Fri,Feb 22,2019 | 10:47:58am
HEADLINES:

Cultural

ਸੀਮਨ ਵਾਲੇ ਗੁਬਾਰੇ : ਨਾਮਰਦਪੁਣਾ ਦਿਖਾਉਂਦੇ 'ਮਰਦ'

ਸੀਮਨ ਵਾਲੇ ਗੁਬਾਰੇ : ਨਾਮਰਦਪੁਣਾ ਦਿਖਾਉਂਦੇ 'ਮਰਦ'

ਦਿੱਲੀ ਦੇ ਅਮਰ ਕਾਲੋਨੀ ਖੇਤਰ ਵਿੱਚ ਇੱਕ ਵਿਦਿਆਰਥਣ 'ਤੇ ਸੀਮਨ ਨਾਲ ਭਰਿਆ ਗੁਬਾਰਾ ਸੁੱਟਿਆ ਗਿਆ। ਜਦੋਂ ਇਸ ਘਟਨਾ ਨੂੰ ਉਸਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਤਾਂ ਹੋਲੀ ਅਤੇ ਹੁੱਲੜਬਾਜ਼ੀ ਦੀ ਇੱਕ ਘਿਣਾਉਣੀ ਤਸਵੀਰ ਸਾਹਮਣੇ ਆਈ। ਲੜਕੀਆਂ 'ਤੇ ਸੀਮਨ ਨਾਲ ਭਰੇ ਗੁੱਬਾਰੇ ਸੁੱਟਣ ਦਾ ਇਹ ਪਹਿਲਾ ਮਾਮਲਾ ਨਹੀਂ ਸੀ। ਘਟੀਆ ਮਾਨਸਿਕਤਾ ਦੇ ਲੋਕ ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਹਨ। 

ਦਿੱਲੀ 'ਚ ਸਿਰਫ ਸ਼੍ਰੀਰਾਮ ਹੀ ਨਹੀਂ, ਸਗੋਂ ਜੀਸਸ ਐਂਡ ਮੈਰੀ ਕਾਲਜ ਦੀ ਵਿਦਿਆਰਥਣ 'ਤੇ ਵੀ ਸੀਮਨ ਨਾਲ ਭਰੇ ਗੁਬਾਰੇ ਸੁੱਟੇ ਗਏ। ਵਿਦਿਆਰਥਣ ਬੱਸ ਸਟੈਂਡ 'ਤੇ ਆਪਣੀ ਬੱਸ ਦੀ ਉਡੀਕ ਕਰ ਰਹੀ ਸੀ ਕਿ ਉਸੇ ਸਮੇਂ ਕੁਝ ਲੜਕੇ ਆਏ ਅਤੇ ਉਸਦੀ ਛਾਤੀ 'ਤੇ ਗੁਬਾਰਾ ਸੁੱਟ ਕੇ ਚਲੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਉੱਥੇ ਮੌਜ਼ੂਦ ਲੋਕਾਂ ਨੇ ਵਿਦਿਆਰਥਣ ਨੂੰ ਦੇਖ ਕੇ ਕਿਹਾ, 'ਬੁਰਾ ਨਾ ਮਾਨੋ ਹੋਲੀ ਹੈ।' 

'ਬੁਰਾ ਨਾ ਮਾਨੋ ਹੋਲੀ ਹੈ', ਇਸੇ ਜੁਮਲੇ ਨਾਲ ਲੋਕ ਸਾਲਾਂ ਤੋਂ ਹੋਲੀ ਦੇ ਓਹਲੇ ਲੜਕੀਆਂ ਨੂੰ ਪਰੇਸ਼ਾਨ ਕਰਦੇ ਆ ਰਹੇ ਹਨ। ਹੋਲੀ ਹੈ ਤਾਂ ਮਾੜਾ ਨਾ ਮੰਨੋ, ਕਿਉਂਕਿ ਲੜਕੇ ਹਨ, ਗਲਤੀ ਹੋ ਜਾਂਦੀ ਹੈ। ਇਨ੍ਹਾਂ ਕੁਝ ਮਰਦਾਂ ਨੂੰ ਲਗਦਾ ਹੈ ਕਿ ਇਹ ਹੋਲੀ ਵਿੱਚ ਮਸਤੀ ਦਾ ਤਰੀਕਾ ਹੈ, ਪਰ ਹੋਲੀ ਦੇ ਬਹਾਨੇ 

