Thu,Jan 21,2021 | 01:34:35pm
HEADLINES:

Cultural

ਦਲਿਤਾਂ ਨੇ ਮੋਹਨ ਦਾਸ ਕਰਮਚੰਦ ਗਾਂਧੀ ਨੂੰ ਆਪਣਾ ਨੇਤਾ ਕਦੇ ਨਹੀਂ ਮੰਨਿਆ

ਦਲਿਤਾਂ ਨੇ ਮੋਹਨ ਦਾਸ ਕਰਮਚੰਦ ਗਾਂਧੀ ਨੂੰ ਆਪਣਾ ਨੇਤਾ ਕਦੇ ਨਹੀਂ ਮੰਨਿਆ

ਮੋਹਨ ਦਾਸ ਕਰਮਚੰਦ ਗਾਂਧੀ ਨੂੰ ਭਾਰਤ ਵਿੱਚ 'ਰਾਸ਼ਟਰ ਪਿਤਾ' ਦਾ ਦਰਜਾ ਦਿੱਤਾ ਗਿਆ ਹੈ। ਅਜਿਹੇ ਵਿੱਚ ਜੇਕਰ ਕਿਤੇ ਉਨ੍ਹਾਂ ਦੀ ਤਿੱਖੀ ਆਲੋਚਨਾ ਹੁੰਦੀ ਹੈ ਤਾਂ ਇਸ 'ਤੇ ਸਕਾਰਾਤਮਕ ਚਰਚਾ ਹੋਵੇਗੀ ਜਾਂ ਇਸਨੂੰ ਬਰਦਾਸ਼ਤ ਦੇ ਬਾਹਰ ਸਮਝਿਆ ਜਾਵੇਗਾ? ਹਾਲ ਹੀ ਵਿੱਚ ਦਲਿਤਾਂ ਤੇ ਗਾਂਧੀ ਦੀ ਇਮੇਜ ਨੂੰ ਦਿਖਾਉਂਦੀ ਮਲਿਆਲਮ ਭਾਸ਼ਾ ਵਿੱਚ ਬਣੀ ਇੱਕ ਫਿਲਮ 'ਪੈਪੀਲੋਨ ਬੁੱਧ' ਨੂੰ ਸੈਂਸਰ ਤੋਂ ਮਨਜ਼ੂਰੀ ਨਹੀਂ ਮਿਲ ਸਕੀ। 

ਸੈਂਸਰ ਬੋਰਡ ਦਾ ਕਹਿਣਾ ਹੈ, ''ਇਸ ਫਿਲਮ ਵਿੱਚ ਗਾਂਧੀ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਦੇ ਪੁਤਲੇ ਨੂੰ ਜੁੱਤਿਆਂ ਦੀ ਮਾਲਾ ਪਾਈ ਗਈ ਹੈ ਅਤੇ ਫਿਰ ਪੁਤਲੇ ਨੂੰ ਸਾੜਿਆ ਗਿਆ ਹੈ। ਇਸ ਤਰ੍ਹਾਂ ਦੇ ਚਰਿੱਤਰ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।'' ਦੂਜੇ ਪਾਸੇ ਫਿਲਮ ਦੇ ਡਾਇਰੈਕਟਰ ਚੈਰੀਅਨ ਦਾ ਕਹਿਣਾ ਹੈ, ਗਾਂਧੀ ਦੇ ਵਿਚਾਰਾਂ ਅਤੇ ਦਲਿਤਾਂ ਲਈ ਕੰਮ ਕਰ ਰਹੇ ਵਰਕਰਾਂ ਵਿਚਕਾਰ ਲੰਮੇ ਸਮੇਂ ਤੋਂ ਮਤਭੇਦ ਰਿਹਾ ਹੈ ਅਤੇ ਅਸੀਂ ਇਸੇ ਗੱਲ ਨੂੰ ਉਭਾਰਿਆ ਹੈ।

