Sun,Jul 21,2019 | 07:10:56pm
HEADLINES:

Cultural

'ਪੁਲਸ ਨੇ ਪੁੱਛਿਆ-ਤੂੰ ਚਮਾਰ ਹੈ? ਹਾਂ ਕਹਿਣ 'ਤੇ ਜੇਲ੍ਹ 'ਚ ਸੁੱਟਿਆ'

'ਪੁਲਸ ਨੇ ਪੁੱਛਿਆ-ਤੂੰ ਚਮਾਰ ਹੈ? ਹਾਂ ਕਹਿਣ 'ਤੇ ਜੇਲ੍ਹ 'ਚ ਸੁੱਟਿਆ'

ਚਮਾਰਾਂ ਨੂੰ ਜ਼ਿਆਦਾ ਮਸਤੀ ਚੜ ਰਹੀ ਹੈ। ਇਹ ਕਹਿ ਕੇ ਮੈਡੀਕਲ ਥਾਣਾ ਪੁਲਸ ਦੇ ਅਫਸਰ ਭਜਾ ਦਿੰਦੇ ਹਨ। ਜਦ ਵੀ ਮੈਂ ਜੇਲ੍ਹ ਵਿੱਚ ਬੰਦ ਆਪਣੇ ਬੇਟੇ ਬਾਰੇ ਗੱਲ ਕਰਨ ਜਾਂਦਾ ਹਾਂ। ਮੇਰਾ ਬੇਟਾ ਸਚਿਨ ਸੇਂਟ ਦੇਵਾਸ਼੍ਰਮ ਵਿੱਚ ਪੜ੍ਹਾਈ ਕਰਦਾ ਹੈ। ਉਸਦੀ ਉਮਰ 15 ਸਾਲ ਹੈ, ਪਰ 2 ਅਪ੍ਰੈਲ ਨੂੰ ਪੁਲਸ ਨੇ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਉਸਦੀ ਉਮਰ 20 ਸਾਲ ਲਿਖ ਦਿੱਤੀ। ਇਹ ਗੱਲ ਦੱਸਦੇ ਹੋਏ ਧਰਮਵੀਰ ਸਿੰਘ ਰੋ ਪੈਂਦੇ ਹਨ।
 
ਧਰਮਵੀਰ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੇ ਕਲੀਆਗੜੀ ਦੀਆਂ ਤੰਗ ਗਲੀਆਂ ਵਿੱਚ ਬਣੇ ਛੋਟੇ ਜਿਹੇ ਮਕਾਨ ਵਿੱਚ ਰਹਿੰਦੇ ਹਨ। ਐੱਸਸੀ-ਐਸਟੀ ਐਕਟ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ ਤੋਂ ਬਾਅਦ 2 ਅਪ੍ਰੈਲ ਨੂੰ ਦਲਿਤ ਸੰਗਠਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਸੀ।
 
ਇਸ ਦੌਰਾਨ ਵੱਖ-ਵੱਖ ਸੂਬਿਆਂ ਵਿੱਚ ਹਿੰਸਾ ਦੇਖਣ ਨੂੰ ਮਿਲੀ, ਜਿਸ ਵਿੱਚ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵੀ ਸ਼ਾਮਲ ਹਨ। ਧਰਮਵੀਰ ਸਿੰਘ ਦੀ 60 ਸਾਲ ਦੀ ਪਤਨੀ ਰਾਮੇਸਰੀ ਦੂਜਿਆਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਹਨ। ਉਨ੍ਹਾਂ ਦੇ 3 ਬੇਟੇ ਹਨ, ਉਹ ਵੀ ਮਜ਼ਦੂਰੀ ਦਾ ਕੰਮ ਕਰਦੇ ਹਨ, ਪਰ ਹੁਣ ਉਹ ਧਰਮਵੀਰ ਦੇ ਪਰਿਵਾਰ ਦੇ ਨਾਲ ਨਹੀਂ ਰਹਿੰਦੇ। ਕਰੀਬ ਦੋ ਮਹੀਨੇ ਤੋਂ ਜੇਲ੍ਹ ਵਿੱਚ ਬੰਦ ਛੋਟਾ ਬੇਟਾ ਸਚਿਨ ਹੀ ਹੁਣ ਉਨ੍ਹਾਂ ਦੇ ਪਰਿਵਾਰ ਦੇ ਨਾਲ ਰਹਿੰਦਾ ਹੈ।
 
