Sat,Jan 25,2020 | 01:31:28pm
HEADLINES:

Cultural

70 ਤੋਂ ਵੱਧ ਸੀਟਾਂ ਜਿੱਤ ਸਕਦਾ ਹੈ ਬਸਪਾ-ਸਪਾ ਗੱਠਜੋੜ

70 ਤੋਂ ਵੱਧ ਸੀਟਾਂ ਜਿੱਤ ਸਕਦਾ ਹੈ ਬਸਪਾ-ਸਪਾ ਗੱਠਜੋੜ

ਦੇਸ਼ ਦੇ ਸਭ ਤੋਂ ਜ਼ਿਆਦਾ ਲੋਕਸਭਾ ਸੀਟਾਂ (80) ਵਾਲੇ ਸੂਬੇ ਉੱਤਰ ਪ੍ਰਦੇਸ਼ ਵਿੱਚ ਬਸਪਾ-ਸਪਾ 'ਚ ਹੋਇਆ ਸਿਆਸੀ ਗੱਠਜੋੜ ਦੇਸ਼ ਦੀ ਸਿਆਸਤ ਬਦਲਣ ਵਾਲਾ ਸਾਬਿਤ ਹੋ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ 12 ਜਨਵਰੀ ਨੂੰ ਬਸਪਾ ਮੁਖੀ ਕੁਮਾਰੀ ਮਾਇਆਵਤੀ ਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਸੰਯੁਕਤ ਪ੍ਰੈੱਸ ਕਾਨਫਰੰਸ ਦੌਰਾਨ ਦੋਵੋਂ ਪਾਰਟੀਆਂ ਵੱਲੋਂ 38-38 ਲੋਕਸਭਾ ਸੀਟਾਂ 'ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ। 

ਬਸਪਾ ਤੇ ਸਪਾ ਕੁੱਲ 76 ਲੋਕਸਭਾ ਸੀਟਾਂ 'ਤੇ ਚੋਣ ਲੜਨਗੇ, ਜਦਕਿ 2 ਸੀਟਾਂ ਰਾਇਬਰੇਲੀ ਤੇ ਅਮੇਠੀ ਕਾਂਗਰਸ ਲਈ ਛੱਡੀਆਂ ਗਈਆਂ ਹਨ। ਬਾਕੀ 2 ਸੀਟਾਂ ਰਾਸ਼ਟਰੀ ਲੋਕ ਦਲ (ਆਰਐੱਲਡੀ) ਲਈ ਛੱਡੀਆਂ ਜਾ ਸਕਦੀਆਂ ਹਨ। 

ਦੋਵੇਂ ਪਾਰਟੀਆਂ ਵਿਚਕਾਰ ਹੋਇਆ ਗੱਠਜੋੜ ਸਿਆਸੀ ਨਜ਼ਰੀਏ ਨਾਲ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜੇਕਰ ਸਾਲ 2014 'ਚ ਹੋਈਆਂ ਲੋਕਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਇਸ ਸੂਬੇ 'ਚੋਂ ਭਾਰੀ ਗਿਣਤੀ 'ਚ ਸੀਟਾਂ ਮਿਲੀਆਂ ਸਨ। 71 ਲੋਕਸਭਾ ਸੀਟਾਂ 'ਤੇ ਭਾਜਪਾ ਤੇ 2 ਲੋਕਸਭਾ ਸੀਟਾਂ 'ਤੇ ਉਸਦੀ ਸਹਿਯੋਗੀ ਪਾਰਟੀ ਆਪਣਾ ਦਲ ਜੇਤੂ ਰਹੀ ਸੀ।

ਇਸ ਤਰ੍ਹਾਂ ਕੁੱਲ 73 ਸੀਟਾਂ 'ਤੇ ਭਾਜਪਾ ਗੱਠਜੋੜ ਜੇਤੂ ਰਿਹਾ ਸੀ, ਜਦਕਿ ਸਮਾਜਵਾਦੀ ਪਾਰਟੀ ਨੂੰ 5, ਕਾਂਗਰਸ ਨੂੰ 2 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਸੀ। ਬਸਪਾ ਕਿਸੇ ਵੀ ਸੀਟ 'ਤੇ ਜਿੱਤ ਨਹੀਂ ਸਕੀ ਸੀ।

