Mon,Apr 22,2019 | 12:31:39am
HEADLINES:

Cultural

ਸਮਾਜਿਕ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਦੇ ਰਹੇ ਨੇ ਗ੍ਰਿਫਤਾਰ ਲੋਕ

ਸਮਾਜਿਕ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਦੇ ਰਹੇ ਨੇ ਗ੍ਰਿਫਤਾਰ ਲੋਕ

ਪੁਣੇ ਪੁਲਸ ਨੇ ਨਾਗਪੁਰ, ਮੁੰਬਈ ਤੇ ਦਿੱਲੀ ਪੁਲਸ ਨਾਲ ਮਿਲ ਕੇ 6 ਜੂਨ ਨੂੰ ਇੱਕ ਸੰਯੁਕਤ ਕਾਰਵਾਈ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਹੁਣ ਤੱਕ ਇਨ੍ਹਾਂ ਪੰਜਾਂ ਬਾਰੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਹਨ। ਕਦੇ ਪੁਲਸ ਨੇ ਭੀਮਾ ਕੋਰੇਗਾਓਂ ਵਿੱਚ ਇਨ੍ਹਾਂ ਪੰਜਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਤੇ ਕਦੇ ਇਨ੍ਹਾਂ ਨੂੰ ਨਕਸਲੀ ਦੱਸਿਆ ਅਤੇ ਜੋ ਸਭ ਤੋਂ ਨਵਾਂ ਦਾਅਵਾ ਪੁਲਸ ਨੇ ਇਨ੍ਹਾਂ ਪੰਜਾਂ ਬਾਰੇ ਕੀਤਾ ਹੈ, ਉਹ ਇਹ ਹੈ ਕਿ ਇਹ ਪੰਜ ਜਣੇ 'ਰਾਜੀਵ ਗਾਂਧੀ' ਵਾਂਗ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਕਰ ਰਹੇ ਸਨ।
 
ਭੀਮਾ ਕੋਰੇਗਾਓਂ ਹਿੰਸਾ ਤੋਂ ਬਾਅਦ ਦਾਖਲ ਕੀਤੀ ਗਈ ਸ਼ੁਰੂਆਤੀ ਐੱਫਆਈਆਰ ਵਿੱਚ ਬਦਲਾਅ ਕੀਤੇ ਗਏ ਹਨ ਅਤੇ ਉਸ ਵਿੱਚ ਗੈਰਕਾਨੂੰਨੀ ਗਤੀਵਿਧੀ (ਰੋਕੋ) ਕਾਨੂੰਨ ਤਹਿਤ ਕਈ ਸਖਤ ਧਾਰਾਵਾਂ ਲਗਾਈਆਂ ਗਈਆਂ ਹਨ।
 
ਜਿਨ੍ਹਾਂ 5 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਉਹ ਹਨ ਲੇਖਕ ਤੇ ਮੁੰਬਈ ਵਿਖੇ ਦਲਿਤ ਅਧਿਕਾਰ ਐਕਟੀਵਿਸਟ ਸੁਧੀਰ ਧਾਵਲੇ, ਨਾਗਪੁਰ ਦੇ ਵਕੀਲ ਸੁਰਿੰਦਰ ਗਾਡਲਿੰਗ, ਉਜਾੜੇ ਦੇ ਮੁੱਦਿਆਂ 'ਤੇ ਕੰਮ ਕਰਨ ਵਾਲੇ ਗੜਚਿਰੌਲੀ ਦੇ ਨੌਜਵਾਨ ਵਰਕਰ ਮਹੇਸ਼ ਰਾਉਤ, ਜਿਨ੍ਹਾਂ ਨੂੰ ਬੀਤੇ ਸਮੇਂ ਵਿੱਚ ਪ੍ਰਸਿੱਧ ਪ੍ਰਧਾਨ ਮੰਤਰੀ ਰੂਰਲ ਡੇਵਲਪਮੈਂਟ ਫੈਲੋਸ਼ਿਪ ਵੀ ਮਿਲ ਚੁੱਕੀ ਹੈ, ਨਾਗਪੁਰ ਯੂਨੀਵਰਸਿਟੀ 'ਚ ਅੰਗ੍ਰੇਜ਼ੀ ਸਾਹਿੱਤ ਵਿਭਾਗ ਦੀ ਮੁੱਖ ਪ੍ਰੋਫੈਸਰ ਸ਼ੋਮਾ ਸੇਨ ਤੇ ਦਿੱਲੀ ਦੇ ਸਮਾਜਿਕ ਵਰਕਰ ਰੋਨਾ ਵਿਲਸਨ, ਜੋ ਕਿ ਰਾਜਨੀਤਕ ਕੈਦੀਆਂ ਦੀ ਰਿਹਾਈ ਲਈ ਬਣੀ ਕਮੇਟੀ ਫਾਰ ਰਿਲੀਜ਼ ਆਫ ਪਾਲੀਟਿਕਲ ਪ੍ਰਿਜ਼ਨਰਸ-ਸੀਆਰਪੀਪੀ ਦੀ ਕੋਰ ਕਮੇਟੀ ਦੇ ਮੈਂਬਰ ਹਨ। ਇਨ੍ਹਾਂ ਪਿਛੋਕੜ 'ਤੇ ਇੱਕ ਨਜ਼ਰ ਪਾਉਂਦੇ ਹਾਂ:-
ਸੁਧੀਰ ਧਾਵਲੇ : ਖਾਮੋਸ਼ ਸੰਗਠਨਕਰਤਾ
ਨਾਗਪੁਰ ਦੀ ਅੰਬੇਡਕਰਵਾਦੀਆਂ ਦੀ ਜ਼ਿਆਦਾ ਆਬਾਦੀ ਵਾਲੇ ਖੇਤਰ ਦੀ ਝੁੱਗੀ ਇੰਦੌਰਾ ਦੇ ਇੱਕ ਦਲਿਤ ਪਰਿਵਾਰ ਵਿੱਚ ਜਨਮ ਲੈਣ ਵਾਲੇ 54 ਸਾਲ ਦੇ ਸੁਧੀਰ ਧਾਵਲੇ ਕਿਸੇ ਵੀ ਅੰਦੋਲਨ ਦੇ ਜ਼ਮੀਨ 'ਤੇ ਕੰਮ ਕਰਨ ਵਾਲੇ ਵਰਕਰ ਰਹੇ। ਆਪਣੀ ਲੀਡਰਸ਼ਿਪ ਸਮਰੱਥਾ ਤੋਂ ਜ਼ਿਆਦਾ ਆਪਣਾ ਤਾਲਮੇਲ ਬਿਠਾਉਣ ਲਈ ਜਾਣੇ ਜਾਂਦੇ ਸੁਧੀਰ ਮਹਾਰਾਸ਼ਟਰ ਵਿੱਚ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਅਤੇ ਫੈਕਟ ਫਾਇੰਡਿੰਗ ਕਮੇਟੀਆਂ ਦਾ ਹਿੱਸਾ ਰਹਿੰਦੇ ਹਨ।
 