62 ਸਾਲ ਦੇ ਧਰਮਵੀਰ ਨੇ ਦੱਸਿਆ, ''ਮੇਰਾ ਬੇਟਾ ਕੋਚਿੰਗ ਲਈ ਮਾਸਟਰ ਜੀ ਦੇ ਕੋਲ ਗਿਆ ਸੀ। ਉਸੇ ਸਮੇਂ ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਅਸੀਂ ਕੀ ਕਰੀਏ? ਇਸ ਵਿੱਚ ਗਲਤੀ ਜਾਤੀ ਵਿਵਸਥਾ ਦੀ ਹੈ। ਪੁਲਸ ਨੇ ਜਾਟਵ ਹੈ ਜਾਂ ਚਮਾਰ ਹੈ, ਇਹ ਕਹਿ ਕੇ ਸਾਡੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ। ਹੁਣ ਦੱਸੋ 15 ਸਾਲ ਦਾ ਬੱਚਾ ਕੀ ਮੁਲਜ਼ਮ ਹੁੰਦਾ ਹੈ?'' ਉਹ ਅੱਗੇ ਕਹਿੰਦੇ ਹਨ, ''ਮੇਰੇ ਬੇਟੇ ਨੂੰ ਸਿਰਫ ਦਲਿਤ ਹੋਣ ਦੀ ਇੰਨੀ ਵੱਡੀ ਸਜ਼ਾ ਮਿਲ ਰਹੀ ਹੈ। ਸਾਡੇ ਘਰ ਦੀ ਕਮਾਈ 3 ਤੋਂ 4 ਹਜ਼ਾਰ ਰੁਪਏ ਮਹੀਨਾ ਹੈ। ਸੋਚਿਆ ਸੀ ਕਿ ਬੇਟੇ ਨੂੰ ਪੜ੍ਹਾ ਲਵਾਂਗੇ ਤਾਂ ਪਰਿਵਾਰ ਦੀ ਕਿਸਮਤ ਬਦਲ ਜਾਵੇਗੀ, ਪਰ ਉਸ 'ਤੇ ਇੰਨੇ ਸਾਰੇ ਮਾਮਲੇ ਲੱਦ ਦਿੱਤੇ ਗਏ ਹਨ ਕਿ ਲਗਦਾ ਹੈ ਕਿ ਹੁਣ ਪੂਰੀ ਜ਼ਿੰਦਗੀ ਇਸੇ ਵਿੱਚ ਉਲਝ ਕਰ ਰਹਿ ਜਾਵੇਗੀ।'' 
 
ਸੈਕੰਡਰੀ ਐਜੂਕੇਸ਼ਨ ਕੌਂਸਲ, ਉੱਤਰ ਪ੍ਰਦੇਸ਼ ਦੇ ਸਰਟੀਫਿਕੇਟ ਤੇ ਆਧਾਰ ਕਾਰਡ ਦੇ ਮੁਤਾਬਕ, ਸਚਿਨ ਦੀ ਜਨਮ ਤਾਰੀਖ 25 ਅਗਸਤ, 2013 ਹੈ, ਪਰ ਰਿਮਾਂਡ ਸ਼ੀਟ ਵਿੱਚ ਪੁਲਸ ਨੇ ਉਸ ਦੀ ਉਮਰ 20 ਸਾਲ ਲਿਖੀ ਹੈ। ਸਚਿਨ ਬਾਲਿਗ ਮੁਲਜ਼ਮਾਂ ਵਾਂਗ ਮੇਰਠ ਜੇਲ੍ਹ ਵਿੱਚ ਪਿਛਲੇ 2 ਮਹੀਨੇ ਤੋਂ ਬੰਦ ਹੈ। ਪਰਿਵਾਰ ਨੇ ਦੱਸਿਆ ਕਿ ਸਕੂਲ ਤੇ ਪਰਿਵਾਰ ਦੇ ਬਿਆਨ ਅਤੇ ਸਾਰੇ ਸਬੂਤਾਂ ਨੂੰ ਦਿਖਾਉਣ ਤੋਂ ਬਾਅਦ ਵੀ ਉਸਨੂੰ ਅਜੇ ਤੱਕ ਨਾਬਾਲਿਗ ਐਲਾਨਿਆ ਨਹੀਂ ਗਿਆ ਹੈ। ਅਸੀਂ ਕਲੀਆਗੜੀ ਤੇ ਸਰਾਏਕਾਜ਼ੀ ਦੋਵੇਂ ਖੇਤਰਾਂ ਦੀ ਦਲਿਤ ਬਸਤੀਆਂ ਵਿੱਚ ਦੇਖਿਆ ਕਿ ਲੋਕ ਆਪਣੀਆਂ ਫਾਈਲਾਂ ਲੈ ਕੇ ਖੜੇ ਸਨ। ਉਸਨੇ ਪੁੱਛਿਆ ਤਾਂ ਇੱਕ ਹੀ ਆਵਾਜ਼ ਵਿੱਚ ਜਵਾਬ ਮਿਲਿਆ ਕਿ ਸਾਡੇ ਲੜਕੇ ਨੂੰ 2 ਅਪ੍ਰੈਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।
 
