Mon,Apr 22,2019 | 08:30:21am
HEADLINES:

Cultural

ਸਮਾਜਵਾਦ ਲਈ ਖੂਨੀ ਕ੍ਰਾਂਤੀ ਦੇ ਪੱਖ 'ਚ ਨਹੀਂ ਸਨ ਬਾਬਾ ਸਾਹਿਬ ਅੰਬੇਡਕਰ

ਸਮਾਜਵਾਦ ਲਈ ਖੂਨੀ ਕ੍ਰਾਂਤੀ ਦੇ ਪੱਖ 'ਚ ਨਹੀਂ ਸਨ ਬਾਬਾ ਸਾਹਿਬ ਅੰਬੇਡਕਰ

ਭਾਰਤ ਵਰਗੇ ਦੇਸ਼ ਵਿਚ ਅੰਬੇਡਕਰਵਾਦ ਬਨਾਮ ਸਾਮਵਾਦ (ਸਮਾਜਵਾਦ) ਵਿਸ਼ੇ 'ਤੇ ਬਹਿਸ ਕਰਨ ਤੋਂ ਪਹਿਲਾਂ ਸਾਨੂੰ ਇਨ੍ਹਾਂ ਦੋਵੇਂ ਵਿਚਾਰਧਾਰਾਵਾਂ ਦੇ ਸਿਧਾਂਤ ਤੇ ਇਤਿਹਾਸ ਨੂੰ ਜਾਨਣਾ ਜਰੂਰੀ ਹੈ। ਭਾਰਤ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ 19ਵੀਂ ਸ਼ਤਾਬਦੀ ਵਿੱਚ ਜਨਮੇ ਸਮਾਜਵਾਦ ਦੇ ਜਨਕ ਕਾਰਲ ਮਾਰਕਸ (ਜਨਮ 1818) ਦੀ 1883 ਨੂੰ ਹੋਈ ਮੌਤ ਦੇ 8 ਸਾਲ ਬਾਅਦ 14  ਅਪ੍ਰੈਲ 1891 ਨੂੰ ਹੋਇਆ।

ਬਾਬਾ ਸਾਹਿਬ ਨੇ ਆਪਣੇ ਜੀਵਨ ਵਿੱਚ ਸਮਾਜਵਾਦ ਦੇ ਸਿਧਾਤਾਂ ਦੇ ਨਾਲ ਕਿਸ ਤਰ੍ਹਾਂ ਦੇ ਪ੍ਰਯੋਗ ਕੀਤੇ ਤੇ ਉਨ੍ਹਾਂ ਨੂੰ ਕੀ ਹਾਸਿਲ ਹੋਇਆ, ਇਸ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਇੰਨਾ ਹੀ ਨਹੀਂ ਬਾਬਾ ਸਾਹਿਬ ਦਾ ਬੁੱਧ ਤੇ ਕਾਰਲ ਮਾਰਕਸ ਦੇ ਥੀਸਿਸ ਦਾ ਵਿਸ਼ਲੇਸ਼ਣ ਕੀਤੇ ਬਿਨ੍ਹਾਂ ਅਸੀਂ ਉਪਰੋਕਤ ਵਿਸ਼ੇ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝ ਪਾਉਣ ਦੇ ਸਮਰਥ ਨਹੀਂ ਹੋ ਸਕਾਂਗੇ।