2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਉਨ੍ਹਾਂ ਨੇ ਪੱਤ੍ਰਿਕਾ 'ਵਿਦ੍ਰੋਹੀ' ਕੱਢਣੀ ਸ਼ੁਰੂ ਕੀਤੀ ਅਤੇ 2006 ਵਿੱਚ ਮਹਾਰਾਸ਼ਟਰ ਦੇ ਵਿਦਰਭ ਖੇਤਰ ਦੇ ਖੈਰਲਾਂਜੀ ਵਿੱਚ ਇੱਕ ਪਰਿਵਾਰ ਦੇ ਚਾਰ ਲੋਕਾਂ ਦੀ ਹੱਤਿਆ ਤੋਂ ਬਾਅਦ ਰਾਜਨੀਤਕ-ਸੰਸਕ੍ਰਿਤਕ ਸੰਗਠਨ 'ਰਮਾਬਾਈ ਨਗਰ-ਖੈਰਲਾਂਜੀ ਹੱਤਿਆਕਾਂਡ ਵਿਰੋਧੀ ਸੰਘਰਸ਼ ਕਮੇਟੀ' ਦਾ ਗਠਨ ਕੀਤਾ।
 
ਹਾਲਾਂਕਿ ਇਹ ਸੰਗਠਨ ਕੁਝ ਸਮਾਂ ਹੀ ਚੱਲਿਆ। ਉਨ੍ਹਾਂ ਦੇ ਦੋਸਤ ਦੱਸਦੇ ਹਨ ਕਿ ਸੁਧੀਰ ਧਾਵਲੇ ਬਹੁਤ ਘੱਟ ਬੋਲਣ ਵਾਲੇ ਇਨਸਾਨ ਹਨ, ਜੋ ਕਿ ਬਹੁਤ ਘੱਟ ਉਮਰ ਵਿੱਚ ਹੀ ਰਾਜਨੀਤਕ ਸੋਚ-ਸਮਝ ਰੱਖਣ ਲੱਗੇ ਸਨ। ਆਪਣੀ ਜਵਾਨੀ ਦੇ ਦਿਨਾਂ ਵਿੱਚ ਉਹ ਸੀਪੀਆਈ (ਮਾਰਕਸਵਾਦੀ-ਲੇਨਿਨਵਾਦੀ) ਪੀਪੁਲਸ ਵਾਰ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਸਨ। ਉਸ ਸਮੇਂ ਇਹ ਇੱਕ ਪਾਬੰਦੀ ਵਾਲਾ ਸੰਗਠਨ ਨਹੀਂ ਹੋਇਆ ਕਰਦਾ ਸੀ। 1994 ਤੱਕ ਉਹ ਨਾਗਪੁਰ ਵਿਖੇ ਅੰਦੋਲਨ ਵਿੱਚ ਸਰਗਰਮ ਰਹੇ ਅਤੇ ਇਸ ਤੋਂ ਬਾਅਦ ਨੌਕਰੀ ਦੀ ਤਲਾਸ਼ ਵਿੱਚ ਮੁੰਬਈ ਆ ਗਏ।
 
ਮਰਾਠੀ ਫਿਲਮ ਕੋਰਟ ਦੇ ਮੁੱਖ ਹੀਰੋ ਤੇ ਲੰਮੇ ਸਮੇਂ ਤੋਂ ਧਾਵਲੇ ਦੇ ਦੋਸਤ ਵੀਰਾ ਸਤੀਧਰ ਧਾਵਲੇ ਦੇ ਰਾਜਨੀਤਕ ਜੀਵਨ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਉਹ ਕਰਕੇ ਸਿੱਖਣ ਦੇ ਦਿਨ ਸਨ। ਧਾਵਲੇ ਨੇ ਵਾਮਪੰਥੀ ਅੰਦੋਲਨ ਤੋਂ ਆਪਣੀ ਸ਼ੁਰੂਆਤ ਕੀਤੀ ਅਤੇ ਕਾਲਜ ਦੇ ਦਿਨਾਂ ਵਿੱਚ ਅਲੱਗ-ਅਲੱਗ ਵਾਮਪੰਥੀ ਰੁਝਾਨ ਵਾਲੇ ਸੰਸਕ੍ਰਿਤਕ ਤੇ ਰਾਜਨੀਤਕ ਸੰਗਠਨਾਂ ਨਾਲ ਜੁੜੇ ਰਹੇ, ਪਰ ਛੇਤੀ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਅੰਦੋਲਨ ਵਿੱਚ ਦਲਿਤਾਂ ਲਈ ਕੁਝ ਨਹੀਂ ਹੈ।
 