ਖੇਤਰ ਦੇ ਦਲਿਤ ਪਰਿਵਾਰਾਂ ਦੀ ਇਹੀ ਕਹਾਣੀ ਹੈ। ਕਿਸੇ ਦਾ ਬੇਟਾ ਤਾਂ ਕਿਸੇ ਦਾ ਭਰਾ, ਸਾਰੇ ਇੱਕ ਹੀ ਮਾਮਲੇ ਤਹਿਤ ਜੇਲ੍ਹ ਵਿੱਚ ਬੰਦ ਹਨ। ਸਰਾਏਕਾਜ਼ੀ ਦੀ ਰਹਿਣ ਵਾਲੀ 40 ਸਾਲ ਦੀ ਰੌਸ਼ਨੀ, ਚੱਲ ਨਹੀਂ ਸਕਦੀ ਹਨ। ਉਨ੍ਹਾਂ ਦਾ 14 ਸਾਲ ਦਾ ਬੇਟਾ ਅਜੈ 2 ਮਹੀਨੇ ਤੋਂ ਮੇਰਠ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਦੇ ਪਤੀ ਰਾਮਪਾਲ ਸਿਲਾਈ ਦਾ ਕੰਮ ਕਰਦੇ ਸਨ। 4 ਸਾਲ ਪਹਿਲਾਂ ਲੀਵਰ ਖਰਾਬ ਹੋਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਘਰ ਸਾਂਭਣ ਦੀ ਜ਼ਿੰਮੇਵਾਰੀ 17 ਸਾਲ ਦੀ ਬੇਟੀ 'ਤੇ ਹੈ, ਜੋ ਕਿ ਕ੍ਰਿਕਟ ਗੇਂਦ ਦੀ ਸਿਲਾਈ ਕਰਨ ਦਾ ਕੰਮ ਕਰਦੀ ਹੈ।
 
ਆਧਾਰ ਕਾਰਡ ਤੇ ਸਕੂਲ ਸਰਟੀਫਿਕੇਟ ਮੁਤਾਬਕ, ਅਜੈ ਦੀ ਜਨਮ ਦਾਰੀਖ 20 ਸਤੰਬਰ 2004 ਹੈ। ਇਸ ਹਿਸਾਬ ਨਾਲ ਉਹ ਨਾਬਾਲਿਗ ਹੈ। ਰੌਸ਼ਨੀ ਨੇ ਦੱਸਿਆ, ''ਅਜੈ ਪੰਜਵੀਂ ਕਲਾਸ ਵਿੱਚ ਪੜ੍ਹਦਾ ਹੈ ਤੇ ਸ਼ਾਮ ਨੂੰ ਸਕੂਲ ਤੋਂ ਆਉਣ ਤੋਂ ਬਾਅਦ ਖੇਡਣ ਦੌਰਾਨ ਪਾਏ ਜਾਣ ਵਾਲੇ ਲੋਅਰ ਬਣਾ ਕੇ ਪਰਿਵਾਰ ਦੀ ਆਰਥਿਕ ਤੌਰ 'ਤੇ ਮਦਦ ਵੀ ਕਰਦਾ ਹੈ। 2 ਅਪ੍ਰੈਲ ਨੂੰ ਅਸੀਂ ਅਜੈ ਨੂੰ ਦਵਾਈ ਲੈਣ ਭੇਜਿਆ ਸੀ, ਪਰ ਉਹ ਵਾਪਸ ਨਹੀਂ ਆਇਆ।''
 
