Wed,Mar 27,2019 | 12:42:41am
HEADLINES:

Cultural

ਦੇਸ਼ ਵਿੱਚ ਹਰ 15 ਮਿੰਟ 'ਚ ਇੱਕ ਦਲਿਤ ਖਿਲਾਫ ਹੁੰਦਾ ਹੈ ਅਪਰਾਧ

ਦੇਸ਼ ਵਿੱਚ ਹਰ 15 ਮਿੰਟ 'ਚ ਇੱਕ ਦਲਿਤ ਖਿਲਾਫ ਹੁੰਦਾ ਹੈ ਅਪਰਾਧ

ਸਮਾਜ ਵਿੱਚ ਹਮੇਸ਼ਾ ਹਾਸ਼ੀਏ 'ਤੇ ਰਹੇ ਦਲਿਤ ਸਮਾਜ ਨੂੰ ਪਿਛਲੇ 10 ਸਾਲਾਂ ਵਿੱਚ ਕਾਫੀ ਮਾੜੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ ਵੱਲੋਂ ਜਾਰੀ ਅੰਕੜੇ ਦੇਸ਼ ਵਿੱਚ ਦਲਿਤਾਂ ਦੀ ਸਮਾਜ ਵਿੱਚ ਸਥਿਤੀ ਬਾਰੇ ਦੱਸਦੇ ਹਨ। ਅੰਕੜਿਆਂ ਮੁਤਾਬਕ, ਪਿਛਲੇ ਚਾਰ ਸਾਲਾਂ ਵਿੱਚ ਦਲਿਤ ਵਿਰੋਧੀ ਹਿੰਸਾ ਦੇ ਮਾਮਲਿਆਂ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। 

2006 ਵਿੱਚ ਦਲਿਤਾਂ ਖਿਲਾਫ ਅਪਰਾਧਾਂ ਦੇ ਕੁੱਲ 27,070 ਮਾਮਲੇ ਸਾਹਮਣੇ ਆਏ, ਜੋ ਕਿ 2011 ਵਿੱਚ ਵਧ ਕੇ 33,719 ਹੋ ਗਏ। ਸਾਲ 2014 ਵਿੱਚ ਅਨੁਸੂਚਿਤ ਜਾਤੀ ਨਾਲ ਹੋਣ ਵਾਲੇ ਅਪਰਾਧਾਂ ਦੇ 40,401 ਮਾਮਲੇ, 2015 ਵਿੱਚ 38,670 ਮਾਮਲੇ ਅਤੇ 2016 ਵਿੱਚ 40,801 ਮਾਮਲੇ ਦਰਜ ਕੀਤੇ ਗਏ। ਐੱਨਸੀਆਰਬੀ ਦੇ ਅੰਕੜਿਆਂ ਮੁਤਾਬਕ, 10 ਸਾਲ ਵਿੱਚ ਦਲਿਤ ਮਹਿਲਾਵਾਂ ਨਾਲ ਬਲਾਤਕਾਰ ਦੇ ਮਾਮਲਿਆਂ ਵਿੱਚ ਦੁੱਗਣਾ ਵਾਧਾ ਹੋਇਆ।

ਰਿਪੋਰਟ ਮੁਤਾਬਕ, 2006 ਵਿੱਚ ਜਿੱਥੇ ਹਰੇਕ ਦਿਨ ਦਲਿਤ ਮਹਿਲਾਵਾਂ ਨਾਲ ਜਬਰ ਜਿਨਾਹ ਦੇ ਸਿਰਫ ਤਿੰਨ ਮਾਮਲੇ ਦਰਜ ਹੁੰਦੇ ਸਨ, ਉਹ 2016 ਵਿੱਚ ਵਧ ਕੇ 6 ਹੋ ਗਏ। ਐੱਨਸੀਆਰਬੀ ਦੇ ਅੰਕੜਿਆਂ ਮੁਤਾਬਕ, 2014 ਤੋਂ 2016 ਦੌਰਾਨ ਜਿਨ੍ਹਾਂ ਸੂਬਿਆਂ ਵਿੱਚ ਦਲਿਤ ਅੱਤਿਆਚਾਰ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਹੋਏ, ਉਨ੍ਹਾਂ ਸੂਬਿਆਂ ਵਿੱਚ ਜਾਂ ਤਾਂ ਭਾਜਪਾ ਦੀ ਸਰਕਾਰ ਹੈ ਜਾਂ ਫਿਰ ਉਸਦੇ ਸਹਿਯੋਗੀ ਦੀ।