ਇਹ ਮਰਦ ਮਸਤੀ ਨਹੀਂ ਕਰ ਰਹੇ, ਸਗੋਂ ਆਪਣਾ ਨਾਮਰਦਪੁਣਾ ਦਿਖਾ ਰਹੇ ਹਨ। ਲੜਕੀਆਂ 'ਤੇ ਸੁੱਟੇ ਗਏ ਸੀਮਨ ਦੇ ਗੁਬਾਰੇ ਲੋਕਾਂ ਦੀ ਘਟੀਆ ਸੋਚ ਦਿਖਾਉਂਦੇ ਹਨ। ਇਹ ਲੋਕ ਉਸ ਸੋਚ ਦਾ ਹਿੱਸਾ ਹਨ, ਜੋ ਇਹ ਸਮਝਦੇ ਹਨ ਕਿ ਮਹਿਲਾਵਾਂ ਸਿਰਫ ਚੀਜ਼ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਪੇਸ਼ ਆ ਸਕਦੇ ਹਨ। ਅਜਿਹਾ ਨਹੀਂ ਹੈ, ਨਾ ਮਹਿਲਾਵਾਂ ਚੀਜ਼ ਹਨ, ਨਾ ਕਿਸੇ ਨੂੰ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਨਾਲ ਪੇਸ਼ ਆਉਣ ਦਾ ਅਧਿਕਾਰ ਹੈ।

ਅਜੇ ਤੱਕ ਸਿਰਫ ਲੜਕੀਆਂ ਨੂੰ ਹੀ ਸਮਝਾ ਰਹੇ ਹਨ ਅਸੀਂ
ਹੋਲੀ ਆਉਂਦੇ ਹੀ ਇਨ੍ਹਾਂ ਮਰਦਾਂ ਦੀਆਂ ਘਟੀਆ ਹਰਕਤਾਂ ਸ਼ੁਰੂ ਹੋ ਜਾਂਦੀਆਂ ਹਨ। ਹੋਲੀ ਦੇ ਇੱਕ ਹਫਤੇ ਪਹਿਲਾਂ ਤੋਂ ਹੀ ਲੜਕੀਆਂ 'ਤੇ ਪਾਣੀ ਤੇ ਰੰਗਾਂ ਦੇ ਗੁਬਾਰੇ ਸੁੱਟੇ ਜਾਂਦੇ ਹਨ ਅਤੇ ਹੁਣ ਤਾਂ ਇਹ ਇਸ ਤੋਂ ਚਾਰ ਕਦਮ ਅੱਗੇ ਵਧ ਗਏ ਹਨ। ਹੁਣ ਹੋਲੀ ਤੋਂ ਪਹਿਲਾਂ ਲੜਕੀਆਂ 'ਤੇ ਪਾਣੀ ਦੇ ਨਹੀਂ, ਸਗੋਂ ਸੀਮਨ ਦੇ ਗੁਬਾਰੇ ਸੁੱਟੇ ਜਾ ਰਹੇ ਹਨ। ਮਤਲਬ, ਘਟੀਆਪਨ ਦੀ ਹੱਦ ਹੋ ਗਈ ਹੈ ਅਤੇ ਅਖੀਰ ਵਿੱਚ ਲੜਕੀਆਂ ਨੂੰ ਹੀ ਕਿਹਾ ਜਾਂਦਾ ਹੈ ਕਿ ਉਹ ਸੜਕ 'ਤੇ ਨਿਕਲਣ ਤੋਂ ਪਹਿਲਾਂ ਧਿਆਨ ਰੱਖਣ। ਜ਼ਰੂਰਤ ਨਾ ਹੋਵੇ ਤਾਂ ਨਾ ਹੀ ਨਿਕਲਣ। ਹੋਲੀ ਦੇ ਦਿਨ ਤਾਂ ਖਾਸ ਤੌਰ 'ਤੇ ਘਰਾਂ ਵਿੱਚ ਰਹਿਣ।