ਰੌਸ਼ਨੀ ਕਹਿੰਦੇ ਹਨ, ''ਸਾਨੂੰ ਤਾਂ ਦੋ ਦਿਨ ਤੱਕ ਪਤਾ ਹੀ ਨਹੀਂ ਚੱਲਿਆ ਕਿ ਉਹ ਕਿੱਥੇ ਹੈ। ਬਾਅਦ ਵਿੱਚ ਪਤਾ ਲੱਗਾ ਕਿ ਉਸਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਫਸਰਵੀ ਸਹੀ ਜਾਣਕਾਰੀ ਨਹੀਂ ਦੇ ਰਹੇ ਸਨ। ਫਿਰ ਪਤਾ ਲੱਗਾ ਕਿ ਉਹ ਬੱਚਿਆਂ ਵਾਲੀ ਜੇਲ੍ਹ ਵਿੱਚ ਹੈ। ਅਸੀਂ ਮਿਲਣ ਗਏ ਤਾਂ ਉਸਨੇ ਮੈਨੂੰ ਕਿਹਾ, ਅੰਮਾ ਛੇਤੀ ਮੈਨੂੰ ਇੱਥੋਂ ਬਾਹਰ ਕੱਢੋ।'' ਰੌਸ਼ਨੀ ਕਹਿੰਦੇ ਹਨ, ''ਮੈਂ ਅਪਾਹਿਜ ਹਾਂ ਤੇ ਕਿਤੇ ਆ-ਜਾ ਨਹੀਂ ਸਕਦੀ। ਬੇਟੇ ਨੂੰ ਮਿਲਣ ਜੇਲ੍ਹ ਵੀ ਨਹੀਂ ਜਾ ਪਾਉਂਦੀ। ਸਾਡੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਅਜੈ ਨੇ ਜੇਲ੍ਹ ਵਿੱਚ ਦੱਸਿਆ ਕਿ ਪੁਲਸ ਨੇ ਪੁੱਛਿਆ, ਚਮਾਰ ਹੈ ਕੀ, ਹਾਂ ਕਹਿਣ 'ਤੇ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ।''
 
ਉਹ ਕਹਿੰਦੇ ਹਨ, ''ਮੇਰੇ ਪਤੀ ਵੀ ਨਹੀਂ ਹਨ। ਮੈਂ ਕਿੱਥੋਂ ਕਿਸਦੀ ਮਦਦ ਲਵਾਂ। ਸੁਣਿਆ ਹੈ ਅਜੈ ਖਿਲਾਫ 10 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਹੁਣ ਦੱਸੋ ਕਿ 12-14 ਸਾਲ ਦਾ ਬੱਚਾ ਇੰਨੇ ਸਾਰੇ ਅਪਰਾਧ ਕਰ ਸਕਦਾ ਹੈ? ਅਸੀਂ ਚਮਾਰ ਹਾਂ, ਇਸ ਲਈ ਇਹ ਸਭ ਹੋ ਰਿਹਾ ਹੈ।'' ਯੋਗੀ ਸਰਕਾਰ 'ਤੇ ਸਵਾਲ ਖੜਾ ਕਰਦੇ ਹੋਏ ਰੌਸ਼ਨੀ ਕਹਿੰਦੇ ਹਨ, ''ਯੋਗੀ ਸਰਕਾਰ ਚੰਗੀ ਨਹੀਂ ਹੈ। ਜੇਕਰ ਇਹ ਚੰਗੀ ਸਰਕਾਰ ਹੁੰਦੀ ਤਾਂ ਇੰਨੇ ਛੋਟੇ ਬੱਚੇ ਨੂੰ 2 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਕਰਕੇ ਨਹੀਂ ਰੱਖਿਆ ਜਾਂਦਾ। ਪਰਿਵਾਰ ਵਾਲੇ ਥਾਣੇ ਜਾਂਦੇ ਤਾਂ ਪੁਲਸ ਵਾਲੇ ਕਹਿੰਦੇ ਹਨ, ਭੱਜੋ, ਨਹੀਂ ਤਾਂ ਤੁਹਾਨੂੰ ਵੀ ਜੇਲ੍ਹ ਵਿੱਚ ਬੰਦ ਕਰ ਦਿਆਂਗੇ। ਅਫਸਰਾਂ ਨੂੰ ਮਿਲਣ ਜਾਂਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਉੱਪਰ ਤੋਂ ਆਦੇਸ਼ ਨਹੀਂ ਹੈ। ਮੇਰੀ ਉਮੀਦ ਖਤਮ ਹੋ ਚੁੱਕੀ ਹੈ ਕਿ ਯੋਗੀ ਸਰਕਾਰ ਵਿੱਚ ਸਾਨੂੰ ਨਿਆਂ ਨਹੀਂ ਮਿਲੇਗਾ।''
 
