Thu,Sep 20,2018 | 01:00:19am
HEADLINES:

Cultural

ਦਲਿਤਾਂ ਦੇ ਸ਼ੋਸ਼ਣ ਦੇ ਕੇਂਦਰ ਪਿੰਡ : ਵਰਣ ਵਿਵਸਥਾ ਤੇ ਅਛੂਤਤਾ ਨੂੰ ਇੱਥੇ ਮਿਲੀ ਸਭ ਤੋਂ ਵੱਧ ਮਜ਼ਬੂਤੀ

ਦਲਿਤਾਂ ਦੇ ਸ਼ੋਸ਼ਣ ਦੇ ਕੇਂਦਰ ਪਿੰਡ : ਵਰਣ ਵਿਵਸਥਾ ਤੇ ਅਛੂਤਤਾ ਨੂੰ ਇੱਥੇ ਮਿਲੀ ਸਭ ਤੋਂ ਵੱਧ ਮਜ਼ਬੂਤੀ

ਭਾਰਤ ਪਿੰਡਾਂ ਦਾ ਦੇਸ਼ ਹੈ ਤੇ ਭਾਰਤ ਦੀ ਆਤਮਾ ਵੀ ਪਿੰਡਾਂ ਵਿੱਚ ਹੀ ਵਸਦੀ ਹੈ। ਗਾਂਧੀ ਦੇ ਗ੍ਰਾਮ ਸਵਰਾਜ ਦੇ ਵਿਚਾਰ ਨੂੰ ਵੀ ਉਨ੍ਹਾਂ ਦੇ ਸਮਰਥਕਾਂ ਵਲੋਂ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਕਿ ਇਹ ਭਾਰਤ ਦੇ ਲੋਕਾਂ ਤੇ ਖਾਸਕਰ ਦਲਿਤ ਸ਼ੋਸ਼ਿਤ ਵਰਗ ਦੇ ਲੋਕਾਂ ਲਈ ਬਹੁਤ ਵਧੀਆ ਹੋਵੇ।
 
ਗਾਂਧੀ ਜੀ ਦੇ ਗ੍ਰਾਮ ਸਵਰਾਜ ਦੇ ਵਿਚਾਰ ਬਾਰੇ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਹੋਵੇਗਾ ਕਿ ਪਿੰਡ ਆਖਿਰ ਕਿਸਦਾ ਹੈ? ਉਨ੍ਹਾਂ ਅਖੌਤੀ ਉੱਚ ਜਾਤੀ ਦੇ ਲੋਕਾਂ ਦਾ, ਜਿਨ੍ਹਾਂ ਦੀ ਪੂਰੇ ਦੇਸ਼ ਵਿੱਚ ਆਬਾਦੀ 10 ਤੋਂ 15 ਫੀਸਦੀ ਤੋਂ ਜਿਆਦਾ ਨਹੀਂ। ਜੋ ਆਪ ਹੱਥੀਂ ਕੰਮ ਨਾ ਕਰਦੇ ਹੋਏ ਵੀ ਦੇਸ਼ ਦੇ ਸਾਰੇ ਸੰਸਾਧਨਾਂ 'ਤੇ ਕਾਬਿਜ ਰਹੇ ਹਨ ਜਾਂ ਫਿਰ ਇਹ ਪਿੰਡ ਉਨ੍ਹਾਂ ਲੋਕਾਂ ਦਾ ਹੈ, ਜੋ ਕਿ ਸਦੀਆਂ ਤੋਂ ਦਬਾ ਕੇ ਰੱਖੇ ਗਏ ਹਨ। ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੂੰ ਪਿੰਡਾਂ ਵਿੱਚ ਅਛੂਤ ਬਣਨ ਤੇ ਜਾਨਵਰ ਤੋਂ ਵੀ ਮਾੜੀ ਜਿੰਦਗੀ ਜਿਊਣ ਲਈ ਮਜਬੂਰ ਕੀਤਾ ਗਿਆ? 
 