ਸਭ ਤੋਂ ਪਹਿਲਾਂ ਬਾਬਾ ਸਾਹਿਬ ਦੇ ਸਮਾਜਵਾਦ ਦੇ ਸਿਧਾਂਤ ਬਾਰੇ ਜੋ ਵਿਚਾਰ ਹਨ, ਅਸੀਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।ਬਾਬਾ ਸਾਹਿਬ ਦੀ ਸਮਾਜਵਾਦ ਦੀ ਵਿਚਾਰਧਾਰਾ ਵਿੱਚ ਬੁੱਧ ਧੰਮ ਦੀ ਵਿਚਾਰਧਾਰਾ ਰਚੀ ਹੋਈ ਮਿਲਦੀ ਹੈ। ਬਾਬਾ ਸਾਹਿਬ ਅੰਬੇਡਕਰ ਮਾਰਕਸਵਾਦੀ ਨਹੀਂ ਸਨ। ਜਿਸ ਪਰਿਪੇਖ ਵਿੱਚ ਸਮਾਜਵਾਦ ਦੀ ਕਾਰਲ ਮਾਰਕਸ ਨੇ ਵਿਆਖਿਆ ਕੀਤੀ, ਬਾਬਾ ਸਾਹਿਬ ਸਮਾਜਵਾਦ ਦੇ ਇਸ ਸਿਧਾਂਤ ਦੀ ਇਸ ਵਿਆਖਿਆ ਨਾਲ ਸਹਿਮਤ ਨਹੀਂ ਸਨ।

ਉਹ ਅਮਰੀਕਾ ਦੇ ਫੇਬੀਅਨ ਮੱਤ ਦੀ ਵਿਚਾਰਧਾਰਾ ਨਾਲ ਸਹਿਮਤ ਸਨ। ਫੇਬੀਅਨ ਮੱਤ ਦਾ ਸਮਾਜਵਾਦ ਕਾਰਲ ਮਾਰਕਸ ਦੇ ਸਮਾਜਵਾਦ ਤੋਂ ਵੱਖ ਸੀ, ਜਿਸਦੇ ਮੁਤਾਬਕ ਸਮਾਜਵਾਦ ਵਿਕਾਸ ਦੇ ਜਰੀਏ ਲਿਆਇਆ ਜਾ ਸਕਦਾ ਹੈ ਅਤੇ ਇਸਦੇ ਲਈ ਖੂਨੀ ਕ੍ਰਾਂਤੀ ਦੀ ਜਰੂਰਤ ਨਹੀਂ। 

ਬਾਬਾ ਸਾਹਿਬ ਦਾ ਕਹਿਣਾ ਸੀ ਕਿ ਭਾਰਤ ਵਿੱਚ ਸ਼ੋਸ਼ਿਤ ਸਮਾਜ ਦੀ ਸਥਿਤੀ ਯੂਰੋਪ, ਰੂਸ, ਫਰਾਂਸ ਅਤੇ ਚੀਨ ਜਿਹੇ ਦੋ ਵਰਗ ਵਾਲੇ ਸਮਾਜ ਦੀ ਤਰ੍ਹਾਂ ਨਹੀਂ ਹੈ। ਇਨ੍ਹਾਂ ਦੇਸ਼ਾ ਵਿੱਚ ਸਿਰਫ ਦੋ ਵਰਗ ਮਜ਼ਦੂਰ ਤੇ ਮਾਲਕ (ਪੂੰਜੀਪਤੀ) ਹੀ ਹਨ। ਭਾਰਤ ਵਿੱਚ ਜਾਤੀ ਹੈ, ਜਦਕਿ ਵਿਦੇਸ਼ਾਂ ਵਿੱਚ ਵਰਗ ਹਨ। ਜਾਤੀ ਕਿਸੇ ਵੀ ਨਜ਼ਰੀਏ ਤੋਂ ਵਰਗ ਜਾਂ ਜਮਾਤ ਦੇ ਬਰਾਬਰ ਨਹੀਂ ਹੈ। ਸਿਧਾਂਤਕ ਤੇ ਵਿਵਹਾਰਕ ਰੂਪ ਵਿੱਚ ਭਾਰਤ ਵਿੱਚ ਜੇਕਰ ਬ੍ਰਾਹਮਣ ਜਾਤੀ ਦਾ ਵਿਅਕਤੀ ਆਰਥਿਕ ਤੌਰ 'ਤੇ ਗਰੀਬ ਹੈ ਤਾਂ ਉਸਦਾ ਕਿਸੇ ਵੀ ਤਰ੍ਹਾਂ ਨਾਲ ਕਿਸੇ ਹੋਰ ਜਾਤੀ ਦੇ ਗਰੀਬ-ਲਾਚਾਰ ਵਿਅਕਤੀ ਨਾਲ ਸਮਾਜਿਕ ਭਾਈਚਾਰਾ ਸਥਾਪਿਤ ਨਹੀਂ ਹੁੰਦਾ।