ਕਲੀਆਗੜ ਵਿੱਚ ਰਹਿਣ ਵਾਲੇ 35 ਸਾਲ ਦੇ ਸੁੰਦਰੀ ਕਹਿੰਦੇ ਹਨ ਕਿ ਉਨ੍ਹਾਂ ਦੇ 12 ਸਾਲ ਦੇ ਬੇਟੇ ਅਭਿਸ਼ੇਕ ਨੂੰ 2 ਅਪ੍ਰੈਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੇ ਪਤੀ ਨਾਨਕ ਚੰਦ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ 2 ਅਪ੍ਰੈਲ ਨੂੰ ਚੌਧਰੀ ਚਰਣ ਸਿੰਘ ਯੂਨੀਵਰਸਿਟੀ ਦੇ ਕੋਲ ਪਾਣੀ ਪੀਂਦੇ ਸਮੇਂ ਪੁਲਸ ਨੇ ਜਾਤ ਪੁੱਛ ਕੇ ਅਭਿਸ਼ੇਕ ਨੂੰ ਗ੍ਰਿਫਤਾਰ ਕਰ ਲਿਆ।
 
ਸੁੰਦਰੀ ਨੇ ਦੱਸਿਆ, ''ਮੇਰੇ ਬੇਟੇ ਨੂੰ ਬੱਚਿਆਂ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਸੋਮਵਾਰ ਨੂੰ ਮਿਲਣ ਦਿੱਤਾ ਜਾਂਦਾ ਹੈ। ਸ਼ੁਰੂਆਤ ਵਿੱਚ ਜਦੋਂ ਗ੍ਰਿਫਤਾਰੀ ਹੋਈ ਸੀ, ਉਦੋਂ ਜੇਲ੍ਹ ਵਿੱਚ ਕੁੱਟਮਾਰ ਵੀ ਹੁੰਦੀ ਸੀ। ਹੁਣ ਕੁੱਟਮਾਰ ਹੋਣੀ ਬੰਦ ਹੋ ਗਈ ਹੈ, ਪਰ ਫਿਰ ਵੀ ਬਿਨਾਂ ਕਿਸੇ ਅਪਰਾਧ ਦੇ 2 ਮਹੀਨੇ ਤੋਂ ਅਭਿਸ਼ੇਕ ਜੇਲ੍ਹ ਵਿੱਚ ਬੰਦ ਹੈ।'' ਸੁੰਦਰੀ ਕਹਿੰਦੇ ਹਨ, ''ਤੁਸੀਂ ਆਪ ਹੀ ਦੱਸੋ, ਇਹ ਕੋਈ ਉਮਰ ਹੈ ਜੇਲ੍ਹ ਵਿੱਚ ਜਾਣ ਦੀ। ਖੇਡਣ-ਖਾਣ ਦੀ ਉਮਰ ਵਿੱਚ ਬੱਚੇ ਜੇਲ੍ਹ ਵਿੱਚ ਹਨ। ਨਾ ਜ਼ਮਾਨਤ ਹੁੰਦੀ ਹੈ ਅਤੇ ਨਾ ਸਮਝ ਵਿੱਚ ਆਉਂਦਾ ਹੈ ਕਿ ਕਿਉਂ ਗ੍ਰਿਫਤਾਰ ਕੀਤਾ ਹੈ। ਬੇਟੇ ਨੇ ਦੱਸਿਆ ਕਿ ਪੁਲਸ ਨੇ ਗ੍ਰਿਫਤਾਰ ਕਰਦੇ ਹੋਏ ਪੁੱਛਿਆ ਕਿ ਕੀ ਤੂੰ ਚਮਾਰ ਹੈ? ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ।''
 