ਸਤੀਧਰ ਦੱਸਦੇ ਹਨ, ''ਉਨ੍ਹਾਂ ਨੂੰ ਆਪਣੀ ਦਲਿਤ ਪਛਾਣ ਤੇ ਸਾਡੇ ਜਾਤੀਗਤ ਸਮਾਜ ਅੰਦਰ ਦਲਿਤਾਂ ਨਾਲ ਜੁੜੇ ਮੁੱਦਿਆਂ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਸੀ। ਉਹ ਵਾਮਪੰਥੀ ਅੰਦੋਲਨ ਤੋਂ ਅਲੱਗ ਹੋ ਗਏ ਅਤੇ ਕਈ ਸਾਲਾਂ ਵਿੱਚ ਆਪਣੀ ਰਾਜਨੀਤਕ ਸਮਝ ਵਿਕਸਿਤ ਕੀਤੀ। ਉਨ੍ਹਾਂ ਦੀ ਪਤ੍ਰਿਕਾ ਵਿਦ੍ਰੋਹੀ ਦੀ ਸ਼ੁਰੂਆਤ ਚਾਰ ਪੇਜ਼ ਤੋਂ ਹੋਈ ਸੀ, ਪਰ ਛੇਤੀ ਹੀ ਇਹ ਅੱਠ ਪੇਜ਼ ਦੀ ਹੋ ਗਈ।''
 
ਸਮਾਜਿਕ ਅੰਦੋਲਨਾਂ ਦਾ ਹਿੱਸਾ ਰਹਿਣ ਕਾਰਨ ਧਾਵਲੇ ਦਾ ਸਰਕਾਰ ਤੇ ਪੁਲਸ ਨਾਲ ਹਮੇਸ਼ਾ ਵਾਹ ਪੈਂਦਾ ਰਿਹਾ। ਉਨ੍ਹਾਂ ਦੀ ਪਤ੍ਰਿਕਾ ਬੇਸ਼ੱਕ ਛੋਟੇ ਪੱਧਰ 'ਤੇ ਨਿੱਕਲਦੀ ਹੋਵੇ, ਪਰ ਉਹ ਸੱਤਾ ਨੂੰ ਨਾਰਾਜ਼ ਕਰਨ ਲਈ ਕਾਫੀ ਸੀ। 2 ਜਨਵਰੀ 2011 ਵਿੱਚ ਨਕਸਲ ਅੰਦੋਲਨ ਦੇ ਨਾਲ ਕਥਿਤ ਸਬੰਧ ਨੂੰ ਲੈ ਕੇ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ। ਮਾਮਲੇ ਵਿੱਚ ਗਲਤ ਜਾਂਚ ਤੇ ਬੇਬੁਨਿਆਦ ਸਬੂਤਾਂ ਨੂੰ ਟ੍ਰਾਇਲ ਕੋਰਟ ਨੇ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ 40 ਮਹੀਨੇ ਤੋਂ ਬਾਅਦ ਗੋਂਦੀਆ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
 
ਜੂਨ 2017 ਵਿੱਚ ਧਾਵਲੇ ਨੇ ਸਾਰੀਆਂ ਵਿਚਾਰਧਾਰਾਵਾਂ ਦੇ ਦਲਿਤ ਨੇਤਾਵਾਂ ਨੂੰ ਮੌਜੂਦਾ ਸਰਕਾਰ ਖਿਲਾਫ ਇੱਕ ਮੰਚ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਤੇ ਏਲਗਾਰ ਪ੍ਰੀਸ਼ਦ ਬਣਾਈ। ਉਨ੍ਹਾਂ ਨੇ ਯੋਜਨਾ ਬਣਾਈ ਕਿ ਏਲਗਾਰ ਪ੍ਰੀਸ਼ਦ ਦੌਰਾਨ ਸਿਰਫ ਦਲਿਤ ਤੇ ਬਹੁਜਨ ਹੀ ਮੁੱਖ ਮੰਚ 'ਤੇ ਦਿਖਾਈ ਦੇਣਗੇ। ਉਹ ਸੂਬਾ ਸਰਕਾਰ ਨੂੰ ਬਹੁਜਨਾਂ ਦੀ ਤਾਕਤ ਦਿਖਾਉਣਾ ਚਾਹੁੰਦੇ ਸਨ। ਉਹ ਇਸ ਵਿੱਚ ਸਫਲ ਰਹੇ।
 
ਸੁਰਿੰਦਰ ਗਾਡਲਿੰਗ : ਲੋਕਾਂ ਹਿੱਤਾਂ ਦਾ ਹਮਾਇਤੀ ਵਕੀਲ
ਨਾਗਪੁਰ ਵਿੱਚ ਧਾਵਲੇ ਵਰਗੇ ਮਾਹੌਲ ਵਿੱਚ ਜਨਮ ਲੈਣ ਵਾਲੇ 47 ਸਾਲ ਦੇ ਸੁਰਿੰਦਰ ਗਾਡਲਿੰਗ ਦੀ ਜ਼ਿੰਦਗੀ ਵਿੱਚ ਹਰ ਫੈਸਲਾ 'ਰਾਜਨੀਤਕ' ਹੀ ਰਿਹਾ ਹੈ। ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਰੇਲਵੇ ਵਿੱਚ ਅਪ੍ਰੇਂਟਿਸ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਦੌਰਾਨ ਉਹ ਨਾਗਪੁਰ ਵਿੱਚ ਕਈ ਸਮਾਜਿਕ-ਸੰਸਕ੍ਰਿਤਕ ਅੰਦੋਲਨਾਂ ਵਿੱਚ ਹਿੱਸਾ ਲੈਂਦੇ ਰਹੇ।
 