ਸਵਾਲ ਇਹ ਉੱਠਦਾ ਹੈ ਕਿ ਇਹ ਵਿਰੋਧ ਕਿਉਂ? ਦਲਿਤਾਂ ਨੂੰ 'ਹਰੀਜਨ', ਮਤਲਬ ਭਗਵਾਨ ਦੀ ਔਲਾਦ ਕਹਿਣ ਵਾਲੇ ਗਾਂਧੀ ਤੋਂ ਉਹੀ ਸਮਾਜ ਨਾਰਾਜ਼ ਕਿਉਂ ਹੈ? ਕਿਉਂ ਦਲਿਤਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਸਮਾਜ ਲਈ ਕੀਤੀਆਂ ਗਈਆਂ ਗਾਂਧੀ ਦੀਆਂ ਕੋਸ਼ਿਸ਼ਾਂ ਅਸਲ ਵਿੱਚ ਇਤਿਹਾਸਕ ਗਲਤੀਆਂ ਸਨ?

ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਭਾਰਤ ਦੀ ਰਾਜਨੀਤੀ ਵਿੱਚ ਦਲਿਤਾਂ ਲਈ ਰਾਖਵੀਆਂ ਸੀਟਾਂ ਦੀ ਮੌਜੂਦਾ ਪ੍ਰਣਾਲੀ ਪਿੱਛੇ ਸਾਲ 1932 ਵਿੱਚ ਮੋਹਨ ਦਾਸ ਕਰਮਚੰਦ ਗਾਂਧੀ ਵੱਲੋਂ ਕੀਤਾ ਗਿਆ ਮਰਣ ਵਰਤ ਹੈ, ਪਰ ਆਧੁਨਿਕ ਦੌਰ ਵਿੱਚ ਦਲਿਤ ਵਰਕਰ ਇਸਨੂੰ ਇੱਕ 'ਇਤਿਹਾਸਕ ਭੁੱਲ' ਦੱਸਦੇ ਹਨ। 

ਮੌਜੂਦਾ ਵਿਵਸਥਾ ਵਿੱਚ 'ਇੱਕ ਵਿਅਕਤੀ ਇੱਕ ਵੋਟ' ਤਹਿਤ ਸਾਰੇ ਨਾਗਰਿਕਾਂ ਨੂੰ ਆਪਣਾ ਨੁਮਾਇੰਦਾ ਚੁਣਨ ਦਾ ਅਧਿਕਾਰ ਹੈ। ਰਾਖਵੀਆਂ ਸੀਟਾਂ 'ਤੇ ਵੀ ਸਾਰੀਆਂ ਜਾਤਾਂ, ਧਰਮ ਤੇ ਵਿਚਾਰਧਾਰਾਵਾਂ ਨੂੰ ਮੰਨਣ ਵਾਲੇ ਆਪਣੀ ਵੋਟ ਦਿੰਦੇ ਹਨ। ਹਾਲਾਂਕਿ ਦਲਿਤ ਸਰੋਕਾਰਾਂ 'ਤੇ ਕਿਤਾਬਾਂ ਛਾਪਣ ਵਾਲੇ 'ਨਵਯਨ ਪ੍ਰਕਾਸ਼ਨ' ਦੇ ਐੱਸ ਆਨੰਦ ਮੁਤਾਬਕ, ਸੀਟਾਂ ਵਿੱਚ ਰਾਖਵੇਂਕਰਨ ਨਾਲ ਦਲਿਤਾਂ ਨੂੰ ਚੋਣ ਜਿੱਤਣ ਦਾ ਮੌਕਾ ਤਾਂ ਮਿਲਦਾ ਹੈ, ਪਰ ਵੋਟਰਾਂ ਵਿੱਚ ਦਲਿਤਾਂ ਦੀ ਗਿਣਤੀ ਘੱਟ ਹੋਣ ਕਾਰਨ ਉਹ ਹੀ ਦਲਿਤ ਆਗੂ ਚੁਣੇ ਜਾਂਦੇ ਹਨ, ਜੋ ਕਿ ਬਹੁ ਗਿਣਤੀਆਂ ਦੀ ਪਸੰਦ ਹਨ।