ਅਭਿਸ਼ੇਕ ਦੀ ਮਾਂ ਨੇ ਦੱਸਿਆ, ''ਜਾਟਵ ਸਮਾਜ ਦੇ ਬੱਚਿਆਂ ਨੂੰ ਚੁਣ-ਚੁਣ ਕੇ ਗ੍ਰਿਫਤਾਰ ਕੀਤਾ ਗਿਆ। ਉਹ ਚਾਹੁੰਦੇ ਹਨ ਕਿ ਇਹ ਬੱਚੇ ਜੇਲ੍ਹ ਵਿੱਚ ਸੜਨ ਜਾਂ ਜ਼ਿੰਦਗੀ ਭਰ ਕਚਿਹਰੀ ਦੇ ਚੱਕਰ ਕੱਟਣ, ਤਾਂਕਿ ਅੱਗੇ ਨਾ ਵਧ ਸਗਣ। ਇਹ ਸਰਕਾਰ ਦਲਿਤਾਂ ਦੇ ਨਾਲ ਗਲਤ ਕਰ ਰਹੀ ਹੈ। ਜੋ ਦੋਸ਼ੀ ਹੈ, ਉਸਨੂੰ ਜੇਲ੍ਹ ਵਿੱਚ ਪਾਓ, ਪਰ ਜਿਸਨੇ ਕੁਝ ਨਹੀਂ ਕੀਤਾ, ਉਸਨੂੰ ਕਿਉਂ ਜੇਲ੍ਹ ਵਿੱਚ ਪਾਉਂਦੇ ਹੋ?''
 
ਸੋਸ਼ਲ ਐਕਟੀਵਿਸਟ ਡਾ. ਸੁਸ਼ੀਲ ਗੌਤਮ ਕਹਿੰਦੇ ਹਨ, ''ਮੇਰਾ ਮੰਨਣਾ ਹੈ ਕਿ ਅਜਿਹਾ ਨਾ ਤਾਂ ਅੰਗ੍ਰੇਜ਼ ਕਰਦੇ ਸਨ ਅਤੇ ਨਾ ਹੀ ਰਾਜਾ-ਮਹਾਰਾਜਾ। ਬੱਚਿਆਂ 'ਤੇ ਇਸ ਤਰ੍ਹਾਂ ਮਾਮਲੇ ਲਗਾਏ ਹਨ, ਜਿਵੇਂ ਉਹ ਪੱਕੇ ਤੌਰ 'ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ। 2 ਅਪ੍ਰੈਲ ਦੀ ਹਿੰਸਾ ਵਿੱਚ ਉੱਚ ਜਾਤੀ ਦੇ ਲੋਕ ਸ਼ਾਮਲ ਹਨ ਅਤੇ ਪੁਲਸ ਨੇ ਉਨ੍ਹਾਂ ਨੂੰ ਮੌਕੇ ਤੋਂ ਗ੍ਰਿਫਤਾਰ ਵੀ ਕੀਤਾ ਸੀ, ਪਰ ਬਾਅਦ ਵਿੱਚ ਭਾਜਪਾ ਦੇ ਦਬਾਅ ਵਿੱਚ ਛੱਡ ਦਿੱਤਾ ਗਿਆ। ਉੱਚ ਜਾਤੀ ਦੇ ਲੋਕਾਂ ਨੂੰ ਛੱਡ ਦੇਣਾ ਅਤੇ ਦਲਿਤ ਬੱਚਿਆਂ ਨੂੰ 2 ਮਹੀਨੇ ਤੋਂ ਜੇਲ੍ਹ ਵਿੱਚ ਰੱਖਣਾ, ਅਸਲ ਵਿੱਚ ਇਹ ਪ੍ਰਸ਼ਾਸਨ ਦਾ ਦੋਹਰਾ ਚਰਿੱਤਰ ਹੈ। ਇਹ ਸਾਰੇ ਕੰਮ ਦਲਿਤਾਂ ਦੇ ਸਮਾਜਿਕ ਤੇ ਰਾਜਨੀਤਕ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਹੈ।''
 
ਸੋਸ਼ਲ ਐਕਟੀਵਿਸਟ ਸੁਸ਼ੀਲ ਗੌਤਮ ਮੁਤਾਬਕ, ''ਦਲਿਤਾਂ ਤੇ ਉਨ੍ਹਾਂ ਦੇ ਨੇਤਾਵਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਇਆ ਜਾ ਰਿਹਾ ਹੈ, ਤਾਂਕਿ ਉਹ ਆਪਣੀ ਤਕਦੀਰ ਦਾ ਨਿਰਮਾਣ ਖੁਦ ਨਾ ਕਰ ਸਕਣ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਟੀ ਸ਼ਰਟ ਪਾਉਣ ਵਾਲੇ ਲੋਕਾਂ ਨੂੰ ਬਿਨਾਂ ਜਾਤ ਪੁੱਛੇ ਗ੍ਰਿਫਤਾਰ ਕੀਤਾ ਗਿਆ। ਮਤਲਬ, ਯੋਗੀ ਦੀ ਪੁਲਸ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਲੈ ਕੇ ਕਿੰਨੀ ਨਫਰਤ ਭਰ ਦਿੱਤੀ ਗਈ ਹੈ।''
 