ਉਸ ਸਮੇਂ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਖਿਲਾਫ ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਵਰਗੇ ਮੁੱਦਿਆਂ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਸੀ। ਭਾਜਪਾ ਨੇ ਇਨ੍ਹਾਂ ਮੁੱਦਿਆਂ ਨੂੰ ਜਮ ਕੇ ਭੁਨਾਇਆ। ਦੂਜੀ ਗੱਲ, ਜੋ ਕਿ ਬਸਪਾ ਮੁਖੀ ਕੁਮਾਰੀ ਮਾਇਆਵਤੀ ਵੱਲੋਂ ਕਹੀ ਗਈ ਕਿ ਈਵੀਐੱਮ ਨਾਲ ਛੇੜਛਾੜ ਕਰਕੇ ਭਾਜਪਾ ਨੇ ਇਹ ਜਿੱਤ ਪ੍ਰਾਪਤ ਕੀਤੀ ਸੀ। ਹਾਲਾਂਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।

2014 ਦੀਆਂ ਲੋਕਸਭਾ ਚੋਣਾਂ 'ਚ ਮੇਨਸਟ੍ਰੀਮ ਮੀਡੀਏ ਨੇ ਕਥਿਤ 'ਮੋਦੀ ਲਹਿਰ' ਦਾ ਵੀ ਜਮ ਕੇ ਪ੍ਰਚਾਰ ਕੀਤਾ ਸੀ। ਉਸ ਸਮੇਂ ਭਾਜਪਾ ਨੂੰ ਉੱਤਰ ਪ੍ਰਦੇਸ਼ 'ਚ ਕਰੀਬ 42 ਫੀਸਦੀ ਵੋਟਾਂ ਪਈਆਂ ਸਨ, ਜਿਸਦੇ ਦਮ 'ਤੇ ਉਸਦੇ ਗੱਠਜੋੜ ਨੇ 73 ਸੀਟਾਂ 'ਤੇ ਕਬਜ਼ਾ ਕੀਤਾ ਸੀ ਅਤੇ ਸੰਪੂਰਨ ਬਹੁਮਤ ਨਾਲ ਉਹ ਕੇਂਦਰ ਦੀ ਸੱਤਾ ਪ੍ਰਾਪਤ ਕਰਨ 'ਚ ਸਫਲ ਰਹੀ ਸੀ। 

ਉਹ ਚੋਣਾਂ ਬਸਪਾ ਤੇ ਸਪਾ ਨੇ ਅਲੱਗ-ਅਲੱਗ ਹੋ ਕੇ ਲੜੀਆਂ ਸਨ, ਜਿਨ੍ਹਾਂ 'ਚ ਸਪਾ ਨੂੰ 22 ਫੀਸਦੀ ਤੇ ਬਸਪਾ ਨੂੰ ਕਰੀਬ 20 ਫੀਸਦੀ ਵੋਟਾਂ ਮਿਲੀਆਂ ਸਨ। ਜੇਕਰ ਉਸ ਕਥਿਤ 'ਮੋਦੀ ਲਹਿਰ' ਦੇ ਦੌਰ ਵਿੱਚ ਇਨ੍ਹਾਂ ਦੋਵੇਂ ਪਾਰਟੀਆਂ ਦੇ ਵੋਟ ਫੀਸਦੀ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਲਗਭਗ ਭਾਜਪਾ ਦੇ ਵੋਟ ਫੀਸਦੀ ਦੇ ਬਰਾਬਰ ਬੈਠਦਾ ਹੈ। ਇਸ ਤਰ੍ਹਾਂ ਇਹ ਗੱਠਜੋੜ ਉਸ ਸਮੇਂ ਹੋਣ ਦੀ ਸਥਿਤੀ ਵਿੱਚ ਵੀ ਪ੍ਰਭਾਵਸ਼ਾਲੀ ਸਾਬਿਤ ਹੋ ਸਕਦਾ ਸੀ।

ਅੱਜ ਦੇ ਨਜ਼ਰੀਏ ਨਾਲ ਦੇਖੀਏ ਤਾਂ ਭਾਜਪਾ ਲਈ ਹਾਲਾਤ ਹੁਣ ਪਹਿਲਾਂ ਵਾਲੇ ਨਹੀਂ ਹਨ। ਭਾਜਪਾ ਭ੍ਰਿਸ਼ਟਾਚਾਰ, ਕਾਲੇ ਧਨ, ਮਹਿੰਗਾਈ, ਬੇਰੁਜ਼ਗਾਰੀ ਆਦਿ ਜਿਨ੍ਹਾਂ ਮੁੱਦਿਆਂ 'ਤੇ ਉਸ ਸਮੇਂ ਦੀ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰ ਰਹੀ ਸੀ, ਉਹੀ ਮੁੱਦਿਆਂ 'ਤੇ ਉਹ ਇਸ ਸਮੇਂ ਖੁਦ ਘਿਰੀ ਹੋਈ ਹੈ। 