ਛੇਤੀ ਹੀ ਉਨ੍ਹਾਂ ਨੇ ਆਪਣੇ ਦੋਸਤ ਲੋਕ ਗਾਇਕ ਸੰਭਾਜੀ ਭਗਤ ਤੇ ਮੁੰਬਈ ਦੇ ਕਵੀ ਤੇ ਸਮਾਜਿਕ ਵਰਕਰ ਵਿਲਾਸ ਘੋਗਰੇ ਦੇ ਨਾਲ ਮਿਲ ਕੇ ਨਾਟਕ ਮੰਚ ਸੰਗਠਨ ਦੀ ਸ਼ੁਰੂਆਤ ਕੀਤੀ। ਵਿਲਾਸ ਘੋਗਰੇ ਨੇ ਰਮਾਬਾਈ ਨਗਰ ਹੱਤਿਆਕਾਂਡ ਦੇ ਵਿਰੋਧ ਵਿੱਚ 1997 ਵਿੱਚ ਖੁਦਕੁਸ਼ੀ ਕਰ ਲਈ ਸੀ। ਇਹ ਨਾਟਕ ਮੰਚ ਨਾਗਪੁਰ ਦੀਆਂ ਬਸਤੀਆਂ ਵਿੱਚ ਸੰਸਕ੍ਰਿਤਕ ਪ੍ਰੋਗਰਾਮ ਕਰਦਾ ਸੀ, ਜਿਸ ਵਿੱਚ ਆਪਣੇ ਅਧਿਕਾਰ ਤੇ ਅੱਤਿਆਚਾਰ ਬਾਰੇ ਗੱਲ ਹੁੰਦੀ ਸੀ।
 
ਬਹੁਤ ਛੇਤੀ ਹੀ ਇਸ ਮੰਚ ਨੂੰ ਅਹਿਸਾਸ ਹੋ ਗਿਆ ਕਿ ਉਨ੍ਹਾਂ ਨੂੰ ਇਸ ਤੋਂ ਹੋਰ ਜ਼ਿਆਦਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੇ ਸਾਥੀ ਐਡਵੋਕੇਟ ਨਿਹਾਲ ਸਿੰਘ ਰਾਠੌੜ ਦੱਸਦੇ ਹਨ, ''ਉਹ ਕਾਨੂੰਨ 'ਤੇ ਗੱਲ ਕਰਨ ਲੱਗੇ ਸਨ। ਕਿਉਂਕਿ ਗਾਡਲਿੰਗ ਦੀ ਮਜ਼ਦੂਰਾਂ ਤੇ ਆਮ ਲੋਕਾਂ ਦੇ ਅਧਿਕਾਰਾਂ ਵਿੱਚ ਡੂੰਘੀ ਦਿਲਚਸਪੀ ਸੀ, ਇਸ ਲਈ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕਰਨ ਦਾ ਰਾਹ ਚੁਣਿਆ।''
 
ਸਮੇਂ ਦੇ ਨਾਲ ਗਾਡਲਿੰਗ ਗੈਰਕਾਨੂੰਨੀ ਢੰਗ ਨਾਲ ਕੀਤੀਆਂ ਹੱਤਿਆਵਾਂ, ਪੁਲਸ ਦੇ ਜ਼ੁਲਮ, ਝੂਠੇ ਮੁਕੱਦਮੇ ਤੇ ਆਪਣੇ ਇਲਾਕੇ ਵਿੱਚ ਦਲਿਤਾਂ ਤੇ ਆਦੀਵਾਸੀਆਂ 'ਤੇ ਹੋਣ ਵਾਲੇ ਅੱਤਿਆਚਾਰਾਂ ਖਿਲਾਫ ਲੜਨ ਵਾਲੇ ਇੱਕ ਮੁੱਖ ਸ਼ਖਸੀਅਤ ਬਣ ਗਏ। ਉਹ 'ਰਾਜਨੀਤਕ ਕੈਦੀਆਂ' ਦੇ ਤੌਰ 'ਤੇ ਪਛਾਣੇ ਜਾਣ ਵਾਲੇ ਲੋਕਾਂ ਦੇ ਵਕੀਲ ਦੇ ਤੌਰ 'ਤੇ ਪਹਿਲੀ ਪਸੰਦ ਬਣ ਗਏ।
 
ਆਪਣੀ ਗ੍ਰਿਫਤਾਰੀ ਦੇ ਸਮੇਂ ਉਹ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਐੱਨ ਸਾਈਂ ਬਾਬਾ ਦਾ ਮੁਕੱਦਮਾ ਲੜ ਰਹੇ ਸਨ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਨਕਸਲੀਆਂ ਨਾਲ ਸਬੰਧ ਹੋਣ ਕਾਰਨ ਜੇਲ ਵਿੱਚ ਬੰਦ ਰੱਖਿਆ ਗਿਆ ਹੈ। ਉਹ ਇਸ ਤਰ੍ਹਾਂ ਦੇ ਸਾਰੇ ਮੁਕੱਦਮੇ ਬਿਨਾਂ ਫੀਸ ਦੇ ਜਨਹਿੱਤ ਲਈ ਲੜਦੇ ਹਨ। ਗ੍ਰਿਫਤਾਰ ਸਾਰੇ ਪੰਜ ਲੋਕ ਗਾਡਲਿੰਗ ਨੂੰ ਜਾਣਦੇ ਹਨ, ਕਿਉਂਕਿ ਉਨ੍ਹਾਂ ਨੇ ਕਦੇ ਨਾ ਕਦੇ ਇਨ੍ਹਾਂ ਵਿੱਚੋਂ ਸਾਰਿਆਂ ਦਾ ਕੋਈ ਨਾ ਕੋਈ ਮੁਕੱਦਮਾ ਲੜਿਆ ਹੈ ਜਾਂ ਫਿਰ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਖਲ ਕਰਨ ਲਈ ਉਹ ਨਾਲ ਰਹੇ ਹਨ। 
 