ਦੂਜੇ ਪਾਸੇ, ਜਦੋਂ ਇਸ ਬਾਰੇ ਮੇਰਠ ਦੇ ਐੱਸਪੀ (ਕ੍ਰਾਈਮ) ਸ਼ਿਵਰਾਮ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜੋ ਗ੍ਰਿਫਤਾਰੀਆਂ ਹੋਈਆਂ ਹਨ, ਉਹ ਸਭ ਪਹਿਲਾਂ ਤੋਂ ਬਣਾਈ ਐੱਸਆਈਟੀ ਵੱਲੋਂ ਕੀਤੀਆਂ ਗਈਆਂ ਹਨ। ਹੁਣ ਇਸ ਮਾਮਲੇ ਦੀ ਜਾਂਚ ਮੈਂ ਕਰ ਰਿਹਾ ਹਾਂ। ਜਿਵੇਂ-ਜਿਵੇਂ ਜਾਂਚ ਪੂਰੀ ਹੋਵੇਗੀ, ਤੱਥ ਸਾਰਿਆਂ ਸਾਹਮਣੇ ਆਉਂਦੇ ਜਾਣਗੇ।
 
ਨਾਬਾਲਿਗ ਬੱਚਿਆਂ 'ਤੇ ਵੀ ਅਪਰਾਧਿਕ ਸਾਜ਼ਿਸ਼ ਤੇ ਹੱਤਿਆ ਦੀ ਕੋਸ਼ਿਸ਼ ਵਰਗੇ ਮਾਮਲੇ ਦਰਜ ਕੀਤੇ ਜਾਣ 'ਤੇ ਉਹ ਕਹਿੰਦੇ ਹਨ, ''ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜੇਕਰ ਕੋਈ ਨਿਰਦੋਸ਼ ਹੋਵੇਗਾ ਜਾਂ ਕਿਸੇ ਦੀ ਗਲਤ ਗ੍ਰਿਫਤਾਰੀ ਹੋਈ ਹੋਵੇਗੀ, ਤਾਂ ਇਸਨੂੰ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਅਦਾਲਤ ਉਸ 'ਤੇ ਯੋਗ ਫੈਸਲਾ ਲਵੇਗੀ। ਸਾਨੂੰ ਜੋ ਵੀ ਆਪਣੇ ਨਿਰਦੋਸ਼ ਹੋਣ ਦਾ ਸਬੂਤ ਦੇਵੇਗਾ, ਅਸੀਂ ਉਹੀ ਰਿਪੋਰਟ ਅਦਾਲਤ ਨੂੰ ਸੌਂਪਾਂਗੇ। ਜ਼ਮਾਨਤ ਦੇਣਾ ਜਾਂ ਬਰੀ ਕਰਨ ਦਾ ਕੰਮ ਅਦਾਲਤ ਦਾ ਹੈ। ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਾਂਗੇ। ਦੋਸ਼ੀ ਨੂੰ ਸਜ਼ਾ ਮਿਲੇਗੀ ਅਤੇ ਨਿਰਦੋਸ਼ ਨੂੰ ਨਿਆਂ।''

ਬੱਚਿਆਂ 'ਤੇ ਲਗਾ ਦਿੱਤੀਆਂ ਹੱਤਿਆ ਦੀ ਕੋਸ਼ਿਸ਼, ਦੰਗੇ, ਡਕੈਤੀ ਦੀਆਂ ਧਾਰਾਵਾਂ
ਤਿੰਨੋ ਦਲਿਤ ਬੱਚਿਆਂ (ਸਚਿਨ, ਅਜੈ, ਅਭਿਸ਼ੇਕ) ਦੇ ਆਧਾਰ ਕਾਰਡ ਦੇ ਹਿਸਾਬ ਨਾਲ ਉਹ ਨਾਬਾਲਿਗ ਹਨ। ਐੱਫਆਈਆਰ ਦਰਜ ਕਰਦੇ ਸਮੇਂ ਪੁਲਸ ਨੇ ਇੱਕ ਹੀ ਤਰ੍ਹਾਂ ਦੇ ਮਾਮਲੇ ਸਾਰਿਆਂ 'ਤੇ ਲਗਾਏ ਹਨ। ਬੇਸ਼ੱਕ ਉਹ ਨਾਬਾਲਿਗ ਹੋਣ ਜਾਂ ਬਾਲਿਗ। ਹੋਰ ਲੋਕਾਂ ਤੋਂ ਇਲਾਵਾ ਇਨ੍ਹਾਂ ਤਿੰਨੋ ਬੱਚਿਆਂ 'ਤੇ ਵੀ 15 ਮਾਮਲੇ ਦਰਜ ਕੀਤੇ ਗਏ ਹਨ।
 