ਜਨਹਿੱਤ ਦੇ ਮੁੱਦਿਆਂ 'ਤੇ ਅਸਫਲ ਰਹਿਣ ਕਾਰਨ ਮੋਦੀ ਸਰਕਾਰ ਖਿਲਾਫ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਖਾਸ ਤੌਰ 'ਤੇ ਉੱਤਰ ਪ੍ਰਦੇਸ਼ ਦੀ ਜਨਤਾ ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਯੋਗੀ ਸਰਕਾਰ ਦੋਨਾਂ ਤੋਂ ਦੁਖੀ ਨਜ਼ਰ ਆ ਰਹੀ ਹੈ। 
ਇਨ੍ਹਾਂ ਬਦਲੇ ਹੋਏ ਰਾਜਨੀਤਕ ਸਮੀਕਰਨਾਂ ਨੂੰ ਅਸੀਂ ਪਿਛਲੇ ਸਾਲ 2018 'ਚ ਯੂਪੀ 'ਚ ਹੋਈਆਂ ਲੋਕਸਭਾ ਉਪ ਚੋਣਾਂ ਦੇ ਨਤੀਜਿਆਂ ਵਿੱਚ ਦੇਖ ਸਕਦੇ ਹਾਂ। ਸਾਲ 2014 ਦੀਆਂ ਲੋਕਸਭਾ ਚੋਣਾਂ ਵਿੱਚ ਭਾਜਪਾ ਨੇ ਗੋਰਖਪੁਰ, ਫੂਲਪੁਰ ਤੇ ਕੈਰਾਨਾ ਲੋਕਸਭਾ ਸੀਟਾਂ ਭਾਰੀ ਵੋਟਾਂ ਦੇ ਫਰਕ ਨਾਲ ਜਿੱਤੀਆਂ ਸਨ। 

ਗੋਰਖਪੁਰ ਤੋਂ ਭਾਜਪਾ ਦੇ ਯੋਗੀ ਆਦਿਤਯਨਾਥ (ਇਸ ਸਮੇਂ ਮੁੱਖ ਮੰਤਰੀ ਯੂਪੀ) ਨੇ 5,39,127 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਸੀ, ਜਦਕਿ ਸਮਾਜਵਾਦੀ ਪਾਰਟੀ ਉਮੀਦਵਾਰ ਰਾਜਮਤੀ ਨਿਸ਼ਾਦ ਨੂੰ 2,26,344 ਤੇ ਬਹੁਜਨ ਸਮਾਜ ਪਾਰਟੀ ਦੇ ਰਾਮ ਭੂਅਲ ਨਿਸ਼ਾਦ ਨੂੰ 1,76,412 ਵੋਟਾਂ ਮਿਲੀਆਂ ਸਨ। 

ਇਸੇ ਤਰ੍ਹਾਂ ਫੂਲਪੁਰ ਲੋਕਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੇਸ਼ਵ ਪ੍ਰਸਾਦ ਮੌਰਯ (ਇਸ ਸਮੇਂ ਡਿਪਟੀ ਸੀਐੱਮ ਯੂਪੀ) ਨੇ 5,03,564 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਸੀ। ਇੱਥੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਧਰਮ ਰਾਜ ਸਿੰਘ ਨੂੰ 1,95,256 ਵੋਟਾਂ ਤੇ ਬਸਪਾ ਦੇ ਕਪਿਲ ਮੁਨੀ ਨੂੰ 1,63,710 ਵੋਟਾਂ ਮਿਲੀਆਂ ਸਨ। 