ਮਹੇਸ਼ ਰਾਉਤ : ਆਦੀਵਾਸੀ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੇ
ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਲਾਖਨਪੁਰ ਪਿੰਡ ਵਿੱਚ 30 ਸਾਲ ਦੇ ਮਹੇਸ਼ ਰਾਉਤ ਦਾ ਜਨਮ ਹੋਇਆ ਸੀ। ਉਹ ਸਾਰੀ ਉਮਰ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹੇ ਤੇ ਉੱਥੇ ਹੀ ਵੱਡੇ ਹੋਏ। ਜਦੋਂ ਮਹੇਸ਼ ਰਾਉਤ ਸਕੂਲ ਵਿੱਚ ਸਨ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਗੜਚਿਰੌਲੀ ਦੇ ਵਾਡਸਾ ਪਿੰਡ ਵਿੱਚ ਆ ਕੇ ਰਹਿਣ ਲੱਗ ਗਿਆ ਸੀ। ਕੁਝ ਹੀ ਸਮੇਂ ਬਾਅਦ ਮਹੇਸ਼ ਰਾਉਤ ਤੇ ਉਨ੍ਹਾਂ ਦੀਆਂ ਦੋਵੇਂ ਭੈਣਾਂ ਨੂੰ ਅਲੱਗ-ਅਲੱਗ ਰਿਸ਼ਤੇਦਾਰਾਂ ਕੋਲ ਪੜ੍ਹਾਈ ਪੂਰੀ ਕਰਨ ਲਈ ਭੇਜ ਦਿੱਤਾ ਗਿਆ ਸੀ। 
 
ਰਾਉਤ ਦੇ ਦਾਦਾ ਇੱਕ ਸਥਾਨਕ ਨੇਤਾ ਸਨ। ਉਨ੍ਹਾਂ ਦੇ ਪਰਿਵਾਰ ਦੇ ਲੋਕ ਦੱਸਦੇ ਹਨ ਕਿ ਰਾਉਤ ਆਪਣੇ ਦਾਦਾ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਰਾਉਤ ਨੇ ਗੜਚਿਰੌਲੀ ਦੇ ਨਵੋਦਯ ਸਕੂਲ ਵਿੱਚ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਅੱਗੇ ਦੀ ਪੜ੍ਹਾਈ ਲਈ ਨਾਗਪੁਰ ਆ ਗਏ। 2009 ਵਿੱਚ ਉਨ੍ਹਾਂ ਨੇ ਮੁੰਬਈ ਦੇ ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸਿਜ਼ ਵਿੱਚ ਸੋਸ਼ਲ ਵਰਕ ਪੜ੍ਹਾਈ ਲਈ ਦਾਖਲਾ ਲਿਆ।
 
ਉਨ੍ਹਾਂ ਦੀ ਭੈਣ ਦੱਸਦੀ ਹੈ ਕਿ ਇੱਥੋਂ ਹੀ ਮਹੇਸ਼ ਰਾਉਤ ਦੀ ਸੋਚ ਬਦਲ ਗਈ। ਮਹੇਸ਼ ਰਾਉਤ ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸੇਜ਼ ਵਿੱਚ ਪ੍ਰਸਿੱਧ ਪ੍ਰਧਾਨ ਮੰਤਰੀ ਰੂਰਲ ਡੇਵਲਪਮੈਂਟ ਫੈਲੋਸ਼ਿਪ ਪਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਵਿੱਚੋਂ ਇੱਕ ਸਨ। 2011 ਤੋਂ ਹੁਣ ਤੱਕ ਗੜਚਿਰੌਲੀ ਦੇ ਜਿਨ੍ਹਾਂ ਆਦੀਵਾਸੀ ਖੇਤਰਾਂ ਵਿੱਚ ਮਹੇਸ਼ ਨੇ ਕੰਮ ਕੀਤਾ, ਉੱਥੇ ਵੀ ਉਨ੍ਹਾਂ ਦੇ ਸਮਰਥਨ ਵਿੱਚ ਹਸਤਾਖਰ ਮੁਹਿੰਮ ਚਲਾਈ ਜਾ ਰਹੀ ਹੈ। ਫੈਲੋਸ਼ਿਪ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਸੂਬੇ ਦੇ ਆਦੀਵਾਸੀ ਸਮਾਜ ਦੇ ਨਾਲ ਕੰਮ ਕਰਨ ਦਾ ਫੈਸਲਾ ਲਿਆ ਸੀ।
 
ਉਨ੍ਹਾਂ ਦੀ ਭੈਣ ਨੇ 'ਦ ਵਾਇਰ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ''ਰਾਉਤ ਨੂੰ ਅਲੱਗ-ਅਲੱਗ ਕਾਲਜਾਂ ਵਿੱਚ ਗੈਸਟ ਲੈਕਚਰ ਲਈ ਸੱਦਿਆ ਜਾਂਦਾ ਸੀ। ਉਸ ਤੋਂ ਉਨ੍ਹਾਂ ਨੂੰ ਥੋੜੇ-ਬਹੁਤ ਪੈਸੇ ਵੀ ਮਿਲ ਜਾਂਦੇ ਸਨ, ਪਰ ਜ਼ਿਆਦਾਤਰ ਉਹ ਆਪਣੀ ਆਰਥਿਕ ਜ਼ਰੂਰਤਾਂ ਲਈ ਸਾਡੇ 'ਤੇ ਨਿਰਭਰ ਸਨ। ਉਨ੍ਹਾਂ ਨੇ ਜਿਹੜਾ ਰਾਹ ਚੁਣਿਆ, ਸਾਨੂੰ ਉਸ 'ਤੇ ਮਾਣ ਹੈ।''
 