ਭਾਰਤ ਦੇ ਪਿੰਡਾਂ ਨੂੰ ਨੇੜਿਓ ਦੇਖਣ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਇਹ ਪਿੰਡ ਹੀ ਹਨ, ਜੋ ਕਿ ਦਲਿਤਾਂ ਦੇ ਸ਼ੋਸ਼ਣ ਤੇ ਗੁਲਾਮੀ ਦੇ ਸਭ ਤੋਂ ਕਰੂਰ ਤੇ ਪ੍ਰਭਾਵਸ਼ਾਲੀ ਕੇਂਦਰ ਹਨ। ਇਹ ਪਿੰਡ ਹੀ ਹਨ, ਜਿਨ੍ਹਾਂ ਨੇ ਸਦੀਆਂ ਤੋਂ ਲੈ ਕੇ ਹੁਣ ਤੱਕ ਵਰਣ ਵਿਵਸਥਾ ਤੇ ਅਛੂਤਤਾ ਨੂੰ ਸਭ ਤੋਂ ਵੱਧ ਮਜਬੂਤੀ ਦਿੱਤੀ ਹੈ, ਇਹ ਭਾਰਤ 'ਮਾਤਾ' ਦੇ ਦੁਲਾਰੇ ਪਿੰਡ ਹੀ ਹਨ। ਜੋ ਲੋਕ ਪਿੰਡਾਂ ਦੀ ਗੌਰਵਸ਼ਾਲੀ ਤਸਵੀਰ ਖਿੱਚਦੇ ਹਨ, ਇਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ, ਅਸਲ ਇਹ ਲੋਕ ਪਿੰਡਾਂ ਵਿੱਚ ਸਦੀਆਂ ਤੋਂ ਕਾਬਿਜ ਧਿਰ ਨਾਲ ਹੀ ਸਬੰਧਤ ਹਨ, ਜਿਨ੍ਹਾਂ ਲਈ ਪਿੰਡ ਸਚਮੁੱਚ ਵਿੱਚ ਹੀ ਸਵਰਗ ਹਨ। ਗਾਂਧੀ ਜੀ ਵੀ ਪਿੰਡਾਂ ਨੂੰ ਲੈ ਕੇ ਬੜੇ ਭਾਵੁਕ ਤੇ ਉਤਸ਼ਾਹਿਤ ਰਹਿੰਦੇ ਸਨ, ਜਦਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਨਜ਼ਰ ਵਿੱਚ  ਪਿੰਡ ਦਲਿਤ ਵਰਗ ਦੇ ਲਈ ਗੁਲਾਮੀ ਤੋਂ ਇਲਾਵਾ ਹੋਰ ਕੁਝ ਨਹੀਂ ਹਨ। 
 
ਕਾਸ਼! ਜੇਕਰ ਗਾਂਧੀ ਦਲਿਤ ਸਵਾਲ ਪ੍ਰਤੀ ਇਮਾਨਦਾਰ ਤੇ ਨਿਰਪੱਖ ਹੁੰਦੇ ਤਾਂ ਡਾ. ਅੰਬੇਡਕਰ ਦੀ ਨਜ਼ਰ ਤੋਂ ਪਿੰਡਾਂ ਨੂੰ ਦੇਖਦੇ ਤਾਂ ਉਨ੍ਹਾਂ ਨੂੰ ਭਾਰਤ ਦੇ ਗ੍ਰਾਮ ਸਵਰਾਜ ਦਾ ਕੌੜਾ ਸੱਚ ਸਮਝ ਵਿੱਚ ਆ ਜਾਂਦਾ। ਬਾਬਾ ਸਾਹਿਬ ਅੰਬੇਡਕਰ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਪਿੰਡ ਜਾਤੀਵਾਦ ਤੇ  ਭੇਦਭਾਵ ਨੂੰ ਬਣਾਏ ਰੱਖਣ ਦੇ ਸਭ ਤੋਂ ਵੱਡੇ ਕੇਂਦਰ ਹਨ। ਬਾਬਾ ਸਾਹਿਬ ਨੇ ਆਪਣੀ ਪੁਸਤਕ 'ਅਨਟਚਏਬਲਸ ਆਰ ਦ ਚਿਲਡਰਨ ਆਫ ਇੰਡੀਆਜ਼ ਗੇਟੋ' ਵਿੱਚ ਕਿਹਾ ਹੈ ਕਿ ਇਹ ਪਿੰਡ ਅਖੌਤੀ ਉੱਚ ਜਾਤੀ ਦੇ ਲੋਕਾਂ ਦੀ ਮਨੂੰਵਾਦ ਦੀ ਪ੍ਰਯੋਗਸ਼ਾਲਾ ਹੈ।
 
