Thu,Jan 21,2021 | 02:03:14pm
HEADLINES:

Cultural

ਮਜ਼ਦੂਰੀ ਕਰਕੇ ਦਲਿਤ-ਆਦੀਵਾਸੀ ਬੱਚਿਆਂ ਲਈ ਸਕੂਲ ਚਲਾ ਰਹੇ ਅਨਪੜ੍ਹ ਪਰਸ਼ੂਰਾਮ

ਮਜ਼ਦੂਰੀ ਕਰਕੇ ਦਲਿਤ-ਆਦੀਵਾਸੀ ਬੱਚਿਆਂ ਲਈ ਸਕੂਲ ਚਲਾ ਰਹੇ ਅਨਪੜ੍ਹ ਪਰਸ਼ੂਰਾਮ

ਬਹੁਜਨ ਸਮਾਜ ਦੇ ਮਹਾਪੁਰਖਾਂ ਦਾ ਜੀਵਨ ਸੰਘਰਸ਼ ਨਾ ਸਿਰਫ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ, ਸਗੋਂ ਵਿਕਾਸ ਦੇ ਰਾਹ 'ਚ ਪਿੱਛੇ ਰਹਿ ਗਏ ਦੱਬੇ-ਕੁਚਲੇ ਸਮਾਜ ਦੇ ਲੋਕਾਂ ਨੂੰ ਵੀ ਅੱਗੇ ਵਧਾਉਣ ਪ੍ਰਤੀ ਉਤਸ਼ਾਹਿਤ ਕਰਦਾ ਹੈ। ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਰਹਿਣ ਵਾਲੇ ਦਲਿਤ ਪਰਸ਼ੂਰਾਮ ਦੀ ਕਹਾਣੀ ਵੀ ਕੁਝ ਅਜਿਹੀ ਹੈ। 

ਘਰ ਦੀ ਆਰਥਿਕ ਹਾਲਤ ਖਰਾਬ ਹੋਣ, ਖੁਦ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜਾਰਾ ਕਰਨ ਦੇ ਬਾਵਜੂਦ ਪਰਸ਼ੂਰਾਮ ਨੇ ਸਮਾਜ ਅੱਗੇ ਉਹ ਮਿਸਾਲ ਪੇਸ਼ ਕੀਤੀ, ਜੋ ਕਿ ਸ਼ਾਇਦ ਆਰਥਿਕ ਤੌਰ 'ਤੇ ਸੰਪੰਨ ਲੋਕ ਵੀ ਨਾ ਕਰ ਸਕਣ। ਬਹੁਜਨ ਮਹਾਪੁਰਖਾਂ ਦੇ ਜੀਵਨ ਸੰਘਰਸ਼ ਤੋਂ ਪ੍ਰੇਰਿਤ ਇਸ ਅਨਪੜ੍ਹ ਗਰੀਬ ਮਜ਼ਦੂਰ ਵਿਅਕਤੀ ਨੇ ਇੱਕ ਅਜਿਹਾ ਸਕੂਲ ਖੋਲਿਆ ਹੈ, ਜਿੱਥੇ ਗਰੀਬ ਬੱਚੇ ਮੁਫਤ ਵਿੱਚ ਸਿੱਖਿਆ ਪ੍ਰਾਪਤ ਕਰ ਸਕਦੇ ਹਨ।

ਪਰਸ਼ੂਰਾਮ ਦਾ ਜਨਮ 1952 'ਚ ਬਿਹਾਰ ਦੇ ਸਿਵਾਨ ਜ਼ਿਲ੍ਹੇ ਤਹਿਤ ਆਉਂਦੇ ਘਟਈਲਾ ਪਿੰਡ ਦੇ ਦਲਿਤ ਪਰਿਵਾਰ 'ਚ ਹੋਇਆ। ਗਰੀਬ ਪਰਿਵਾਰ 'ਚ ਜਨਮੇ ਪਰਸ਼ੂਰਾਮ ਨੂੰ ਸਿੱਖਿਆ ਨਸੀਬ ਨਹੀਂ ਹੋਈ। ਵੱਡੇ ਹੋਣ 'ਤੇ ਉਹ ਰੁਜ਼ਗਾਰ ਦੀ ਤਲਾਸ਼ 'ਚ 1972 'ਚ ਬੋਕਾਰੋ ਆ ਗਏ। ਉਸ ਸਮੇਂ ਬੋਕਾਰੋ ਸਟੀਲ ਫੈਕਟਰੀ ਦਾ ਨਿਰਮਾਣ ਸ਼ੁਰੂਆਤੀ ਦੌਰ ਵਿੱਚ ਸੀ। 