ਭਾਰਤ ਵਿੱਚ ਹਰ ਲੜਕੀ ਨੇ ਇਨ੍ਹਾਂ ਗੱਲਾਂ ਦਾ ਸਾਹਮਣਾ ਆਪਣੇ ਜੀਵਨ ਵਿੱਚ ਇੱਕ ਨਾ ਇੱਕ ਵਾਰ ਤਾਂ ਜ਼ਰੂਰ ਕੀਤਾ ਹੋਵੇਗਾ। ਬਚਪਨ ਵਿੱਚ ਜਿੱਥੇ ਲੜਕੀਆਂ ਹੋਲੀ ਦਾ ਇਹ ਤਿਊਹਾਰ ਮਸਤੀ ਨਾਲ ਮਨਾਉਂਦੀਆਂ ਹਨ, ਵੱਡੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਸਭ ਤੋਂ ਖਰਾਬ ਗੱਲ ਤਾਂ ਇਹ ਹੈ ਕਿ ਹੋਲੀ 'ਤੇ ਛੇੜਛਾੜ ਦੀਆਂ ਘਟਨਾਵਾਂ ਸਾਲਾਂ ਤੋਂ ਹੁੰਦੀਆਂ ਆ ਰਹੀਆਂ ਹਨ, ਪਰ ਉਦੋਂ ਵੀ ਅਸੀਂ ਸਿਰਫ ਲੜਕੀਆਂ ਨੂੰ ਸਾਵਧਾਨੀ ਵਰਤਣੀ ਸਿਖਾਈ। ਸ਼ਾਇਦ ਹੀ ਕਿਸੇ ਨੇ ਲੜਕਿਆਂ ਨੂੰ ਕਿਹਾ ਹੋਵੇਗਾ ਕਿ ਹੋਲੀ ਦਾ ਤਿਊਹਾਰ ਕਿਸੇ ਨੂੰ ਵੀ ਛੇੜਣ ਦਾ ਅਧਿਕਾਰ ਨਹੀਂ ਦਿੰਦਾ।

ਵਧਦੇ ਜਾ ਰਹੇ ਅਪਰਾਧ
ਦਿੱਲੀ ਵਿੱਚ ਲੜਕੀਆਂ ਖਿਲਾਫ ਅਪਰਾਧ ਰੋਜ਼ਾਨਾ ਵਧਦੇ ਜਾ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਦਿੱਲੀ ਵਿੱਚ ਇੱਕ ਬੱਸ ਵਿੱਚ ਇੱਕ ਵਿਅਕਤੀ ਲੜਕੀ ਨੂੰ ਦੇਖ ਕੇ ਮਾਸਟਰਬੈਟ ਕਰਨ ਲੱਗਾ। ਚੰਡੀਗੜ ਵਿੱਚ ਵੀ ਨਸ਼ੇ ਦੀ ਹਾਲਤ ਵਿੱਚ ਇਕ ਨੌਜਵਾਨ ਦੋ ਮਹਿਲਾ ਪੁਲਸ ਕਾਂਸਟੇਬਲ ਨੂੰ ਦੇਖ ਕੇ ਮਾਸਟਰਬੈਟ ਕਰ ਰਿਹਾ ਸੀ। ਇਹ ਘਟਨਾਵਾਂ ਕੁਝ ਮਰਦਾਂ ਦੀ ਘਟੀਆ ਸੋਚ ਦੀ ਨਿਸ਼ਾਨੀ ਹਨ। ਇਹ ਘਟਨਾਵਾਂ ਦਿਖਾਉਂਦੀਆਂ ਹਨ ਕਿ ਉਹ ਇਹ ਮੰਨ ਕੇ ਬੈਠੇ ਹਨ ਕਿ ਮਹਿਲਾਵਾਂ 'ਤੇ ਉਨ੍ਹਾਂ ਦਾ ਪੂਰਾ ਅਧਿਕਾਰ ਹੈ।  ਅਜਿਹੇ ਘਟੀਆ ਮਾਨਸਿਕਤਾ ਵਾਲੇ ਲੋਕ ਆਪਣੇ ਮਰਦਪੁਣੇ ਨੂੰ ਸਾਂਭ ਕੇ ਰੱਖਣ।