ਗੱਲ ਕਰੀਏ ਦਲਿਤ ਅੱਤਿਆਚਾਰ ਵਿੱਚ ਸਭ ਤੋਂ ਅੱਗੇ ਰਹੇ ਸੂਬਿਆਂ ਦੀ ਤਾਂ ਮੱਧ ਪ੍ਰਦੇਸ਼ ਦਲਿਤ ਅੱਤਿਆਚਾਰ ਵਿੱਚ ਸਭ ਤੋਂ ਅੱਗੇ ਰਿਹਾ ਹੈ। 2014 ਵਿੱਚ ਸੂਬੇ ਦੇ ਅੰਦਰ ਦਲਿਤ ਅੱਤਿਆਚਾਰ ਦੇ 3,294 ਮਾਮਲੇ ਦਰਜ ਹੋਏ, ਜਿਨ੍ਹਾਂ ਦੀ ਗਿਣਤੀ 2015 ਵਿੱਚ ਵਧ ਕੇ 3,546 ਅਤੇ 2016 ਵਿੱਚ 4,922 ਤੱਕ ਜਾ ਪਹੁੰਚੀ। 

ਦੇਸ਼ ਵਿੱਚ ਦਲਿਤਾਂ 'ਤੇ ਅੱਤਿਆਚਾਰ ਦੇ ਕੁੱਲ ਫੀਸਦੀ ਵਿੱਚ ਮੱਧ ਪ੍ਰਦੇਸ਼ ਦਾ ਹਿੱਸਾ 12.1 ਫੀਸਦੀ ਰਿਹਾ। ਰਾਜਸਥਾਨ ਦਲਿਤਾਂ 'ਤੇ ਅੱਤਿਆਚਾਰ ਦੇ ਮਾਮਲਿਆਂ ਵਿੱਚ ਦੂਜੇ ਨੰਬਰ 'ਤੇ ਰਿਹਾ। ਹਾਲਾਂਕਿ ਇੱਥੇ ਦਲਿਤ ਅੱਤਿਆਚਾਰਾਂ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਸੂਬੇ ਵਿੱਚ 2014 ਵਿੱਚ ਦਲਿਤ ਅੱਤਿਆਚਾਰ ਦੇ 6,735 ਮਾਮਲੇ, 2015 ਵਿੱਚ 5911 ਮਾਮਲੇ ਅਤੇ 2016 ਵਿੱਚ 5136 ਮਾਮਲੇ ਦਰਜ ਹੋਏ।

ਇਸ ਤੋਂ ਬਾਅਦ ਬਿਹਾਰ, ਜਿੱਥੇ ਭਾਜਪਾ ਤੇ ਜੇਡੀਯੂ ਗੱਠਜੋੜ ਦੀ ਸਰਕਾਰ ਹੈ, ਉੱਥੇ 2016 ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ 'ਤੇ ਅੱਤਿਆਚਾਰ ਦੇ 5701 ਮਾਮਲੇ ਦਰਜ ਹੋਏ।

ਐੱਨਸੀਆਰਬੀ ਦੇ ਅੰਕੜਿਆਂ ਮੁਤਾਬਕ, ਇਸ ਤੋਂ ਬਾਅਦ ਨੰਬਰ ਗੁਜਰਾਤ ਦਾ ਹੈ, ਜਿੱਥੇ 2014 ਵਿੱਚ ਦਲਿਤ ਅੱਤਿਆਚਾਰ ਦੇ 1094 ਮਾਮਲੇ, 2015 ਵਿੱਚ 1010 ਮਾਮਲੇ ਅਤੇ 2016 ਵਿੱਚ 1322 ਮਾਮਲੇ ਦਰਜ ਕੀਤੇ ਗਏ। ਸਰਕਾਰੀ ਅੰਕੜਿਆਂ ਮੁਤਾਬਕ, ਸਾਲ 2016 ਵਿੱਚ ਅਨੁਸੂਚਿਤ ਜਾਤੀ 'ਤੇ ਹਮਲਿਆਂ ਦਾ ਰਾਸ਼ਟਰੀ ਔਸਤ ਜਿੱਥੇ 20.4 ਫੀਸਦੀ ਸੀ, ਉੱਥੇ ਗੁਜਰਾਤ ਦਾ ਹਿੱਸਾ 32.5 ਫੀਸਦੀ ਰਿਹਾ।