ਅਸਲ ਵਿੱਚ ਰਾਜਨੀਤੀ 'ਚ ਦਲਿਤਾਂ ਦੀ ਨੁਮਾਇੰਦਗੀ ਵਧਾਉਣ ਲਈ ਸਾਲ 1932 ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇੱਕ ਅਲੱਗ ਪ੍ਰਸਤਾਵ ਰੱਖਿਆ ਸੀ। ਇਸਦੇ ਤਹਿਤ ਸੀਟਾਂ ਵਿੱਚ ਰਾਖਵੇਂਕਰਨ ਦੀ ਜਗ੍ਹਾ ਦਲਿਤਾਂ ਨੂੰ ਆਪਣਾ ਨੁਮਾਇੰਦਾ ਅਲਗ ਤੋਂ ਚੁਣ ਕੇ (ਸੈਪਰੇਟ ਇਲੈਕਟੋਰੇਟ) ਭੇਜਣ ਦੀ ਵਿਵਸਥਾ ਕਰਨ ਦਾ ਪ੍ਰਸਤਾਵ ਸੀ, ਜਿਸਨੂੰ ਹਰੀ ਝੰਡੀ ਵੀ ਮਿਲ ਗਈ ਸੀ।

ਹਾਲਾਂਕਿ ਮੋਹਨ ਦਾਸ ਕਰਮਚੰਦ ਗਾਂਧੀ ਨੇ ਇਸਦਾ ਵਿਰੋਧ ਕਰਦੇ ਹੋਏ ਮਰਣ ਵਰਤ ਰੱਖਿਆ। ਆਖਰ ਉਨ੍ਹਾਂ ਦੀ ਗੱਲ ਮੰਨ ਲਈ ਗਈ। 
ਐੱਸ ਆਨੰਦ ਕਹਿੰਦੇ ਹਨ, ''ਗਾਂਧੀ ਜੇਕਰ ਵਿਰੋਧ ਨਾ ਕਰਦੇ ਅਤੇ ਅੰਬੇਡਕਰ ਦੇ ਪ੍ਰਸਤਾਵਿਤ ਰਾਹ ਨੂੰ ਸਵੀਕਾਰ ਕਰ ਲਿਆ ਜਾਂਦਾ ਤਾਂ ਦੋ ਦਹਾਕਿਆਂ ਵਿੱਚ ਇੱਕ ਮਜ਼ਬੂਤ ਤੇ ਸੱਚੀ ਦਲਿਤ ਲੀਡਰਸ਼ਿਪ ਉਭਰਦੀ, ਜੋ ਕਿ ਦਲਿਤਾਂ ਨਾਲ ਜੁੜੇ ਮੁੱਦਿਆਂ ਨੂੰ ਅੱਗੇ ਲੈ ਜਾਣ ਵਿੱਚ ਦਿਲਚਸਪੀ ਰੱਖਦੀ, ਪਰ ਅੱਜ ਦੀ ਸਥਿਤੀ ਵਿੱਚ ਰਾਖਵੀਆਂ ਸੀਟਾਂ 'ਤੇ ਉਹੀ ਲੋਕ ਚੁਣੇ ਜਾ ਰਹੇ ਹਨ, ਜਿਨ੍ਹਾਂ ਕੋਲ ਜ਼ਰੂਰੀ ਗਿਣਤੀ ਹੈ, ਆਪਣੇ ਸਮਾਜ ਨੂੰ ਲੈ ਕੇ ਵਚਨਬੱਧਤਾ ਨਹੀਂ।''