ਗੁਬਾਰਾ ਸੁੱਟਣ ਵਾਲੇ ਘਟੀਆ
ਦਿੱਲੀ ਯੂਨੀਵਰਸਿਟੀ ਦੀ ਲੜਕੀ 'ਤੇ ਸੀਮਨ ਨਾਲ ਭਰਿਆ ਗੁਬਾਰਾ ਸੁੱਟਣ ਦੇ ਮਾਮਲੇ ਵਿੱਚ ਜੀਸਸ ਐਂਡ ਮੈਰੀ ਕਾਲਜ ਦੇ ਵਿਦਿਆਰਥੀਆਂ ਤੇ ਟੀਚਰਾਂ ਨੇ 1 ਮਾਰਚ ਨੂੰ ਦਿੱਲੀ ਵਿਖੇ ਪੁਲਸ ਹੈਡਕੁਆਰਟਰ ਸਾਹਮਣੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੋਲੀ ਮੌਕੇ ਹੋਣ ਵਾਲੇ ਮਾੜੇ ਵਿਵਹਾਰ ਨੂੰ ਰੋਕਣ ਦੀ ਮੰਗ ਕੀਤੀ। ਪੀੜਤ ਲੜਕੀ ਨੇ ਇਸ ਮਾਮਲੇ ਵਿੱਚ ਕਿਹਾ ਕਿ ਉਹ ਘਟਨਾ ਤੋਂ ਬਾਅਦ ਸ਼ਰਮਿੰਦਾ ਨਹੀਂ ਹੈ, ਪਰ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ, ਉਹ ਬਹੁਤ ਹੀ ਘਟੀਆ ਸਨ।

ਲੜਕੀ ਨੇ ਸੋਸ਼ਲ ਮੀਡੀਆ 'ਤੇ ਲਿਖੀ ਪੋਸਟ ਵਿੱਚ ਕਿਹਾ ਕਿ ਉਹ ਆਪਣੇ ਦੋਸਤ ਦੇ ਨਾਲ ਅਮਰ ਕਾਲੋਨੀ ਵਿਖੇ ਇੱਕ ਕੈਫੇ ਵਿੱਚ ਗਈ ਹੋਈ ਸੀ, ਜਿੱਥੋਂ ਵਾਪਸ ਆਉਂਦੇ ਸਮੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਦੇ ਉੱਤੇ ਗੁਬਾਰਾ ਸੁੱਟਿਆ। ਗੁਬਾਰਾ ਫਟਣ ਨਾਲ ਕੱਪੜੇ ਗੰਦੇ ਹੋ ਗਏ। ਜਦੋਂ ਉਹ ਹਾਸਟਲ ਪਹੁੰਚੀ ਤਾਂ ਪਤਾ ਲੱਗਾ ਕਿ ਗੁਬਾਰੇ ਵਿੱਚ ਸੀਮਨ ਸੀ। ਇਸ ਘਟਨਾ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵਿੱਚ ਭਾਰੀ ਗੁੱਸਾ ਹੈ।
-ਅਕਾਂਸ਼ਾ ਸਿੰਘ

Comments

Leave a Reply