ਦੇਸ਼ ਵਿੱਚ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਵਿੱਚ ਦਲਿਤ ਅੱਤਿਆਚਾਰ ਦੇ ਵਧਦੇ ਮਾਮਲਿਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸਮਾਜਿਕ ਚਿੰਤਕ ਚੰਦਰ ਭਾਨ ਪ੍ਰਸਾਦ ਨੇ ਕਿਹਾ, ਇਸ ਵਿੱਚ ਸਰਕਾਰ ਦੀ ਗਲਤੀ ਨਹੀਂ ਹੈ। ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ, ਉੱਥੇ ਦੇ ਉੱਚੀ ਜਾਤੀ ਦੇ ਲੋਕਾਂ ਨੇ ਸਮਝ ਲਿਆ ਹੈ ਕਿ ਹੁਣ ਉਨ੍ਹਾਂ ਦੀ ਸਰਕਾਰ ਆ ਗਈ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਲੋਕਾਂ 'ਤੇ ਕਾਰਵਾਈ ਨਹੀਂ ਹੋ ਰਹੀ ਹੈ। ਸਾਲ 2016 ਵਿੱਚ ਅਨੁਸੂਚਿਤ ਜਾਤੀ 'ਤੇ ਹਮਲਿਆਂ ਦੇ ਮਾਮਲਿਆਂ ਵਿੱਚ ਉੱਤਰ ਪ੍ਰਦੇਸ਼ (10,426) ਟਾਪ 'ਤੇ ਰਿਹਾ। ਇੱਥੇ ਦਲਿਤ ਮਹਿਲਾਵਾਂ ਦੇ ਨਾਲ ਜਬਰ ਜਿਨਾਹ ਦੇ 1065 ਮਾਮਲੇ ਦਰਜ ਹੋਏ, ਜਿਸ ਵਿੱਚੋਂ ਇਕੱਲੇ ਲਖਨਊ ਵਿੱਚ 88 ਘਟਨਾਵਾਂ ਹੋਈਆਂ।

ਦਲਿਤਾਂ 'ਤੇ ਹਮਲੇ ਵਧਣਗੇ
ਚਿੰਤਕ ਚੰਦਰਭਾਨ ਨੇ ਅਮਰੀਕਾ ਵਿੱਚ ਕਾਲਿਆਂ ਦਾ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਅਮਰੀਕਾ ਵਿੱਚ 1618 ਵਿੱਚ ਗੁਲਾਮੀ ਦੀ ਸ਼ੁਰੂਆਤ ਹੋਈ ਅਤੇ 1 ਜਨਵਰੀ 1863 ਨੂੰ ਖਤਮ ਹੋਈ। ਜਦੋਂ ਕਾਲੇ ਲੋਕ ਇਸ ਗੁਲਾਮੀ ਤੋਂ ਆਜ਼ਾਦ ਹੋਏ ਤਾਂ ਉੱਥੇ ਕਾਲਿਆਂ ਦੇ ਨਾਲ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਸੜਕਾਂ 'ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਣ ਲੱਗੀ, ਉਨ੍ਹਾਂ ਉੱਪਰ ਅੱਤਿਆਚਾਰ ਕੀਤੇ ਜਾਣ ਲੱਗੇ। ਠੀਕ ਉਸੇ ਤਰ੍ਹਾਂ ਜਦੋਂ ਅੱਜ ਭਾਰਤ ਵਿੱਚ ਦਲਿਤ ਸਮਾਜ ਜਾਤੀਵਾਦ ਤੋਂ ਆਜ਼ਾਦ ਹੋ ਰਿਹਾ ਹੈ, ਤਾਂ ਉਨ੍ਹਾਂ 'ਤੇ ਹਮਲੇ ਹੋ ਰਹੇ ਹਨ।

ਪਹਿਲਾਂ ਦਲਿਤ ਜਵਾਬ ਦੇਣ ਤੋਂ ਬਚਦੇ ਸਨ, ਪਰ ਹੁਣ ਦਲਿਤ ਜਵਾਬ ਦੇ ਰਹੇ ਹਨ। ਇਸੇ ਕਾਰਨ ਉਨ੍ਹਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਹਮਲੇ ਹੋਰ ਵਧਣਗੇ।
(ਸਰੋਤ : ਯੂਐੱਚ) 

Comments

Leave a Reply