ਉਸੇ ਦੌਰ ਵਿੱਚ ਦਲਿਤ ਸਮਾਜ ਦੇ ਲੋਕਾਂ ਨੂੰ ਅਛੂਤ ਕਹਿ ਕੇ ਸੰਬੋਧਿਤ ਕਰਨ ਨੂੰ ਮੋਹਨ ਦਾਸ ਕਰਮਚੰਦ ਗਾਂਧੀ ਨੇ ਗਲਤ ਦੱਸਦੇ ਹੋਏ ਉਨ੍ਹਾਂ ਨੂੰ 'ਹਰੀਜਨ' ਮਤਲਬ ਭਗਵਾਨ ਦੀ ਔਲਾਦ ਕਹਿ ਕੇ ਸੰਬੋਧਿਤ ਕੀਤਾ। 'ਹਰੀਜਨ' ਨਾਂ ਨਾਲ ਉਨ੍ਹਾਂ ਨੇ ਤਿੰਨ ਪੱਤ੍ਰਿਕਾਵਾਂ ਵੀ ਕੱਢੀਆਂ। ਹਾਲਾਂਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪੋਤੀ ਰਮਾ ਦੇ ਪਤੀ ਅਤੇ ਦਲਿਤ ਐਕਟੀਵਿਸਟ ਆਨੰਦ ਤੇਲਤੁੰਬੜੇ ਮੁਤਾਬਕ, ਦਲਿਤਾਂ ਨੂੰ 'ਹਰੀਜਨ' ਕਹਾਉਣਾ ਬਰਦਾਸ਼ਤ ਨਹੀਂ ਹੈ ਅਤੇ ਉਹ ਉਸਨੂੰ 'ਗਾਲ੍ਹ' ਦੇ ਬਰਾਬਰ ਮੰਨਦੇ ਹਨ। ਇਸੇ ਲਈ 'ਹਰੀਜਨ' ਹੁਣ ਆਮ ਬੋਲਚਾਲ ਵਿੱਚ ਇਸਤੇਮਾਲ ਨਹੀਂ ਕੀਤਾ ਜਾਂਦਾ।

ਤੇਲਤੁੰਬੜੇ ਕਹਿੰਦੇ ਹਨ, ਸਿਰਫ ਨਾਂ ਬਦਲਣ ਨਾਲ ਕੁਝ ਨਹੀਂ ਹੁੰਦਾ। ਗਾਂਧੀ ਮੁਤਾਬਕ, 'ਹਰੀਜਨ', ਮਤਲਬ ਭਗਵਾਨ ਦੇ ਬੱਚੇ ਦਾ ਸੰਕੇਤਕ ਅਰਥ ਸੀ ਕਿ ਸਾਰੇ ਬਰਾਬਰ ਹਨ, ਪਰ ਜ਼ਮੀਨੀ ਸੱਚ ਕੁਝ ਹੋਰ ਸੀ। ਇਸੇ ਲਈ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰਾਂ ਨੇ ਵੀ ਇਸ ਸ਼ਬਦ ਦਾ ਵਿਰੋਧ ਕੀਤਾ। ਗਾਂਧੀ ਦੇ ਜੀਵਨ 'ਤੇ ਸੋਧ ਕਰਕੇ ਕਿਤਾਬਾਂ ਲਿਖ ਚੁੱਕੇ ਲਾਰਡ ਭੀਖੂ ਪਾਰੇਖ ਅਲੱਗ ਸੋਚ ਰੱਖਦੇ ਹਨ। 