ਰੁਜ਼ਗਾਰ ਲਈ ਦੇਸ਼ ਦੇ ਕਈ ਹਿੱਸਿਆਂ ਤੋਂ ਲੋਕ ਇੱਥੇ ਆਉਣ ਲੱਗੇ ਸਨ। 80 ਦਾ ਦਹਾਕਾ ਆਉਂਦੇ-ਆਉਂਦੇ ਪਰਸ਼ੂਰਾਮ ਰਾਜ ਮਿਸਤਰੀ ਦਾ ਕੰਮ ਕਰਨ ਲੱਗੇ ਸਨ। ਇਸ ਦੌਰਾਨ ਉਹ ਜਦੋਂ ਮਜ਼ਦੂਰੀ ਕਰਨ ਵਾਲੇ ਦਲਿਤ, ਆਦੀਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਵੀ ਕੰਮ ਕਰਦੇ ਦੇਖਦੇ ਤਾਂ ਉਨ੍ਹਾਂ ਦੇ ਮਨ ਵਿੱਚ ਸਵਾਲ ਆਉਂਦਾ ਕਿ ਕੀ ਇਹ ਬੱਚੇ ਵੀ ਵੱਡੇ ਹੋ ਕੇ ਮਜ਼ਦੂਰ ਹੀ ਬਣਨਗੇ? ਮਜ਼ਦੂਰਾਂ ਦੇ ਬੱਚੇ ਪੜ੍ਹ-ਲਿਖ ਕੇ ਅੱਗੇ ਵਧ ਸਕਣ, ਇਸੇ ਸੋਚ ਤਹਿਤ ਉਨ੍ਹਾਂ ਨੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ।

ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਲਈ ਪਰਸ਼ੂਰਾਮ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੌਜਵਾਨਾਂ ਦੀ ਤਲਾਸ਼ ਕੀਤੀ, ਜੋ ਕਿ ਆਪਣੀ ਪੜ੍ਹਾਈ ਦੇ ਨਾਲ-ਨਾਲ ਟਿਊਸ਼ਨ ਪੜ੍ਹਾ ਕੇ ਆਪਣਾ ਗੁਜਾਰਾ ਕਰਦੇ ਸਨ। ਪਰਸ਼ੂਰਾਮ ਨੇ ਉਨ੍ਹਾਂ ਸਿੱਖਿਅਤ ਨੌਜਵਾਨਾਂ ਨੂੰ ਮਜਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਤਿਆਰ ਕੀਤਾ।

ਬਦਲੇ ਵਿੱਚ ਪਰਸ਼ੂਰਾਮ ਨੇ ਉਨ੍ਹਾਂ ਨੂੰ ਆਪਣੀ ਮਜਦੂਰੀ ਤੋਂ ਮਿਲੇ ਪੈਸੇ ਵੀ ਦੇਣੇ ਸ਼ੁਰੂ ਕੀਤੇ। ਅੱਗੇ ਚੱਲ ਕੇ ਪਰਸ਼ੂਰਾਮ ਨੇ 1997 ਵਿੱਚ ਬੋਕਾਰੋ ਦੇ ਸੈਕਟਰ 12-ਏ ਵਿਖੇ ਹਵਾਈ ਅੱਡੇ ਦੀ ਬਾਉਂਡਰੀ ਦੇ ਨੇੜੇ ਇੱਕ ਝੁੱਗੀ ਬਣਾ ਕੇ ਬਿਰਸਾ ਮੁੰਡਾ ਤੇ ਬਾਬਾ ਸਾਹਿਬ ਅੰਬੇਡਕਰ ਨੂੰ ਸਮਰਪਿਤ 'ਬਿਰਸਾ ਮੁੰਡਾ ਮੁਫਤ ਸਕੂਲ' ਦੀ ਸ਼ੁਰੂਆਤ ਕੀਤੀ। ਸਿਰਫ 15 ਬੱਚਿਆਂ ਤੋਂ ਸ਼ੁਰੂ ਹੋਏ ਇਸ ਸਕੂਲ ਵਿੱਚ ਅੱਜ ਕਰੀਬ 164 ਬੱਚੇ ਪੜ੍ਹਦੇ ਹਨ। 