ਇਸ ਤਰ੍ਹਾਂ ਗਰੀਬੀ ਦੇ ਆਧਾਰ 'ਤੇ ਉੱਚ ਜਾਤੀ ਨਾਲ ਸਬੰਧਤ ਗਰੀਬਾਂ ਤੇ ਦਲਿਤ-ਪਛੜੇ ਵਰਗ ਦੇ ਗਰੀਬਾਂ ਦੀ ਕੋਈ ਜਮਾਤ ਨਹੀਂ ਬਣਦੀ। ਇਸੇ ਤਰ੍ਹਾਂ ਹੀ ਪੂੰਜੀਪਤੀ ਬ੍ਰਾਹਮਣ ਦੀ ਦਲਿਤ-ਪਛੜੇ ਵਰਗ ਨਾਲ ਸਬੰਧਿਤ ਪੂੰਜੀਪਤੀ ਲੋਕਾਂ ਨਾਲ ਇੱਕ ਜਮਾਤ ਨਹੀਂ ਬਣਦੀ। 

ਇਸ ਤਰ੍ਹਾਂ ਭਾਰਤ ਵਿੱਚ ਜਮਾਤ ਤੇ ਜਾਤੀ ਦੀ ਪਰਿਕਲਪਨਾ ਦੂਸਰੇ ਦੇਸ਼ਾਂ ਤੋਂ ਬਿਲਕੁਲ ਅਲੱਗ ਹੈ। ਫਿਰ ਵੀ ਬਾਬਾ ਸਾਹਿਬ ਫੇਬਿਅਨ ਵਿਚਾਰਧਾਰਾ ਤੇ ਬੁੱਧ ਦੇ ਸਮਾਜਵਾਦ ਦੇ ਦਰਸ਼ਨ ਤੋਂ ਪ੍ਰਭਾਵਿਤ ਹੁੰਦੇ ਹੋਏ ਤੇ ਕਾਰਲਸ ਮਾਰਕਸ ਦੇ ਸਿਧਾਂਤ ਨਾਲ ਸਹਿਮਤ ਨਾ ਹੁੰਦੇ ਹੋਏ ਵੀ ਮਾਰਕਸਵਾਦ ਨੂੰ ਗੰਭੀਰਤਾ ਨਾਲ ਲੈਂਦੇ ਸਨ।

ਇਸਨੂੰ ਜ਼ਿੰਦਗੀ ਭਰ ਲਏ ਫੈਸਲਿਆਂ ਲਈ ਪੈਮਾਨਾ ਮੰਨਦੇ ਰਹੇ। ਉਨ੍ਹਾਂ ਨੇ ਆਪਣੇ ਲੇਖ 'ਭਾਰਤ ਵਿੱਚ ਜਾਤੀਆਂ' ਵਿੱਚ ਜਾਤੀ ਨੂੰ ਬੰਦ ਜਮਾਤ ਕਿਹਾ ਸੀ। ਜਾਤੀ ਭਾਰਤ ਦੀ ਸਰਵ ਵਿਆਪਕ ਸੱਚਾਈ ਸੀ ਤੇ ਹੈ ਅਤੇ ਇਸਦਾ ਵਰਗ ਦੀ ਨਜ਼ਰ ਤੋਂ ਵਿਸ਼ਲੇਸ਼ਣ ਹੋਣਾ ਜ਼ਰੂਰੀ ਹੈ, ਜਿਸਨੂੰ ਬਾਬਾ ਸਾਹਿਬ ਨੇ ਵਧੀਆ ਤਰੀਕੇ ਨਾਲ ਕੀਤਾ ਹੈ। ਬਾਬਾ ਸਾਹਿਬ ਅੰਬੇਡਕਰ ਬੁੱਧ ਕਾਲ ਦੇ ਲੋਕਤੰਤਰ ਦੇ ਹਮਾਇਤੀ ਸਨ।
ਉਸ ਸਮੇਂ ਭਾਰਤ ਵਿੱਚ 14 ਰਾਜਤੰਤਰ ਰਾਜ ਤੇ ਚਾਰ ਗਣਰਾਜ ਸਨ। ਬੁੱਧ ਸ਼ਾਕਯ ਸੀ ਤੇ ਸ਼ਾਕਯੋਂ ਦਾ ਰਾਜ ਗਣਰਾਜ ਸੀ।