ਉਨ੍ਹਾਂ ਦਾ ਕਹਿਣਾ ਹੈ ਕਿ ਗਾਂਧੀ ਦਾ ਮੰਨਣਾ ਸੀ ਕਿ ਕੋਈ ਵੀ ਕੰਮ ਮਾੜਾ ਨਹੀਂ ਹੈ, ਫਿਰ ਚਾਹੇ ਉਹ ਗੰਦਗੀ ਢੋਹਣ ਦਾ ਹੀ ਕਿਉਂ ਨਾ ਹੋਵੇ, ਇਸੇ ਲਈ ਉਨ੍ਹਾਂ ਨੇ ਖੁਦ ਇਹ ਕੰਮ ਕਰਨ ਵਰਗੇ ਸੰਕੇਤਕ ਕਦਮ ਚੁੱਕੇ। ਹਾਲਾਂਕਿ ਆਨੰਦ ਤੇਲਤੁੰਬੜੇ ਮੁਤਾਬਕ, ਦਲਿਤਾਂ ਦਾ ਜੀਵਨ ਉਨ੍ਹਾਂ ਦੀ ਜਾਤੀ ਨਾਲ ਜੁੜੇ ਕੰਮ ਦੇ ਜਾਲ 'ਚੋਂ ਨਿੱਕਲ ਨਹੀਂ ਪਾ ਰਿਹਾ ਸੀ। 

ਦਲਿਤਾਂ ਲਈ ਉੱਚ ਜਾਤੀਆਂ ਦੀ ਇਸ ਤਰ੍ਹਾਂ ਦੀ ਪਹਿਲ ਦਾ ਮਤਲਬ ਸੀ, ਦੁਖਦੇ ਜ਼ਖਮ 'ਤੇ ਸੱਟ ਮਾਰਨਾ, ਕਿਉਂਕਿ ਪੱਛੜੀਆਂ ਜਾਤਾਂ ਦੇ ਜੀਵਨ ਵਿੱਚ ਕੋਈ ਬਦਲਾਅ ਦੀ ਗੱਲ ਨਹੀਂ ਕੀਤੀ ਜਾ ਰਹੀ ਸੀ। ਦਲਿਤ ਅੰਦੋਲਨ 'ਤੇ ਲੰਮੇ ਸਮੇਂ ਤੋਂ ਭਾਰਤ ਵਿੱਚ ਕੰਮ ਕਰ ਰਹੇ ਅਮਰੀਕੀ ਮੂਲ ਦੇ ਗੇਲ ਓਮਵੇਡਟ ਮੁਤਾਬਕ, ਗਾਂਧੀ ਦਾ 'ਹਰੀਜਨ' ਸੰਬੋਧਨ ਅਤੇ ਬਾਅਦ ਵਿੱਚ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ 'ਹਰੀਜਨ ਸੇਵਕ ਸੰਘ' ਦਲਿਤਾਂ ਨੂੰ ਨਾਪਸੰਦ ਸੀ, ਕਿਉਂਕਿ ਉਹ ਇੱਕ ਉੱਚ ਜਾਤੀ ਦੀ ਮਦਦ ਨਾਲ ਦਲਿਤਾਂ ਦੀ ਹਾਲਤ ਸੁਧਾਰਨ ਦੀ ਸੋਚ ਨੂੰ ਦਿਖਾਉਂਦਾ ਸੀ, ਨਾ ਕਿ ਦਲਿਤਾਂ ਦੇ ਜੀਵਨ 'ਤੇ ਉਨ੍ਹਾਂ ਦੇ ਆਪਣੇ ਕੰਟਰੋਲ ਦੀ। ਗੇਲ ਕਹਿੰਦੇ ਹਨ, ਗਾਂਧੀ ਖੁਦ ਨੂੰ ਦਲਿਤਾਂ ਦਾ ਨੇਤਾ ਮੰਨਦੇ ਰਹੇ, ਇਸ ਸੋਚ ਦੇ ਨਾਲ ਕਿ ਦਲਿਤ ਹਿੰਦੂ ਸਮਾਜ ਦਾ ਹਿੱਸਾ ਹਨ, ਪਰ ਦਲਿਤਾਂ ਨੇ ਉਨ੍ਹਾਂ ਨੂੰ ਆਪਣਾ ਨੇਤਾ ਨਹੀਂ ਸਮਝਿਆ ਅਤੇ ਹਿੰਦੂਆਂ ਤੋਂ ਅਲੱਗ ਪਛਾਣ ਦੀ ਗੱਲ ਕਰਦੇ ਰਹੇ। 