ਆਈਪੀਸੀ ਦੀ ਧਾਰਾ 147, ਧਾਰਾ 148, ਧਾਰਾ 149 (ਦੰਗਾ), ਧਾਰਾ 332 (ਸਰਕਾਰੀ ਅਫਸਰ ਨੂੰ ਸੱਟ ਪਹੁੰਚਾਉਣਾ), ਧਾਰਾ 353, 336, 435, 307 (ਹੱਤਿਆ ਦੀ ਕੋਸ਼ਿਸ਼), ਧਾਰਾ 395 (ਡਕੈਤੀ), ਧਾਰਾ 504 (ਸ਼ਾਂਤੀ ਭੰਗ), ਧਾਰਾ 120ਬੀ (ਅਪਰਾਧਿਕ ਸਾਜ਼ਿਸ਼), ਧਾਰਾ 427 ਤੋਂ ਇਲਾਵਾ ਕਈ ਹੋਰ ਗੰਭੀਰ ਧਾਰਾਵਾਂ ਤਹਿਤ ਇਨ੍ਹਾਂ ਤਿੰਨ ਬੱਚਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਪੀੜਤ ਪਰਿਵਾਰਾਂ ਨੇ ਸਵਾਲ ਚੁੱਕਿਆ ਹੈ ਕਿ ਪੁਲਸ ਕਿਵੇਂ ਇੱਕੋ ਜਿਹੀਆਂ ਧਾਰਾਵਾਂ ਤਹਿਤ ਸਾਰਿਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ।
 
ਇਨ੍ਹਾਂ ਪਰਿਵਾਰ ਦੇ ਵਕੀਲ ਸਤੀਸ਼ ਕੁਮਾਰ ਦਾ ਕਹਿਣਾ ਹੈ, ''12 ਸਾਲ ਦੇ ਬੱਚਿਆਂ 'ਤੇ ਵੀ ਧਾਰਾ 129ਬੀ ਤੇ 307 ਲਗਾ ਦਿੱਤੀ ਗਈ ਹੈ। ਹੁਣ ਦੱਸੋ ਇੰਨੇ ਛੋਟੇ ਬੱਚੇ ਸਾਜ਼ਿਸ਼, ਡਕੈਤੀ ਤੇ ਹੱਤਿਆ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋ ਸਕਦੇ ਹਨ? ਇੱਕੋ ਧਾਰਾਵਾਂ ਸਾਰਿਆਂ 'ਤੇ ਲਗਾਉਣ ਤੋਂ ਪਤਾ ਚਲਦਾ ਹੈ ਕਿ ਪੁਲਸ ਨੇ ਬਿਨਾਂ ਤੱਥਾਂ ਤੇ ਜਾਂਚ ਦੇ ਜੋ ਵੀ ਦਲਿਤ ਸਮਾਜ ਨਾਲ ਸਬੰਧਤ ਦਿਖਾਈ ਦਿੱਤਾ, ਉਸ 'ਤੇ ਕੋਈ ਵੀ ਧਾਰਾ ਲਗਾ ਦਿੱਤੀ। ਪੁਲਸ ਦਾ ਕੰਮ ਹੈ ਕਿ ਜਾਂਚ ਕਰਦੇ ਅਤੇ ਪਤਾ ਲਗਾਉਂਦੇ ਕਿ ਕੌਣ-ਕੌਣ ਸ਼ਾਮਲ ਸੀ ਅਤੇ ਕਿਸਨੇ ਕੀ ਕੀਤਾ। ਬੱਸ ਦਲਿਤ ਦੇਖ ਕੇ ਸਾਰਿਆਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ।''

-ਧੰਨਵਾਦ ਸਹਿਤ ਪ੍ਰਸ਼ਾਂਤ ਕਨੌਜੀਆ
(ਰਿਪੋਰਟ ਦ ਵਾਇਰ ਲਈ)

Comments

Leave a Reply