ਬਾਬਾ ਸਾਹਿਬ ਬੁੱਧ ਨੂੰ ਆਪਣਾ ਅਧਿਆਤਮਕ ਮਾਰਗ ਦਰਸ਼ਕ ਮੰਨਦੇ ਸਨ, ਜੋ ਖੁਦ (ਬੁੱਧ) ਜੀਵਨ ਭਰ ਲੋਕਤੰਤਰ ਦੇ ਰੂਪ ਵਿੱਚ ਹਿੰਸਾ ਤੇ ਤਾਨਾਸ਼ਾਹੀ ਮੁਕਤ ਸਮਾਜਵਾਦ ਸਥਾਪਿਤ ਕਰਨ ਵਿੱਚ ਯਤਨਸ਼ੀਲ ਰਹੇ। ਬਾਬਾ ਸਾਹਿਬ ਸਮਾਜਵਾਦ ਸਥਾਪਿਤ ਕਰਨ ਲਈ ਕਿਸੇ ਵੀ ਖੂਨੀ ਕ੍ਰਾਂਤੀ ਤੇ ਤਾਨਾਸ਼ਾਹੀ ਦੇ ਪੱਖ ਵਿਚ ਨਹੀਂ ਸਨ। ਇਸਦੇ ਸਥਾਨ 'ਤੇ ਉਹ ਅਜਿਹੀ ਲੋਕਤੰਤਰਿਕ ਵਿਵਸਥਾ ਦੇ ਪੱਖ ਵਿਚ ਸਨ, ਜਿਸ ਨਾਲ ਸਮਾਜ ਵਿੱਚ ਆਰਥਿਕ ਸਮਾਨਤਾ ਦੇ ਨਾਲ ਨਾਲ ਸਮਾਜਿਕ ਸਮਾਨਤਾ 'ਤੇ ਆਧਾਰਿਤ ਸਮਾਜਵਾਦ ਸਥਾਪਿਤ ਕੀਤਾ ਜਾ ਸਕੇ। ਕਾਰਲ ਮਾਰਕਸ ਵਲੋਂ ਦਿੱਤਾ ਗਿਆ ਸਮਾਜਵਾਦ ਦਾ ਸਿਧਾਂਤ ਵਿਸ਼ਵ ਸਮਾਜਵਾਦ ਦੀ ਪਰਿਕਲਪਨਾ ਦੇ ਹੇਠਾਂ ਲਿਖੇ ਸਿਧਾਂਤਾਂ 'ਤੇ ਅਧਾਰਿਤ ਹੈ। 
-ਫਿਲਾਸਫੀ ਦਾ ਉਦੇਸ਼ ਵਿਸ਼ਵ ਦਾ ਪੁਨਰ ਨਿਰਮਾਣ ਕਰਨਾ ਹੈ, ਬ੍ਰਹਿਮੰਡ ਦੀ ਵਿਆਖਿਆ ਕਰਨਾ ਨਹੀਂ ਹੈ।
-ਜੋ ਸ਼ਕਤੀਆਂ ਇਤਿਹਾਸ ਦੀ ਦਿਸ਼ਾ ਨਿਸ਼ਚਿਤ ਕਰਦੀਆਂ ਹਨ, ਉਹ ਮੁੱਖ ਤੌਰ 'ਤੇ ਆਰਥਿਕ ਹੁੰਦੀਆਂ ਹਨ।
-ਸਮਾਜ ਦੋ ਵਰਗਾਂ ਵਿੱਚ ਵੰਡਿਆ ਹੁੰਦਾ ਹੈ- ਮਾਲਕ ਤੇ ਮਜ਼ਦੂਰ। ਇਨ੍ਹਾਂ ਦੋਨਾਂ ਵਿੱਚ ਹਮੇਸ਼ਾ ਸੰਘਰਸ਼ ਚਲਦਾ ਰਹਿੰਦਾ ਹੈ। 
-ਮਾਲਕ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਨ। ਉਤਪਾਦਨ ਦੇ ਸਾਧਨਾਂ ਦਾ ਰਾਸ਼ਟਰੀਕਰਨ ਕਰਕੇ, ਨਿੱਜੀ ਸੰਪਤੀ ਨੂੰ ਖਤਮ ਕਰਕੇ ਸ਼ੋਸ਼ਣ ਨੂੰ ਖਤਮ ਕੀਤਾ ਜਾ ਸਕਦਾ ਹੈ। ਸ਼ੋਸ਼ਣ ਮਜ਼ਦੂਰਾਂ ਨੂੰ ਕਮਜ਼ੋਰ ਬਣਾ ਦਿੰਦਾ ਹੈ।
-ਮਜ਼ਦੂਰਾਂ ਦੇ ਹੁੰਦੇ ਸ਼ੋਸ਼ਣ ਕਾਰਨ ਉਨ੍ਹਾਂ ਵਿੱਚ ਕ੍ਰਾਂਤੀ ਦੀ ਭਾਵਨਾ ਪੈਦਾ ਹੋ ਰਹੀ ਹੈ ਤੇ ਇਸ ਨਾਲ ਵਰਗ ਸੰਘਰਸ਼ ਪੈਦਾ ਹੋ ਰਿਹਾ ਹੈ। 
-ਕਿਉਂਕਿ ਮਜ਼ਦੂਰਾਂ ਦੀ ਸੰਖਿਆ ਮਾਲਕਾਂ ਦੇ ਨਾਲੋਂ ਜ਼ਿਆਦਾ ਹੈ, ਇਸ ਲਈ ਮਜ਼ਦੂਰਾਂ ਵਲੋਂ ਰਾਜ ਸ਼ਕਤੀ ਨੂੰ ਆਪਣੇ ਹੱਥਾਂ ਵਿੱਚ ਲੈਣਾ ਨਿਸ਼ਚਿਤ ਹੈ। ਇਸਨੂੰ ਕਾਰਲ ਮਾਰਕਸ ਨੇ ਸਰਵਹਾਰਾ ਵਰਗ (ਮਜ਼ਦੂਰ) ਦੀ ਤਾਨਾਸ਼ਾਹੀ ਦੇ ਨਾਂ ਨਾਲ ਘੋਸ਼ਿਤ ਕੀਤਾ ਹੈ। ਮਤਲਬ ਕਿ ਕਾਰਲ ਮਾਰਕਸ ਦਾ ਸਮਾਜਵਾਦ ਮਜ਼ਦੂਰਾਂ (ਸਰਵਹਾਰਾ ਸਮਾਜ) ਦੀ ਤਾਨਾਸ਼ਾਹੀ ਹੈ, ਜੋ ਕਿ ਜਮਾਤੀ ਸੰਘਰਸ਼ ਦੀ ਹਿੰਸਾ ਦੇ ਨਤੀਜੇ ਵਜੋਂ ਸਥਾਪਿਤ ਹੋਵੇਗੀ। 