ਕੈਰਾਨਾ ਲੋਕਸਭਾ ਸੀਟ ਦੀ ਗੱਲ ਕਰੀਏ ਤਾਂ ਸਾਲ 2014 ਦੀਆਂ ਲੋਕਸਭਾ ਚੋਣਾਂ 'ਚ ਇੱਥੋਂ ਭਾਜਪਾ ਦੇ ਹੁਕਮ ਸਿੰਘ ਨੇ 5,65,909 ਵੋਟਾਂ ਪ੍ਰਾਪਤ ਕਰਕੇ ਇੱਥੋਂ ਵੱਡੀ ਜਿੱਤ ਹਾਸਲ ਕੀਤੀ ਸੀ। ਇੱਥੇ ਸਮਾਜਵਾਦੀ ਪਾਰਟੀ ਦੇ ਨਿਸ਼ਾਦ ਹਸਨ ਨੂੰ 3,29,081 ਵੋਟਾਂ ਤੇ ਬਸਪਾ ਉਮੀਦਵਾਰ ਕੰਵਰ ਹਸਨ ਨੂੰ 1,60,414 ਵੋਟਾਂ ਮਿਲੀਆਂ ਸਨ। 

ਇਹ ਉਹ ਸੀਟਾਂ ਸਨ, ਜਿੱਥੇ ਭਾਜਪਾ ਦਾ ਪ੍ਰਭਾਵ ਕਾਫੀ ਦੱਸਿਆ ਗਿਆ ਤੇ ਇੱਥੋਂ ਉਸਨੂੰ ਵੱਡੀ ਲੀਡ ਮਿਲੀ। ਪਿਛਲੇ ਸਾਲ 2018 'ਚ ਇਨ੍ਹਾਂ ਤਿੰਨ ਲੋਕਸਭਾ ਸੀਟਾਂ 'ਤੇ ਜਦੋਂ ਉਪ ਚੋਣਾਂ ਹੋਈਆਂ ਤਾਂ ਭਾਜਪਾ ਇਹ ਸਾਰੀਆਂ ਸੀਟਾਂ ਹਾਰ ਗਈ। ਪਿਛਲੀਆਂ ਚੋਣਾਂ 'ਚ ਬਸਪਾ ਨੇ ਫੂਲਪੁਰ ਤੇ ਗੋਰਖਪੁਰ 'ਚ ਸਮਾਜਵਾਦੀ ਪਾਰਟੀ ਤੇ ਕੈਰਾਨਾ ਸੀਟ 'ਤੇ ਰਾਸ਼ਟਰੀ ਲੋਕ ਦਲ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਸੀ। ਬਸਪਾ ਤੇ ਸਪਾ ਦੇ ਇਕੱਠੇ ਹੋਣ ਨਾਲ ਭਾਜਪਾ ਆਪਣੀਆਂ ਸਭ ਤੋਂ ਪ੍ਰਭਾਵਸ਼ਾਲੀ ਸੀਟਾਂ ਵੀ ਬਚਾ ਨਹੀਂ ਸਕੀ। 

ਇਹ ਸਮੀਕਰਨ ਸਾਫ ਕਰ ਰਹੇ ਹਨ ਕਿ ਬਸਪਾ ਤੇ ਸਪਾ ਦੇ ਇਕੱਠੇ ਹੋ ਕੇ ਚੋਣਾਂ ਲੜਨ ਦੀ ਸਥਿਤੀ ਵਿੱਚ ਭਾਜਪਾ ਲਈ 2-4 ਸੀਟਾਂ ਨੂੰ ਛੱਡ ਕੇ ਬਾਕੀ ਜਗ੍ਹਾ ਜਿੱਤ ਪ੍ਰਾਪਤ ਕਰਨਾ ਮੁਸ਼ਕਿਲ ਹੋ ਜਾਵੇਗਾ। ਸਿਆਸੀ ਮਾਹਿਰਾਂ ਮੁਤਾਬਕ, ਬਸਪਾ-ਸਪਾ ਦਾ ਗੱਠਜੋੜ ਸਾਰੀਆਂ 78 ਸੀਟਾਂ (2 ਸੀਟਾਂ ਕਾਂਗਰਸ ਲਈ ਛੱਡੀਆਂ ਹਨ) 'ਤੇ ਆਪਣਾ ਡੂੰਘਾ ਅਸਰ ਦਿਖਾ ਸਕਦਾ ਹੈ ਤੇ 70 ਤੋਂ ਵੱਧ ਲੋਕਸਭਾ ਸੀਟਾਂ ਜਿੱਤਣ 'ਚ ਸਫਲ ਹੋ ਸਕਦਾ ਹੈ।

