤੀਵਾਦ ਇੱਕ ਵੱਡੀ ਸਮੱਸਿਆ ਦਾ ਹਿੱਸਾ ਹੈ, ਜਿੱਥੇ ਵਿਗਿਆਨਕ ਚੇਤਨਾ ਅਤੇ ਲੋਕਤੰਤਰਿਕ ਸੋਚ ਨਾਲ ਟਕਰਾਅ ਹਰ ਪੱਧਰ 'ਤੇ ਦਿਖਾਈ ਦਿੰਦਾ ਹੈ। 

ਭਾਰਤ ਨੇ ਲੋਕਤੰਤਰ ਵਰਗੀ ਆਧੁਨਿਕ ਸ਼ਾਸਨ ਪ੍ਰਣਾਲੀ ਨੂੰ ਤਾਂ ਸਵੀਕਾਰ ਕਰ ਲਿਆ, ਪਰ ਸਮਾਜ ਵਿੱਚ ਗੋਲਬੰਦੀ ਦਾ ਆਧਾਰ ਧਰਮ ਅਤੇ ਜਾਤੀ ਬਣੇ ਰਹੇ। ਸੰਵਿਧਾਨ ਸਭਾ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇਸਨੂੰ ਭਾਰਤੀ ਲੋਕਤੰਤਰ ਲਈ ਭਵਿੱਖ ਦੀ ਸਭ ਤੋਂ ਵੱਡੀ ਚੁਣੌਤੀ ਦੇ ਤੌਰ 'ਤੇ ਸਵੀਕਾਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਹਰ ਵਿਅਕਤੀ ਦਾ ਇੱਕ ਵੋਟ ਅਤੇ ਹਰ ਵੋਟ ਦਾ ਇੱਕ ਮੁੱਲ ਤਾਂ ਹੈ, ਪਰ ਹਰ ਵਿਅਕਤੀ ਬਰਾਬਰ ਨਹੀਂ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਸੀ ਕਿ ਇਹ ਸਥਿਤੀ ਬਦਲੇਗੀ। ਦਲਿਤਾਂ ਦੇ ਘੋੜੀ ਚੜ੍ਹਨ 'ਤੇ ਪੱਧਰ ਸੁੱਟਣ ਵਾਲੇ ਉੱਚੀ ਜਾਤੀ ਦੇ ਲੋਕਾਂ ਨੇ ਭਾਰਤ ਦੇ ਸੰਵਿਧਾਨ ਨਿਰਮਾਤਾ ਨੂੰ ਨਿਰਾਸ਼ ਕੀਤਾ ਹੈ।

ਚੰਗੇ ਨੰਬਰ ਲਿਆਉਣਾ ਵੀ ਬਰਦਾਸ਼ਤ ਨਹੀਂ ਹੁੰਦਾ
ਜਾਤੀਵਾਦ ਦਾ ਇੱਕ ਰੂਪ 3 ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ। ਉੱਥੇ ਦੇ ਰੇਹੂਆ ਲਾਲਗੰਜ ਪਿੰਡ ਦੇ ਰਾਜੂ ਅਤੇ ਬ੍ਰਿਜੇਸ਼ ਸਰੋਜ ਨੇ ਜਦੋਂ ਆਈਆਈਟੀ ਦਾ ਐਂਟਰੈਂਸ ਪਾਸ ਕਰ ਲਿਆ ਤਾਂ ਪਿੰਡ ਦੇ ਉੱਚੀ ਜਾਤੀ ਦੇ ਲੋਕਾਂ ਨੇ ਉਨ੍ਹਾਂ ਦੇ ਘਰ ਪੱਥਰਬਾਜ਼ੀ ਕੀਤੀ। ਇਹ ਉਦੋਂ ਹੋਇਆ, ਜਦੋਂ ਇਨ੍ਹਾਂ ਭਰਾਵਾਂ ਦੇ ਆਈਆਈਟੀ ਐਂਟਰੈਂਸ ਕਲੀਅਰ ਕਰਨ ਦਾ ਦੇਸ਼ਭਰ ਵਿੱਚ ਸਵਾਗਤ ਹੋਇਆ ਸੀ ਅਤੇ ਉਸ ਸਮੇਂ ਦੇ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਨੇ ਇਨ੍ਹਾਂ ਦੀ ਹਰ ਤਰ੍ਹਾਂ ਦੀ ਫੀਸ ਅਤੇ ਖਰਚ ਮਾਫ ਕਰਨ ਦਾ ਐਲਾਨ ਕੀਤਾ ਸੀ। ਅਜਿਹੀਆਂ ਘਟਨਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਕਿਤੇ ਦਰਜ ਨਹੀਂ ਹੁੰਦੀਆਂ। ਰਾਸ਼ਟਰੀ ਪੱਧਰ 'ਤੇ ਜਿਨ੍ਹਾਂ ਦੀ ਚਰਚਾ ਨਹੀਂ ਹੁੰਦੀ।  
-ਡੀਸੀਐੱਮ

Comments

Leave a Reply