ਕਿਤਾਬਾਂ ਵਿੱਚ ਗਾਂਧੀ, ਪਰ ਅੰਬੇਡਕਰ ਕਿਉਂ ਨਹੀਂ?
ਦਲਿਤ ਸਰੋਕਾਰਾਂ 'ਤੇ ਕਿਤਾਬਾਂ ਛਾਪਣ ਵਾਲੇ 'ਨਵਯਨ ਪ੍ਰਕਾਸ਼ਨ' ਦੇ ਐੱਸ ਆਨੰਦ ਧਿਆਨ ਦਿਵਾਉਂਦੇ ਹਨ ਕਿ ਇਤਿਹਾਸ ਵਿੱਚ ਜਿਹੋ ਜਿਹਾ ਦਰਜਾ ਗਾਂਧੀ ਨੂੰ ਪ੍ਰਾਪਤ ਹੈ, ਉਸਦੇ ਮੁਕਾਬਲੇ ਦਲਿਤ ਅੰਦੋਲਨ ਵਿੱਚ ਅੰਬੇਡਕਰ ਦੇ ਯੋਗਦਾਨ ਦਾ ਜ਼ਿਕਰ ਬਹੁਤ ਘੱਟ ਹੈ।

ਆਨੰਦ ਕਹਿੰਦੇ ਹਨ, ''ਭਾਰਤ ਦਾ ਹਰ ਬੱਚਾ ਗਾਂਧੀ ਦੀ ਜਨਮ ਤਾਰੀਖ, ਜਨਮ ਸਥਾਨ ਅਤੇ ਦਲਿਤਾਂ ਲਈ ਉਨ੍ਹਾਂ ਦੇ ਕੰਮ ਬਾਰੇ ਜਾਣਦਾ ਹੈ, ਪਰ ਅੰਬੇਡਕਰ ਬਾਰੇ ਦੇਸ਼ ਦੇ ਸਕੂਲਾਂ ਦੀਆਂ ਕਿਤਾਬਾਂ ਕਿੰਨਾ ਦੱਸਦੀਆਂ ਹਨ? ਸਗੋਂ ਉਨ੍ਹਾਂ ਦੇ ਸਮਾਰਕ ਵੀ ਪਿਛਲੇ ਦਹਾਕਿਆਂ ਵਿੱਚ ਹੀ ਬਣੇ, ਉਹ ਵੀ ਸਰਕਾਰ ਵੱਲੋਂ ਘੱਟ ਤੇ ਦਲਿਤਾਂ ਵੱਲੋਂ ਜ਼ਿਆਦਾ।''

ਅਸਲ ਵਿੱਚ ਆਉਣ ਵਾਲੇ ਇਤਿਹਾਸ ਦੀ ਸਮਝ ਮੌਜੂਦਾ ਪੀੜ੍ਹੀ, ਪਿਛਲੀ ਪੀੜ੍ਹੀ ਦੇ ਦੱਸੇ ਗਏ ਇਤਿਹਾਸ ਨੂੰ ਹੀ ਤੱਥ ਮੰਨ ਕੇ ਬਣਾਉਂਦੀ ਹੈ। ਇਹ ਤੁਹਾਡੇ 'ਤੇ ਨਿਰਭਰ ਹੈ ਕਿ ਮੌਜੂਦਾ ਚੰਗੀ ਸਮਝ ਵਿਕਸਿਤ ਕਰਨ ਲਈ ਤੁਸੀਂ ਇਤਿਹਾਸ ਦੇ ਕਿੰਨੇ ਵੱਖ-ਵੱਖ ਪਾਠਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ।
-ਧੰਨਵਾਦ ਸਮੇਤ ਬੀਬੀਸੀ

Comments

Leave a Reply