ਮਹੇਸ਼ ਰਾਉਤ ਦੇ ਕਰੀਬੀ ਰਹੇ ਵਕੀਲ ਤੇ ਸਮਾਜਿਕ ਵਰਕਰ ਲਾਲਸੂ ਨੋਗੋਟੀ ਕਹਿੰਦੇ ਹਨ ਕਿ ਮਹੇਸ਼ ਨੇ ਇਸ ਖੇਤਰ ਵਿੱਚ ਕਈ ਅੰਦੋਲਨਾਂ ਦੀ ਅਗਵਾਈ ਕੀਤੀ। ਖਾਸ ਤੌਰ 'ਤੇ ਸੁਰਾਜਗੜ ਮਾਈਨਿੰਗ ਪ੍ਰਾਜੈਕਟ ਖਿਲਾਫ ਹੋਏ ਅੰਦੋਲਨ ਦੀ। ਉਹ ਕਹਿੰਦੇ ਹਨ, ''ਉਨ੍ਹਾਂ ਨੇ ਸਿਰਫ ਸੰਵਿਧਾਨਕ ਤਰੀਕੇ ਨਾਲ ਆਪਣੀ ਲੜਾਈ ਲੜੀ ਹੈ। ਉਹ ਪੱਛੜੇ ਸਮਾਜ ਤੋਂ ਆਉਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਤੇ ਆਦੀਵਾਸੀਆਂ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ।''
 
ਇਸ ਖੇਤਰ ਵਿੱਚ ਆਪਣੇ ਕੰਮ ਤੇ ਪੁਲਸ ਪ੍ਰਸ਼ਾਸਨ ਨਾਲ ਲਗਾਤਾਰ ਸੰਘਰਸ਼ ਕਾਰਨ ਉਨ੍ਹਾਂ 'ਤੇ ਕਈ ਮੁਕੱਦਮੇ ਚੱਲ ਰਹੇ ਹਨ। ਮਹੇਸ਼ ਦੀ ਭੈਣ ਦਾ ਕਹਿਣਾ ਹੈ ਕਿ ਇਹ ਮਾਮਲਾ ਹੈਰਾਨ ਕਰਨ ਵਾਲਾ ਹੈ। ਇੱਕ ਆਦਮੀ ਜੋ ਸਮਾਜ ਦੇ ਵਿੱਚ ਕੰਮ ਕਰਨ ਵਿੱਚ ਲੱਗਾ ਹੋਇਆ ਹੈ, ਉਸ 'ਤੇ ਇਸ ਤਰ੍ਹਾਂ ਦੇ ਗੰਭੀਰ ਅਪਰਾਧਿਕ ਦੋਸ਼ ਲਗਾ ਦਿੱਤੇ ਗਏ ਹਨ। ਪਿਛਲੇ 6 ਮਹੀਨਿਆਂ ਤੋਂ ਮਹੇਸ਼ ਅਲਸਰੇਟਿਵ ਕੋਲਾਈਟਿਸ ਦਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੀ ਭੈਣ ਦੱਸਦੀ ਹੈ ਕਿ ਮਹੇਸ਼ ਜ਼ਿਆਦਾਤਰ ਘਰ 'ਤੇ ਹੀ ਰਹਿੰਦੇ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
 
ਰੋਨਾ ਵਿਲਸਨ : ਰਾਜਨੀਤਕ ਕੈਦੀਆਂ ਦੀ ਲੜਾਈ ਲੜਨ ਵਾਲਾ ਵਰਕਰ
ਕੇਰਲ ਦੇ ਕੋਲਮ ਜ਼ਿਲ੍ਹੇ ਦੇ 47 ਸਾਲ ਦੇ ਰੋਨਾ ਵਿਲਸਨ 90 ਦੇ ਦਹਾਕੇ ਦੇ ਆਖਰੀ ਸਮੇਂ ਤੋਂ ਦਿੱਲੀ ਵਿੱਚ ਰਹਿੰਦੇ ਆ ਰਹੇ ਹਨ। ਉਹ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਲਈ ਦਿੱਲੀ ਆਏ ਸਨ। ਛੇਤੀ ਹੀ ਉਹ ਇੱਥੇ ਇੱਕ ਵਰਕਰ ਦੇ ਤੌਰ 'ਤੇ ਕੰਮ ਕਰਨ ਲੱਗੇ ਸਨ। ਪ੍ਰਸਿੱਧ ਮਨੁੱਖੀ ਅਧਿਕਾਰ ਵਰਕਰ ਅਤੇ ਦੋ ਦਹਾਕਿਆਂ ਤੋਂ ਵਿਲਸਨ ਦੇ ਦੋਸਤ ਐੱਸਏਆਰ ਗਿਲਾਨੀ ਦੱਸਦੇ ਹਨ, ''ਰੋਨਾ ਵਿਲਸਨ ਜੇਐੱਨਯੂ ਵਿੱਚ ਪੜ੍ਹ ਰਹੇ ਸਨ। ਜਦੋਂ ਮੈਂ ਦਿੱਲੀ ਯੂਨੀਵਰਸਿਟੀ ਵਿੱਚ ਸੀ, ਸਾਡੇ ਸਰਕਿਲ ਵਿੱਚ ਕਈ ਵਿਦਿਆਰਥੀ ਵਰਕਰ ਸਨ। ਛੇਤੀ ਹੀ ਵਿਲਸਨ ਵੀ ਸਾਡੇ ਵਿੱਚੋਂ ਇੱਕ ਹੋ ਗਿਆ।''
 