ਪਿੰਡਾਂ ਵਿੱਚ ਮਨੂੰਵਾਦੀ ਵਿਵਸਥਾ ਦੀ ਪੂਰੀ-ਪੂਰੀ ਪਾਲਣਾ ਕੀਤੀ ਜਾਂਦੀ ਹੈ ਤੇ ਜਿਹੜੇ ਲੋਕ ਇਸਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਨੂੰ ਪਿੰਡ ਦੇ ਅਖੌਤੀ ਉੱਚ ਜਾਤੀ ਵਰਗ ਦੇ ਲੋਕਾਂ ਵਲੋਂ ਸਖਤ ਸਜ਼ਾ ਵੀ ਦਿੱਤੀ ਜਾਂਦੀ ਹੈ ਤੇ ਸਮਾਜਿਕ ਬਾਈਕਾਟ ਵੀ ਕਰ ਦਿੱਤੇ ਜਾਂਦੇ ਹਨ। ਜਦੋਂ ਵੀ ਕੋਈ ਅਖੌਤੀ ਉੱਚ ਜਾਤੀ ਨਾਲ ਸਬੰਧਤ ਵਿਅਕਤੀ ਭਾਰਤ ਦੇ ਪਿੰਡਾਂ ਦਾ ਜ਼ਿਕਰ ਕਰਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਹੈ।
 
ਆਮ ਤੌਰ 'ਤੇ ਪਿੰਡ ਦੀ ਜਾਤੀਵਾਦ 'ਤੇ ਆਧਾਰਿਤ ਸਮਾਜਿਕ ਵਿਵਸਥਾ ਨੂੰ ਉਹ ਆਦਰਸ਼ ਸਮਾਜਿਕ ਵਿਵਸਥਾ ਮੰਨਦਾ ਹੈ। ਅਖੌਤੀ ਉੱਚ ਵਰਗ ਦੀ ਪਿੰਡਾਂ ਨੂੰ ਲੈ ਕੇ ਖੁਸ਼ੀ ਇਸ ਕਰਕੇ ਹੈ, ਕਿਉਂਕਿ ਅਸਲ ਵਿਚ ਇਨ੍ਹਾਂ ਪਿੰਡਾਂ ਨੇ ਹੀ ਇਨ੍ਹਾਂ ਦਾ ਦਬਦਬਾ ਕਾਇਮ ਰੱਖਣ ਵਿੱਚ ਮਦਦ ਕੀਤੀ ਹੋਈ ਹੈ। ਇੱਥੇ ਇਹ ਸਭ ਵਿਸਤਾਰ ਵਿੱਚ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਪਿੰਡਾਂ ਵਿੱਚ ਦਲਿਤਾਂ ਦੇ ਰਹਿਣ, ਉੱਠਣ-ਬੈਠਣ, ਚੱਲਣ-ਫਿਰਨ, ਵਿਆਹ, ਤਿਊਹਾਰ ਉਤਸਵ ਆਦਿ ਨੂੰ ਲੈ ਕੇ ਪਿਛਲੇ ਦੌ ਹਜ਼ਾਰ ਸਾਲਾਂ ਤੋਂ ਕਿਸ ਤਰ੍ਹਾਂ ਐਲਾਨੇ ਹੋਏ ਸਮਾਜਿਕ ਵਿਧਾਨ ਲਾਗੂ ਕੀਤੇ ਜਾਂਦੇ ਰਹੇ ਹਨ।
 
ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਇਨ੍ਹਾਂ ਪਿੰਡਾਂ ਵਿੱਚ ਦਲਿਤ ਹਮੇਸ਼ਾ ਬੇਜ਼ਮੀਨੇ ਮਜ਼ਦੂਰ ਹੀ ਰਹੇ ਹਨ। ਗੰਦਾ ਤੇ ਘਟਿਆ ਸਮਝਿਆ ਜਾਣ ਵਾਲਾ ਕੰਮ ਕਰਨ ਲਈ ਉਨ੍ਹਾਂ ਨੂੰ ਮਜ਼ਬੂਰ ਕੀਤਾ ਜਾਂਦਾ ਰਿਹਾ ਹੈ। ਮਜ਼ਦੂਰੀ ਦੇ ਰੂਪ ਵਿੱਚ ਉਨ੍ਹਾਂ ਨੂੰ ਪੈਸੇ ਨਾ ਦੇ ਕੇ ਅਨਾਜ ਦਿੱਤਾ ਜਾਂਦਾ ਰਿਹਾ ਹੈ। ਬੇਗਾਰ ਤੇ ਵੰਧੂਆ ਮਜ਼ਦੂਰੀ ਅੱਜ ਵੀ ਪਿੰਡਾਂ ਦਾ ਇੱਕ ਵੱਡਾ ਸੱਚ ਹੈ। ਆਜ਼ਾਦੀ ਦੇ 70 ਸਾਲਾਂ ਤੋਂ ਬਾਅਦ ਵੀ ਛੁਆਛੂਤ ਦਾ ਸਭ ਤੋਂ ਮਾੜਾ ਰੂਪ ਸਾਨੂੰ ਪਿੰਡਾਂ ਵਿੱਚ ਦੇਖਣ ਨੂੰ ਮਿਲਦਾ ਹੈ।
 
ਪਿੰਡਾਂ ਦੇ ਵਿੱਚ ਦਲਿਤਾਂ ਲਈ ਰੋਜ਼ੀ ਰੋਟੀ ਕਮਾਉਣ ਦੇ ਰਾਸਤੇ ਤਕਰੀਬਨ ਬੰਦ ਰਹੇ ਹਨ। ਪਿੰਡਾਂ ਦੇ ਵਿੱਚ ਜੇਕਰ ਉਨ੍ਹਾਂ ਦੇ ਸ਼ੋਸ਼ਣ ਤੇ ਅਤਿਆਚਾਰ ਦੀ ਗੱਲ ਕੀਤੀ ਜਾਵੇ ਤਾਂ ਗੋਹਾਨਾ, ਝੱਝਰ, ਚਕਵਾੜਾ, ਮਿਰਚਪੁਰ ਤੋਂ ਲੈ ਕੇ ਖੇਰਲਾਂਜੀ ਵਰਗੀਆਂ ਦਿਲ ਕੰਬਾਊਂ ਘਟਨਾਵਾਂ ਪਿੰਡਾਂ ਵਿੱਚ ਹੀ ਹੋਈਆਂ ਹਨ, ਜਿਨ੍ਹਾਂ ਵਿੱਚ ਦਲਿਤਾਂ ਨੂੰ ਬੁਰੀ ਤਰ੍ਹਾਂ ਅੱਤਿਆਚਾਰਾਂ ਦਾ ਸ਼ਿਕਾਰ ਬਣਾਇਆ ਗਿਆ ਹੈ।
 