ਕਾਰਲ ਮਾਰਕਸ ਦੇ ਇਸ ਤਰ੍ਹਾਂ ਦੇ ਸਿਧਾਂਤ ਬਾਰੇ ਬਾਬਾ ਸਾਹਿਬ ਦਾ ਕਹਿਣਾ ਸੀ ਕਿ ਲੋਕਤੰਤਰ ਦੀ ਸੁੱਰਖਿਆ ਲਈ ਤਾਨਾਸ਼ਾਹੀ (ਮੌਜੂਦਾ ਸਮੇਂ ਵਿਚ ਕਰਫਿਊ) ਕੁਝ ਸਮੇਂ ਲਈ ਤਾਂ ਠੀਕ ਹੋ ਸਕਦੀ ਹੈ, ਪਰ ਸਥਾਈ ਤੌਰ 'ਤੇ ਤਾਨਾਸ਼ਾਹੀ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਬਾਬਾ ਸਾਹਿਬ ਦਾ ਕਹਿਣਾ ਸੀ ਕਿ ਗੌਤਮ ਬੁੱਧ ਦੇ ਸਮਾਜਵਾਦ ਵਿੱਚ ਜੋ ਸਾਧਨ ਅਪਣਾਏ ਗਏ ਹਨ, ਉਨ੍ਹਾਂ ਦਾ ਮਕਸਦ ਮਨੁੱਖ ਦੀ ਮਾਨਸਿਕਤਾ ਵਿੱਚ ਬਦਲਾਅ ਕਰਨਾ ਹੈ, ਜਿਸ ਜ਼ਰੀਏ ਸਮਾਜ ਦਾ ਬਦਲਾਅ ਹੋਣਾ ਹੈ, ਜਦਕਿ ਕਾਰਲ ਮਾਰਕਸ ਨੂੰ ਮੰਨਣ ਵਾਲੇ ਸਮਾਜਵਾਦੀ ਲੋਕਾਂ ਵਲੋਂ ਹਿੰਸਾ ਤੇ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਨੂੰ ਸਮਰਥਨ ਦਿੱਤਾ ਜਾਂਦਾ ਹੈ। 