ਬਸਪਾ ਤੇ ਸਪਾ ਦੇ ਇਸ ਸਿਆਸੀ ਗੱਠਜੋੜ ਦੀ ਤਾਕਤ ਇੰਨੀ ਹੈ ਕਿ ਜਿੱਥੇ ਬਿਹਾਰ, ਛੱਤੀਸਗੜ, ਪੱਛਮੀ ਬੰਗਾਲ, ਪੰਜਾਬ, ਕਰਨਾਟਕ 'ਚੋਂ ਇਨ੍ਹਾਂ ਦੋਵੇਂ ਪਾਰਟੀਆਂ ਦੇ ਨੇਤਾਵਾਂ ਨੂੰ ਵਧਾਈਆਂ ਮਿਲ ਰਹੀਆਂ ਹਨ, ਉੱਥੇ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਚਿੰਤਾ ਵਿੱਚ ਡੁੱਬੀ ਨਜ਼ਰ ਆ ਰਹੀ ਹੈ। ਦਿੱਲੀ ਵਿੱਚ ਹੋਈ ਭਾਜਪਾ ਦੀ ਰਾਸ਼ਟਰੀ ਕਨਵੈਂਸ਼ਨ ਦੌਰਾਨ ਵੀ ਬਸਪਾ-ਸਪਾ ਦੇ ਸਿਆਸੀ ਗੱਠਜੋੜ ਦਾ ਮੁੱਦਾ ਛਾਇਆ ਰਿਹਾ। ਭਾਜਪਾ ਆਗੂ ਵਾਰ-ਵਾਰ ਇਸ ਗੱਠਜੋੜ 'ਤੇ ਹਮਲੇ ਕਰਦੇ ਦਿਖਾਈ ਦਿੱਤੇ। 

ਭਾਜਪਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂਆਂ ਦੇ ਚੇਹਰੇ 'ਤੇ ਵੀ ਚਿੰਤਾ ਨਜ਼ਰ ਆ ਰਹੀ ਹੈ। ਬਸਪਾ-ਸਪਾ ਦੇ ਗੱਠਜੋੜ ਦੇ ਐਲਾਨ ਤੋਂ ਬਾਅਦ ਅਗਲੇ ਦਿਨ ਕਾਂਗਰਸ ਦੇ ਲਖਨਊ ਵਿਖੇ ਹੈੱਡ ਆਫਿਸ 'ਚ ਕਾਂਗਰਸੀ ਵਰਕਰਾਂ ਦੀ ਰੌਣਕ ਗਾਇਬ ਨਜ਼ਰ ਆਈ।
ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਅਪ੍ਰੈਲ-ਮਈ 'ਚ ਹੋਣ ਜਾ ਰਹੀਆਂ ਲੋਕਸਭਾ ਚੋਣਾਂ ਵਿੱਚ ਇਸ ਵਾਰ ਰਾਜਨੀਤੀ ਦੇ ਨਵੇਂ ਰੰਗ ਦੇਖਣ ਨੂੰ ਮਿਲ ਸਕਦੇ ਹਨ। ਸਿਆਸੀ ਸਮੀਕਰਨ 2019 ਦੀਆਂ ਲੋਕਸਭਾ ਚੋਣਾਂ 'ਚ ਭਾਜਪਾ ਤੇ ਕਾਂਗਰਸ ਨੂੰ ਸੰਪੂਰਨ ਬਹੁਮਤ ਨਾ ਮਿਲਣ ਦੇ ਸੰਕੇਤ ਦੇ ਰਹੇ ਹਨ।

ਅਜਿਹੇ ਵਿੱਚ ਬਸਪਾ ਮੁਖੀ ਕੁਮਾਰੀ ਮਾਇਆਵਤੀ ਦੇ ਇਸ ਗੱਠਜੋੜ ਦੇ ਦਮ 'ਤੇ ਯੂਪੀ ਜਿੱਤਣ ਅਤੇ ਬਿਹਾਰ, ਪੱਛਮੀ ਬੰਗਾਲ, ਤੇਲੰਗਾਨਾ, ਕਰਨਾਟਕ, ਛੱਤੀਸਗੜ, ਹਰਿਆਣਾ ਤੇ ਪੰਜਾਬ ਤੋਂ ਗੈਰ ਭਾਜਪਾ-ਗੈਰ ਕਾਂਗਰਸ ਪਾਰਟੀਆਂ ਦੇ ਸਮਰਥਨ ਨਾਲ ਪ੍ਰਧਾਨ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ।
(ਲੋਕ ਲੀਡਰ ਡੈਸਕ)

Comments

Leave a Reply