ਪਿਛਲੇ ਕੁਝ ਸਾਲਾਂ ਵਿੱਚ ਰਾਖਵੇਂਕਰਨ ਕਾਰਨ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਦਲਿਤ ਸਰਪੰਚ, ਪੰਚ ਆਦਿ ਦਿਖਾਈ ਦੇਣ ਲੱਗੇ ਹਨ। ਜੇਕਰ ਇਸਨੂੰ ਗੌਰ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ  ਪਿੰਡਾਂ ਵਿੱਚ ਅਖੌਤੀ ਉੱਚ ਵਰਗ ਨਾਲ ਸਬੰਧਤ ਲੋਕਾਂ ਵਲੋਂ ਆਪਣੇ ਖੇਤਾਂ ਵਿੱਚ ਕੰਮ ਕਰਦੇ ਦਲਿਤਾਂ ਨੂੰ ਹੀ ਜੋੜ-ਤੋੜ ਕਰਕੇ ਇਨ੍ਹਾਂ ਪੰਚਾਇਤਾਂ ਦੇ ਦਿਖਾਵੇ ਦੇ ਤੌਰ 'ਤੇ ਸਰਪੰਚ ਬਣਾ ਦਿੱਤਾ ਜਾਂਦਾ ਹੈ, ਜਦਕਿ ਅਸਲ ਵਿੱਚ ਪਿੰਡਾਂ ਵਿੱਚ ਰਾਜ ਇਨ੍ਹਾਂ ਲੋਕਾਂ ਦਾ ਹੀ ਹੁੰਦਾ ਹੈ ਤੇ ਇਨ੍ਹਾਂ ਵਲੋਂ ਬਣਾਇਆ ਗਿਆ ਦਲਿਤ ਸਰਪੰਚ ਇਨ੍ਹਾਂ ਦੇ ਪ੍ਰਭਾਵ ਵਿੱਚ ਹੀ ਕੰਮ ਕਰਦਾ ਹੈ।
 
ਦੇਸ਼ ਦੇ ਕਈ ਰਾਜਾਂ ਵਿੱਚ ਇਸ ਤਰ੍ਹਾਂ ਦੇ ਵੀ ਹਾਲਾਤ ਹਨ ਕਿ ਕਈ ਪਿੰਡਾਂ ਵਿੱਚ ਦਲਿਤ ਸਰਪੰਚਾਂ ਨੂੰ ਗ੍ਰਾਮ ਸਭਾਵਾਂ ਵਿੱਚ ਜਾਣ ਹੀ ਨਹੀਂ ਦਿੱਤਾ ਜਾਂਦਾ, ਕੁਰਸੀ 'ਤੇ ਬੈਠਣ ਹੀ ਨਹੀਂ ਦਿੱਤਾ ਜਾਂਦਾ ਤੇ ਕਿਸੇ ਵਿਸ਼ੇਸ਼ ਮੌਕੇ 'ਤੇ ਤਿਰੰਗਾ ਵੀ ਲਹਿਰਾਉਣ ਨਹੀਂ ਦਿੱਤਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੇਸ਼ ਵਿੱਚ ਅਜੇ ਵੀ ਕਾਫੀ ਹੋ ਰਹੀਆਂ ਹਨ।
 
ਸਰਕਾਰ ਦੀ ਮਿਡ ਡੇ ਮੀਲ ਯੋਜਨਾ ਦੇ ਤਹਿਤ ਦਲਿਤਾਂ ਨੂੰ ਅੱਲਗ ਕਤਾਰਾਂ ਵਿੱਚ ਬੈਠਾ ਕੇ ਖਾਣਾ ਖਿਲਾਇਆ ਜਾਂਦਾ ਹੈ ਤੇ ਜੇਕਰ ਅਖੌਤੀ ਉੱਚ ਜਾਤੀ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਭੋਜਨ ਸਕੂਲ ਵਿੱਚ ਕਿਸੇ ਦਲਿਤ ਨੇ ਬਣਾਇਆ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਇਸਨੂੰ ਖਿਲਾਉਣ ਤੋਂ ਰੋਕ ਲੈਂਦੇ ਹਨ। ਅਜਿਹੀਆਂ ਘਟਨਾਵਾਂ ਦੇਸ਼ ਵਿੱਚ ਆਮ ਦੇਖਣ ਨੂੰ ਮਿਲਦੀਆਂ ਹਨ।
 