ਬਾਬਾ ਸਾਹਿਬ ਮੁਤਾਬਕ ਬੁੱਧ ਹਿੰਸਾ ਦੇ ਵਿਰੁੱਧ ਸਨ, ਪਰ ਨਿਆਂ ਦੇ ਪੱਖ ਵਿੱਚ ਸਨ। ਨਿਆਂ ਦੇ ਲਈ ਬੱਲ ਦਾ ਪ੍ਰਯੋਗ ਕੀਤਾ ਜਾ ਸਕਦਾ ਸੀ। ਬੁੱਧ ਮੁਤਾਬਕ ਹਿੰਸਾ ਦਾ ਪੂਰੀ ਤਰ੍ਹਾਂ ਤਿਆਗ ਨਹੀਂ ਕੀਤਾ ਜਾ ਸਕਦਾ ਹੈ। ਬਾਬਾ ਸਾਹਿਬ ਬੁੱਧ ਦੇ ਇਸ ਮੱਤ ਨਾਲ ਸਹਿਮਤ ਸਨ ਕਿ ਅਪਰਾਧੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਨਿਰਦੋਸ਼ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਜੋ ਵਿਅਕਤੀ ਨਿਆਂ ਤੇ ਸੁਰੱਖਿਆ ਲਈ ਲੜਦਾ ਹੈ, ਉਸਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਹੈ। ਸਮਾਜਵਾਦੀ ਧਰਮ ਨੂੰ ਅਭਿਸ਼ਾਪ ਮੰਨਦੇ ਹਨ ਤੇ ਉਹ ਸਮਾਜਵਾਦ ਦੇ ਲਈ ਇਸ ਲਈ ਮਦਦਗਾਰ ਹੋਣ ਵਾਲੇ ਧਰਮਾਂ ਨੂੰ ਵੀ ਸਮਝਣ ਲਈ ਤਿਆਰ ਨਹੀਂ ਹਨ। 