ਗਿਲਾਨੀ ਰਾਜਨੀਤਕ ਕੈਦੀਆਂ ਦੀ ਰਿਹਾਈ ਲਈ ਬਣੀ ਕਮੇਟੀ (ਸੀਆਰਪੀਪੀ) ਦੇ ਸੰਸਥਾਪਕ ਹਨ। 2001 ਵਿੱਚ ਸੰਸਦ 'ਤੇ ਹੋਏ ਹਮਲਿਆਂ ਦੇ ਮਾਮਲੇ ਵਿੱਚ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੇ ਇਸਦੀ ਸਥਾਪਨਾ ਕੀਤੀ ਸੀ। ਗਿਲਾਨੀ ਦੱਸਦੇ ਹਨ, ''ਰੋਨਾ ਮੇਰੀ ਰਿਹਾਈ ਦੀ ਮੰਗ ਕਰਨ ਵਾਲਿਆਂ ਵਿੱਚ ਸਭ ਤੋਂ ਅੱਗੇ ਸਨ। ਜਦੋਂ ਮੇਰੀ ਰਿਹਾਈ ਹੋਈ ਤਾਂ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਦੂਜੇ ਰਾਜਨੀਤਕ ਕੈਦੀਆਂ, ਜਿਨ੍ਹਾਂ ਨੂੰ ਮੇਰੇ ਹੀ ਵਾਂਗ ਜੇਲ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਦੀ ਮਦਦ ਕਰਨ ਲਈ ਇੱਕ ਗਰੁੱਪ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਸਦੇ ਲਈ ਲੋਕਾਂ ਨਾਲ ਸੰਪਰਕ ਕਰਨ ਦੀ ਜ਼ਿੰਮੇਵਾਰੀ ਚੁੱਕੀ।''
 
ਸੀਆਰਪੀਪੀ ਹਰ ਸੂਬੇ ਵਿੱਚ ਕੰਮ ਕਰਦੀ ਹੈ ਅਤੇ ਉਨ੍ਹਾਂ ਮਾਮਲਿਆਂ ਨੂੰ ਦੇਖਦੀ ਹੈ, ਜਿੱਥੇ ਸੱਤਾ 'ਤੇ ਸਵਾਲ ਚੁੱਕਣ ਅਤੇ ਉਸਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਜੇਲ ਵਿੱਚ ਸੁੱਟ ਦਿੱਤਾ ਗਿਆ। ਭਗਤ ਸਿੰਘ ਦੇ ਭਤੀਜੇ ਜਗਮੋਹਨ ਸਿੰਘ ਵੀ ਇਸਦੀ ਕੋਰ ਕਮੇਟੀ ਦੇ ਮੈਂਬਰ ਹੈ। ਗਿਲਾਨੀ ਨੇ 'ਦ ਵਾਇਰ' ਨੂੰ ਦੱਸਿਆ ਕਿ ''ਮਹਾਰਾਸ਼ਟਰ ਵਿੱਚ ਏਲਗਾਰ ਪ੍ਰੀਸ਼ਦ ਪ੍ਰੋਗਰਾਮ ਨਾਲ ਰੋਨਾ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਸੱਚ ਤਾਂ ਇਹ ਹੈ ਕਿ ਉਹ ਕੁਝ ਮਹੀਨਿਆਂ ਤੋਂ ਸਰਗਰਮ ਨਹੀਂ ਸਨ ਅਤੇ ਇੰਗਲੈਂਡ ਦੀ ਇੱਕ ਯੂਨੀਵਰਸਿਟੀ ਵਿੱਚ ਆਪਣਾ ਇੱਕ ਰਿਸਰਚ ਪ੍ਰਪੋਜਲ ਭੇਜਣ ਦੀ ਤਿਆਰੀ ਵਿੱਚ ਲੱਗੇ ਹੋਏ ਸਨ। ਕਈ ਸਾਲਾਂ ਬਾਅਦ ਉਹ ਯੂਨੀਵਰਸਿਟੀ ਵਿੱਚ ਮੁੜ ਤੋਂ ਦਾਖਲਾ ਲੈਣਾ ਚਾਹੁੰਦੇ ਸਨ ਅਤੇ ਲੰਦਨ ਦੀ ਕਿਸੇ ਯੂਨੀਵਰਸਿਟੀ ਤੋਂ ਪੀਐੱਚਡੀ ਕਰਨ ਦੀ ਯੋਜਨਾ ਵਿੱਚ ਸਨ।''
 
ਸ਼ੋਮਾ ਸੇਨ : ਨਾਰੀਵਾਦੀ ਅੰਦੋਲਨਾਂ ਨਾਲ ਜੁੜੀ ਮਹਿਲਾ
ਪਿਛਲੇ ਇੱਕ ਮਹੀਨੇ ਤੋਂ 31 ਸਾਲ ਦੀ ਕੋਇਲ ਸੇਨ ਆਪਣੀ ਮਾਂ ਸ਼ੋਮਾ ਸੇਨ ਦੀ ਰਿਟਾਇਰਮੈਂਟ ਤੇ ਉਨ੍ਹਾਂ ਦੇ 60ਵੇਂ ਜਨਮਦਿਨ ਨੂੰ ਲੈ ਕੇ ਯੋਜਨਾਵਾਂ ਬਣਾ ਰਹੀ ਸੀ। ਉਹ ਕਹਿੰਦੀ ਹੈ, ''ਮੇਰੀ ਮਾਂ ਤਿੰਨ ਦਹਾਕਿਆਂ ਬਾਅਦ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਤੋਂ ਛੁੱਟੀ ਲੈਣ ਵਾਲੀ ਸੀ। ਅਸੀਂ ਸਾਰੇ ਇਸਨੂੰ ਲੈ ਕੇ ਬਹੁਤ ਖੁਸ਼ ਸਨ, ਪਰ 6 ਜੂਨ ਨੂੰ ਸ਼ੋਮਾ ਸੇਨ ਦੀ ਗ੍ਰਿਫਤਾਰੀ ਤੋਂ ਬਾਅਦ ਉਤਸਾਹ ਦਾ ਇਹ ਮਾਹੌਲ ਨਿਰਾਸ਼ਾ ਵਿੱਚ ਦਬਦੀਲ ਹੋ ਚੁੱਕਾ ਹੈ ਅਤੇ ਪਰਿਵਾਰ ਦੇ ਲੋਕ ਹੁਣ ਵਕੀਲਾਂ ਦੇ ਚੱਕਰ ਲਗਾ ਰਹੇ ਹਨ।''
 