ਜੇਕਰ ਦਲਿਤ ਇਸ ਤਰ੍ਹਾਂ ਦੇ ਭੇਦਭਾਵ ਦਾ ਕਿਤੇ ਵਿਰੋਧ ਕਰ ਦੇਣ 'ਤੇ ਉਨ੍ਹਾਂ ਖਿਲਾਫ ਵੱਡੇ ਪੱਧਰ 'ਤੇ ਹਿੰਸਾ ਕੀਤੀ ਜਾਂਦੀ ਹੈ। ਦਲਿਤ ਲਾੜੇ ਨੂੰ ਘੋੜੀ ਨਾ ਚੜਨ ਦੇਣਾ, ਅਖੌਤੀ ਉੱਚ ਵਰਗ ਦੇ ਮੁਹੱਲੇ ਵਿਚੋਂ ਦਲਿਤਾਂ ਨੂੰ ਸਾਈਕਲ 'ਤੇ ਨਾ ਨਿਕਲਣ ਦੇਣਾ, ਘਿਓ ਖਾ ਲੈਣ ਤੇ ਨਵਾਂ ਕੱਪੜਾ ਪਹਿਨਣ 'ਤੇ ਉਸ ਨਾਲ ਮਾਰਕੁੱਟ ਕਰਨਾ, ਖੇਤਾਂ ਵਿਚੋਂ ਮੂਲੀ ਜਾਂ ਫਿਰ ਸਾਗ ਕੱਟਣ ਵੇਲੇ ਦਲਿਤ ਲੜਕੀ ਨਾਲ ਮਾਰ ਕੁੱਟ ਕਰਨੀ ਤੇ ਕਈ ਵਾਰੀ ਉਸਦੇ ਨਾਲ ਸਾਮੂਹਿਕ ਬਲਾਤਕਾਰ ਵੀ ਕਰ ਦਿੱਤਾ ਜਾਂਦਾ ਹੈ। 
 
ਇਸ ਤਰ੍ਹਾਂ ਦੇ ਪਿੰਡਾਂ ਵਿੱਚ ਗ੍ਰਾਮ ਸਵਰਾਜ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਨ੍ਹਾਂ ਹਾਲਾਤਾਂ ਤੋਂ ਸਾਫ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਬਿਨ੍ਹਾਂ ਕਿਸੇ ਕਾਰਨ ਹੀ ਗਾਂਧੀ ਦੇ ਗ੍ਰਾਮ ਸਵਰਾਜ ਦਾ ਵਿਰੋਧ ਨਹੀਂ ਕੀਤਾ ਸੀ। ਬਾਬਾ ਸਾਹਿਬ ਨੇ ਪਿੰਡਾਂ ਦੇ ਸਮਾਜਿਕ ਆਰਥਿਕ ਜੀਵਨ ਦੀ ਡੂੰਘੀ ਛਾਣਬੀਣ ਕਰਦੇ ਹੋਏ ਪਿੰਡਾਂ ਨੂੰ ਗਣਤੰਤਰ ਦਾ ਦੁਸ਼ਮਣ ਦੱਸਿਆ ਹੈ।
 
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਗਣਤੰਤਰ ਵਿੱਚ ਲੋਕਤੰਤਰ ਦੇ ਲਈ ਕੋਈ ਥਾਂ ਨਹੀਂ ਹੈ। ਇਸ ਵਿੱਚ ਬਰਾਬਰਤਾ ਲਈ ਕੋਈ ਸਥਾਨ ਨਹੀਂ ਹੈ, ਸੁਤੰਤਰਤਾ ਤੇ ਭਾਈਚਾਰੇ ਦੇ ਲਈ ਕੋਈ ਸਥਾਨ ਨਹੀਂ ਹੈ। ਭਾਰਤ ਦੇ ਪਿੰਡ ਗਣਤੰਤਰ ਦਾ ਠੀਕ ਉਲਟਾ ਰੂਪ ਹਨ। ਜੇਕਰ ਗਣਤੰਤਰ ਹੈ ਤਾਂ ਉਹ ਅਛੂਤਾਂ ਦਾ ਗਣਤੰਤਰ ਹੈ, ਅਛੂਤਾਂ ਵਲੋਂ ਹੈ ਤੇ ਉਨ੍ਹਾਂ ਦੇ ਲਈ ਹੀ ਹੈ। 
 