ਉਹ ਆਪਣੀ ਧਰਮ ਪ੍ਰਤੀ ਨਫਰਤ ਨੂੰ ਬੁੱਧ ਧਰਮ ਤੱਕ ਲੈ ਆਉਂਦੇ ਹਨ, ਜਦਕਿ ਬਾਬਾ ਸਾਹਿਬ ਬੁੱਧ ਦੇ ਪੈਰੋਕਾਰ ਹੋਣ ਕਰਕੇ ਭਾਰਤ ਦੇ ਨਾਲ ਵਿਸ਼ਵ 'ਚ ਵੀ ਰਾਜ ਦੀ ਸਥਾਪਨਾ ਲਈ ਬੁੱਧ ਦੇ ਸਿਧਾਂਤਾਂ 'ਤੇ ਆਧਾਰਿਤ ਲੋਤੰਤਰਿਕ ਵਿਵਸਥਾ ਦੇ ਪੱਖ ਵਿਚ ਸਨ। ਉਨ੍ਹਾਂ ਮੁਤਾਬਕ ਗੌਤਮ ਬੁੱਧ ਪੂਰੀ ਤਰ੍ਹਾਂ ਸਮਾਜਵਾਦੀ ਸਨ। ਭਿਖੂ ਸੰਘ ਦਾ ਸੰਵਿਧਾਨ ਸਭ ਤੋਂ ਲੋਕਤੰਤਰਿਕ ਸਿਧਾਂਤ ਸੀ। ਉਨ੍ਹਾਂ ਤਾਨਾਸ਼ਾਹ ਬਣਨ ਤੇ ਉਨ੍ਹਾਂ ਤੋਂ ਬਾਅਦ ਤਾਨਾਸ਼ਾਹ ਨਿਯੁਕਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਧੰਮ ਸੰਘ ਨੂੰ ਹੀ ਸਰਵਉੱਚ ਸੈਨਾਪਤੀ (ਸ਼ਾਸਕ) ਦੱਸਿਆ।

ਭਾਰਤ ਵਿੱਚ ਸਮਾਜਵਾਦ ਦਾ ਇਤਿਹਾਸ- ਕਿਸੇ ਵੀ ਨੇਤਾ, ਅੰਦੋਲਨ ਮਤਲਬ, ਅੰਦੋਲਨਕਾਰੀ ਦਾ ਇਤਿਹਾਸ ਉਸ ਨੇਤਾ ਤੇ ਅੰਦੋਲਨ ਦਾ ਭਵਿੱਖ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਰਤ ਵਿੱਚ ਸਮਾਜਵਾਦ ਤੇ ਸਮਾਜਵਾਦੀਆਂ ਦੇ ਇਤਿਹਾਸ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਤਥਾਕਥਿਤ ਉੱਚ ਜਾਤੀ ਦੇ ਲੋਕਾਂ ਦੇ ਹੱਥਾਂ ਵਿੱਚ ਹੀ ਰਿਹਾ ਹੈ ਤੇ ਇਸ ਕਾਰਨ ਇਹ ਵੀ ਜਾਤੀ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਿਆ ਹੈ।