ਨਾਗਪੁਰ ਯੂਨੀਵਰਸਿਟੀ ਦੇ ਅੰਗ੍ਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ 'ਤੇ ਕੰਮ ਕਰਨ ਵਾਲੇ ਸ਼ੋਮਾ ਆਪਣੇ ਕਾਲਜ ਦੇ ਦਿਨਾਂ ਤੋਂ ਕਈ ਮਹਿਲਾ ਅੰਦੋਲਨਾਂ ਨਾਲ ਜੁੜੇ ਰਹੇ ਹਨ। ਬੰਗਾਲੀ ਪਰਿਵਾਰ ਵਿੱਚ ਜਨਮ ਲੈਣ ਵਾਲੇ ਸ਼ੋਮਾ ਮੁੰਬਈ ਦੇ ਐਲਫੀਸਟਨ ਕਾਲਜ ਤੋਂ ਮਾਸਟਰ ਡਿਗਰੀ ਲੈਣ ਤੋਂ ਬਾਅਦ ਨਾਗਪੁਰ ਆ ਗਏ। ਉਨ੍ਹਾਂ ਨੇ ਨਾਗਪੁਰ ਤੋਂ ਹੀ ਐੱਮਫਿਲ ਤੇ ਪੈੱਚਡੀ ਕੀਤੀ।
 
ਕੋਇਲ ਕਹਿੰਦੀ ਹੈ ਕਿ ''2007 ਵਿੱਚ ਮੇਰੇ ਪਿਤਾ ਤੁਸ਼ਾਰ ਕਾਂਤ ਦੀ ਗ੍ਰਿਫਤਾਰੀ ਤੋਂ ਬਾਅਦ ਸਭ ਕੁਝ ਬਦਲ ਗਿਆ। ਮੇਰੇ ਮਾਤਾ-ਪਿਤਾ ਦੋਵੇਂ ਹੀ ਬਾਹਰੀ ਦੁਨੀਆ ਦੀਆਂ ਗਤੀਵਿਧੀਆਂ ਵਿੱਚ ਘੱਟ ਸਰਗਰਮ ਹੋਏ ਅਤੇ ਆਪਣੇ ਸਿੱਖਿਆ ਤੇ ਟ੍ਰਾਂਸਲੇਸ਼ਨ ਦੇ ਕੰਮਾਂ ਵਿੱਚ ਰੁੱਝੇ ਰਹਿਣ ਲੱਗੇ।'' 6 ਜੂਨ ਨੂੰ ਜਦੋਂ ਉਨ੍ਹਾਂ ਦੀ ਮਾਂ ਦੀ ਗ੍ਰਿਫਤਾਰੀ ਹੋਈ ਤਾਂ ਉਸ ਸਮੇਂ ਕੋਇਲ ਮੁੰਬਈ ਵਿੱਚ ਸੀ।
 
ਕੋਇਲ ਦੱਸਦੀ ਹੈ, ''ਮੈਂ ਘੱਟ ਉਮਰ ਵਿੱਚ ਹੀ ਆਪਣੇ ਪਰਿਵਾਰ ਵਿੱਚ ਬਹੁਤ ਕੁਝ ਹੁੰਦਾ ਦੇਖਿਆ ਹੈ। ਮੇਰੇ ਪਿਤਾ 'ਤੇ ਨਕਸਲ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਅਤੇ ਉਹ 4 ਸਾਲ ਜੇਲ੍ਹ ਵਿੱਚ ਰਹੇ, ਪਰ 2011 ਵਿੱਚ ਜਦੋਂ ਬਰੀ ਹੋ ਗਏ, ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਲਿਖਣ ਤੇ ਟ੍ਰਾਂਸਲੇਸ਼ਨ ਦੇ ਕੰਮ ਵਿੱਚ ਕੇਂਦਰਿਤ ਕਰ ਲਿਆ।'' ਕੋਇਲ ਦੱਸਦੀ ਹੈ ਕਿ ਉਨ੍ਹਾਂ ਦੇ ਮਾਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਮਨੁੱਖੀ ਅਧਿਕਾਰ ਮੀਟਿੰਗਾਂ-ਪ੍ਰੋਗਰਾਮਾਂ ਵਿੱਚ ਕਾਫੀ ਸਰਗਰਮ ਸਨ।
 
ਪਿਛਲੇ ਕਈ ਸਾਲਾਂ ਵਿੱਚ ਉਨ੍ਹਾਂ ਦੀ ਸਰਗਰਮੀ ਘੱਟ ਹੋ ਗਈ ਸੀ। ਉਹ ਰਿਟਾਇਰਮੈਂਟ ਤੋਂ ਬਾਅਦ ਇੱਕ ਸ਼ਾਂਤ ਤੇ ਆਰਾਮ ਵਾਲੀ ਜ਼ਿੰਦਗੀ ਜਿਊਣ ਬਾਰੇ ਸੋਚ ਰਹੇ ਸਨ। ਦੂਜੇ ਗ੍ਰਿਫਤਾਰ ਲੋਕਾਂ ਵਾਂਗ ਹੀ ਸ਼ੋਮਾ ਸੇਨ ਦਾ ਵੀ ਭੀਮਾ ਕੋਰੇਗਾਓਂ ਦੀ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੋਇਲ ਦੱਸਦੀ ਹੈ, ''ਮੇਰੇ ਮਾਤਾ-ਪਿਤਾ ਇਸ ਅੰਦੋਲਨ ਦੇ ਨਾਲ ਸਮਰਥਨ ਵਿੱਚ ਹਨ, ਬੱਸ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ।''
-ਧੰਨਵਾਦ ਸਮੇਤ ਸੁਕੰਨਿਆ ਸ਼ਾਂਤਾ/ਦ ਵਾਇਰ

Comments

Leave a Reply