ਪਰਸ਼ੂਰਾਮ ਦੀ ਮਿਹਨਤ ਤੇ ਜਜ਼ਬੇ ਨੂੰ ਦੇਖਦੇ ਹੋਏ ਕਈ ਸਹਿਯੋਗੀ ਸੱਜਣ ਵੀ ਉਨ੍ਹਾਂ ਦੇ ਸਹਿਯੋਗ ਲਈ ਅੱਗੇ ਆਏ। ਕਈ ਲੋਕਾਂ ਨੇ ਸਕੂਲ ਲਈ ਬੱਚਿਆਂ ਨੂੰ ਡ੍ਰੈਸ, ਕਾਪੀਆਂ-ਕਿਤਾਬਾਂ, ਬੈਂਚ, ਕੁਰਸੀਆਂ ਆਦਿ ਦੀ ਵਿਵਸਥਾ ਕਰਕੇ ਦਿੱਤੀ। ਪਰਸ਼ੂਰਾਮ ਦੇ ਸਮਰਪਣ ਨੂੰ ਦੇਖਦੇ ਹੋਏ ਹੀ 2003 ਵਿੱਚ ਭਾਰਤੀ ਸਟੇਟ ਬੈਂਕ ਦੀ ਬੋਕਾਰੋ ਸੈਕਟਰ 4 ਬ੍ਰਾਂਚ ਨੇ ਬੱਚਿਆਂ ਦੀ ਪੜ੍ਹਾਈ ਲਈ ਸਾਰੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ। ਬੈਂਕ ਨੇ ਇਸ ਸਕੂਲ ਵਿੱਚ ਪੜ੍ਹਨ ਵਾਲੀਆਂ 8 ਲੜਕੀਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ ਹੈ।

ਪਰਸ਼ੂਰਾਮ ਦੇ ਚਾਰ ਬੱਚੇ ਹਨ। ਦੋ ਲੜਕੇ ਤੇ ਦੋ ਲੜਕੀਆਂ। ਇੱਕ ਲੜਕੀ ਦਾ ਵਿਆਹ ਹੋ ਗਿਆ ਹੈ, ਜਦਕਿ ਬਾਕੀ ਤਿੰਨ ਬੱਚੇ ਆਪਣੀ ਪੜ੍ਹਾਈ ਦੇ ਨਾਲ-ਨਾਲ ਬਿਰਸਾ ਸਕੂਲ ਵਿੱਚ ਵੀ ਪੜ੍ਹਾਉਂਦੇ ਹਨ ਅਤੇ ਬਾਹਰ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣਾ ਖਰਚ ਚਲਾਉਂਦੇ ਹਨ। ਬੇਸ਼ੱਕ ਪਰਸ਼ੂਰਾਮ ਨੂੰ ਸਕੂਲ ਚਲਾਉਣ ਲਈ ਸਰਕਾਰੀ ਆਰਥਿਕ ਮਦਦ ਨਹੀਂ ਮਿਲੀ, ਫਿਰ ਵੀ ਉਨ੍ਹਾਂ ਦਾ ਬੱਚਿਆਂ ਲਈ ਪੜ੍ਹਾਈ ਦਾ ਪ੍ਰਬੰਧ ਕਰਨ ਦਾ ਜਜ਼ਬਾ ਘੱਟ ਨਹੀਂ ਹੋਇਆ। ਪਰਸ਼ੂਰਾਮ ਕਹਿੰਦੇ ਹਨ, ਮੈਂ ਸਮਾਜ ਦੇ ਲੋਕਾਂ 'ਤੇ ਹੀ ਭਰੋਸਾ ਕੀਤਾ ਹੈ ਅਤੇ ਮੇਰਾ ਭਰੋਸਾ ਅੱਜ ਵੀ ਬਰਕਰਾਰ ਹੈ। (ਐੱਫਪੀ)

Comments

Leave a Reply