ਨਰਿੰਦਰ ਭੱਟਾਚਾਰੀਆ (ਬ੍ਰਾਹਮਣ) ਨੂੰ ਐੱਮਐੱਨ ਰਾਏ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਸਨੇ 1920 ਵਿੱਚ ਤਾਸ਼ਕੰਦ (ਰੂਸ) ਵਿੱਚ ਭਾਰਤੀ ਕਮਿਯੂਨਿਸਟ ਪਾਰਟੀ ਦੀ ਸਥਾਪਨਾ ਕੀਤੀ, ਜਿਸਦੀ ਕੇਂਦਰੀ ਕਮੇਟੀ ਦੇ 7 ਮੈਂਬਰਾਂ ਵਿੱਚੋਂ 5 ਮੈਂਬਰ ਬ੍ਰਾਹਮਣ ਅਤੇ 2 ਮੈਂਬਰ ਮੁਸਲਮਾਨ ਸਨ। ਐੱਮਐੱਨ ਰਾਏ ਨੂੰ ਪਾਰਟੀ ਨੇ ਪਾਰਟੀ ਵਿਰੋਧੀ ਦੋਸ਼ਾਂ ਦੇ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਭਾਰਤ ਆਉਣ 'ਤੇ ਉਸਨੂੰ 6 ਸਾਲ ਦੀ ਸਜ਼ਾ ਹੋਈ, ਜਿਸਨੂੰ ਅੰਗਰੇਜ਼ਾਂ ਨੇ ਅੱਧੀ ਕਰ ਦਿੱਤਾ ਸੀ।  ਜੇਲ੍ਹ ਵਿੱਚੋਂ ਨਿਕਲਣ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੰਗਰੇਜਾਂ ਨਾਲ ਸਹਿਯੋਗ ਕਰਨ ਲੱਗਾ। 

ਕਮਿਊਨਿਸਟ ਨੇਤਾ ਮੁਜੱਫਰ ਅਹਿਮਦ ਮੁਤਾਬਕ ਲਗਭਗ ਸਾਰੇ ਬ੍ਰਾਹਮਣ ਨੇਤਾ ਸ਼ੋਸ਼ਿਤ ਸਮਾਜ ਦੇ ਲਈ ਨਹੀਂ, ਬਲਕਿ ਬ੍ਰਿਟਿਸ਼ ਸੱਤ੍ਹਾ ਦੇ ਲਈ ਕੰਮ ਕਰਦੇ ਸਨ। ਅਹਿਮਦ ਨੇ ਇਹ ਵੀ ਕਿਹਾ ਕਿ ਐੱਸਏ ਡਾਂਗੇ ਦੇ ਪੱਤਰ 28-7-1924 ਮੁਤਾਬਕ ਉਸਨੇ ਆਪਣੀਆਂ ਸੇਵਾਵਾਂ ਅੰਗਰੇਜ਼ੀ ਪੁਲਸ ਵਿਭਾਗ ਨੂੰ ਦਿੱਤੀਆਂ ਸਨ। ਇਸ ਤੋਂ ਸਾਫ ਹੈ ਕਿ  ਭਾਰਤ ਵਿੱਚ ਸਮਾਜਵਾਦੀ ਅੰਦੋਲਨ ਨਾਲ ਜੁੜੇ ਅਖੌਤੀ ਉੱਚ ਵਰਗ ਨਾਲ ਸਬੰਧਤ ਲੋਕ ਕਾਰਲ ਮਾਰਕਸ ਦੇ ਸਿਧਾਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਿਸ ਤਰ੍ਹਾਂ ਪੂੰਜੀਪਤੀਆਂ ਤੇ ਅਖੌਤੀ ਉੱਚ ਵਰਗ ਦੇ ਸਮਰਥਨ ਵਿੱਚ ਸਨ। ਭਾਰਤ ਵਿੱਚ ਸਮਾਜਵਾਦੀਆਂ ਵਿੱਚ ਸ਼ਾਮਲ ਇਨ੍ਹਾਂ ਨੇਤਾਵਾਂ ਨੇ ਸਦਾ ਹੀ ਬੇਇਨਸਾਫੀ ਕੀਤੀ ਹੈ।  
-ਸੁਭਾਸ਼ ਚੰਦ ਮੁਸਾਫਿਰ

Comments

Leave a Reply