ਪਿੰਡਾਂ ਦਾ ਇਹ ਗਣਤੰਤਰ ਇੱਕ ਤਰ੍ਹਾਂ ਦੇ ਨਾਲ ਪਿੰਡਾਂ ਵਿੱਚ ਕਾਬਿਜ ਵਰਗ ਦਾ ਅਛੂਤਾਂ 'ਤੇ ਇਕ ਵਿਸ਼ਾਲ ਸਾਮਰਾਜ ਹੈ। ਇਹ ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਉਪਨਿਵੇਸ਼ਵਾਦ ਹੈ, ਜੋ ਅਛੂਤਾਂ ਦੇ ਸ਼ੋਸ਼ਣ ਕਰਨ ਦੇ ਲਈ ਹੈ। ਇਹੀ ਕਾਰਨ ਸੀ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਦਲਿਤਾਂ ਨੂੰ ਪਿੰਡ ਛੱਡ ਕੇ ਸ਼ਹਿਰ ਜਾਣ ਤੇ ਉੱਥੇ ਰਹਿਣ ਦਾ ਰਾਸਤਾ ਦੱਸਿਆ ਸੀ।
 
ਉਨ੍ਹਾਂ ਨੇ ਸ਼ਹਿਰੀਕਰਨ ਤੇ ਆਧੁਨਿਕਤਾ ਦੀ ਵਕਾਲਤ ਕੀਤੀ ਸੀ। ਸ਼ਹਿਰਾਂ ਵਿੱਚ ਕੰਮਕਾਜ ਦੇ ਸਾਧਨ ਕਾਫੀ ਹਨ ਤੇ ਉੱਥੇ ਜਾਤੀਵਾਦ ਦਾ ਖਤਰਨਾਕ ਰੂਪ ਨਹੀਂ ਹੈ। ਦਲਿਤਾਂ ਦੇ ਬੱਚਿਆਂ ਲਈ ਸਿੱਖਿਆ ਨੂੰ ਹਾਸਲ ਕਰਨਾ ਪਿੰਡਾਂ ਨਾਲੋਂ ਆਸਾਨ ਹੈ। ਦਲਿਤ ਔਰਤਾਂ ਲਈ ਵੀ ਰੁਜਗਾਰ ਦੇ ਰਾਸਤੇ ਖੁੱਲੇ ਹਨ। ਜੇਕਰ ਅਸੀਂ ਅੱਜ ਦੇ ਪਰਿਪੇਖ ਵਿੱਚ ਦੇਖੀਏ ਤਾਂ ਇਹ ਪਤਾ ਲੱਗ ਜਾਵੇਗਾ ਕਿ ਜੋ ਵੀ ਦਲਿਤ ਪਿੰਡ ਛੱਡ ਕੇ ਸ਼ਹਿਰ ਚਲੇ ਗਏ ਉਨ੍ਹਾਂ ਦੀ ਅਗਲੀ ਪੀੜੀ ਤਰੱਕੀ ਦੇ ਰਾਸਤੇ 'ਤੇ ਚੱਲ ਪਈ। ਇਸਦੇ ਉਲਟ ਜੋ ਦਲਿਤ ਪਿੰਡ ਵਿਚ ਹੀ ਰਹਿ ਗਏ, ਉਨ੍ਹਾਂ ਦੇ ਹਾਲਾਤ ਵਿੱਚ ਕੋਈ ਬਦਲਾਅ ਨਹੀਂ ਆਇਆ।
ਡਾ. ਸੁਨੀਲ ਕੁਮਾਰ ਸੁਮਨ। 
ਲੇਖਕ ਯੁਵਾ ਅੰਬੇਡਕਰਵਾਦੀ ਚਿੰਤਕ ਹਨ।

Comments

Leave a Reply